ਫਰਿਜ਼ਨੋ ਦੇ ਪੰਜਾਬੀ ਡਾਕਟਰ ‘ਤੇ 68 ਮਿਲੀਅਨ ਡਾਲਰ ਦਾ ਜੁਰਮਾਨਾ

ਫਰਿਜ਼ਨੋ, 21 ਮਾਰਚ (ਪੰਜਾਬ ਮੇਲ)- ਸਥਾਨਕ ਸਰਜਨ ਡਾ. ਪਰਵੇਜ਼ ਚੌਧਰੀ ਨੂੰ ਫਰਿਜ਼ਨੋ ਕਾਊਂਟੀ ਜਿਊਰੀ ਵੱਲੋਂ 68 ਮਿਲੀਅਨ ਡਾਲਰ ਦਾ ਜੁਰਮਾਨਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਾਕਿਸਤਾਨੀ ਮੂਲ ਦੇ ਇਸ ਪੰਜਾਬੀ ਡਾਕਟਰ ਨੇ ਕੁਝ ਸਮਾਂ ਪਹਿਲਾਂ ਇੱਕ ਅਮਰੀਕੀ ਨਾਗਰਿਕ ਦੀ ਦਿਲ ਦੀ ਸਰਜਰੀ ਕਰਨ ਮੌਕੇ ਅਣਗਹਿਲੀ ਦਿਖਾਈ, ਜਿਸ ਕਰਕੇ ਮਰੀਜ਼ ਦੇ ਪਰਿਵਾਰ ਵਲੋਂ ਡਾਕਟਰ ਤੇ ਮੁਕੱਦਮਾ ਕਰ ਦਿੱਤਾ ਗਿਆ। ਜੱਜਾਂ ਦੇ ਫੈਸਲੇ ਅਨੁਸਾਰ ਡਾ. ਪਰਵੇਜ਼ ਚੌਧਰੀ ਨੂੰ 68 ਮਿਲੀਅਨ ਡਾਲਰ ਦਾ ਜੁਰਮਾਨਾ ਭਰਨ ਨੂੰ ਕਿਹਾ ਹੈ, ਤਾਂਕਿ ਮਰੀਜ਼ ਦੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਪਤਾ ਲੱਗਿਆ ਹੈ ਕਿ 57 ਸਾਲਾ ਡਾ. ਪਰਵੇਜ਼ ਚੌਧਰੀ ਕੋਰਟ ਦੀ ਤਰੀਕਾਂ ਤੋਂ ਗੈਰ ਹਾਜ਼ਰ ਰਿਹਾ ਅਤੇ ਇਹ ਫੈਸਲਾ ਉਸ ਦੀ ਗੈਰਹਾਜ਼ਰੀ ‘ਚ ਹੀ ਜੱਜ ਵੱਲੋਂ ਦਿੱਤਾ ਗਿਆ। ਉਹ ਕੇਸ ਸ਼ੁਰੂ ਹੋਣ ਦੇ ਤੁਰੰਤ ਬਾਅਦ ਪਾਕਿਸਤਾਨ ਚਲਿਆ ਗਿਆ ਸੀ, ਜਿੱਥੇ ਉਸਦਾ ਬਾਕੀ ਪਰਿਵਾਰ ਵੀ ਰਹਿੰਦਾ ਹੈ। ਹੁਣ ਦੇਖਣਾ ਇਹ ਹੈ ਕਿ ਅਮਰੀਕੀ ਸਰਕਾਰ ਉਸ ਨੂੰ ਵਾਪਸ ਅਮਰੀਕਾ ਲਿਆਉਣ ਵਿਚ ਕਾਮਯਾਬ ਹੁੰਦੀ ਹੈ ਕਿ ਨਹੀਂ।
————————-