ਫਰਿਜ਼ਨੋ ‘ਚ ਮੈਕਸੀਕਨ ਬੱਚਿਆਂ ਨੂੰ ਬਚਾਉਂਦਿਆਂ ਪੰਜਾਬ ਨੌਜਵਾਨ ਦੀ ਮੌਤ

103
Share

ਫਰਿਜ਼ਨੋ, 12 ਅਗਸਤ (ਪੰਜਾਬ ਮੇਲ)- ਫਰਿਜ਼ਨੋ ਦੇ ਲਾਗਲੇ ਸ਼ਹਿਰ ਰੀਡਲੀ ਵਿਖੇ 29 ਸਾਲਾ ਪੰਜਾਬੀ ਨੌਜਵਾਨ ਮਨਜੀਤ ਸਿੰਘ ਕਿੰਗਜ਼ ਰਿਵਰ ‘ਚ ਡੁੱਬਦੇ ਤਿੰਨ ਮੈਕਸੀਕਨ ਮੂਲ ਦੇ ਬੱਚਿਆਂ ਨੂੰ ਬਚਾਉਂਦਾ ਆਪ ਡੁੱਬ ਗਿਆ ਅਤੇ ਜਾਨ ਤੋਂ ਹੱਥ ਧੋ ਬੈਠਾ। ਜਾਣਕਾਰੀ ਮੁਤਾਬਕ ਤਿੰਨ ਬੱਚੇ ਰਿਵਰ ਵਿਚੋਂ ਮਦਦ ਲਈ ਪੁਕਾਰ ਰਹੇ ਸਨ ਅਤੇ ਮਨਜੀਤ ਸਿੰਘ ਨੇ ਇਨ੍ਹਾਂ ਦੀ ਹਾਲ ਦੁਹਾਈ ਸੁਣਕੇ ਕਿੰਗਜ਼ ਰਿਵਰ ‘ਚ ਛਾਲ ਮਾਰ ਦਿੱਤੀ। ਦੋ ਬੱਚਿਆਂ ਨੂੰ ਇਸ ਨੇ ਸੁਰੱਖਿਅਤ ਬਾਹਰ ਕੱਢ ਲਿਆ ਤੇ ਤੀਸਰੇ ਨੂੰ ਲੱਭਦਾ ਖੁਦ ਡੁੱਬ ਗਿਆ। ਤੀਜਾ ਬੱਚਾ 15 ਮਿੰਟ ਬਾਅਦ ਲੱਭਾ, ਜਿਹੜਾ ਵੈਲੀ ਚਿਲਡਰਨਜ਼ ਹਸਪਤਾਲ ਵਿਖੇ ਮੌਤ ਨਾਲ ਲੜਾਈ ਲੜ ਰਿਹਾ ਹੈ। ਮਨਜੀਤ ਸਿੰਘ ਦੋ ਸਾਲ ਪਹਿਲਾਂ ਭਾਰਤ ਤੋਂ ਅਮਰੀਕਾ ਆਇਆ ਸੀ ਅਤੇ ਫਰਿਜ਼ਨੋ ਦੇ ਟਰੱਕ ਡਰਾਈਵਿੰਗ ਸਕੂਲ ਤੋਂ ਟਰੱਕ ਦਾ ਲਾਇਸੰਸ ਲੈਣ ਲਈ ਕਲਾਸਾਂ ਲਾ ਰਿਹਾ ਸੀ। ਮਨਜੀਤ ਸਿੰਘ ਦੀ ਮੌਤ ਕਾਰਨ ਜਿੱਥੇ ਪੰਜਾਬੀ ਭਾਈਚਾਰਾ ਸੋਗ ‘ਚ ਡੁੱਬਿਆ ਹੋਇਆ ਹੈ, ਉਥੇ ਮਨਜੀਤ ਦੇ ਕਾਰਨਾਮੇ ਦੀ ਗੋਰੇ ਵੀ ਸਿਫਤ ਕਰ ਰਹੇ ਹਨ। ਮਨਜੀਤ ਸਿੰਘ ਨੇ ਆਪਣੀ ਜਾਨ ਦੇ ਕੇ ਪੰਜਾਬੀਆਂ ਦਾ ਨਾਮ ਅਮਰੀਕਨ ਭਾਈਚਾਰੇ ‘ਚ ਉੱਚਾ ਕੀਤਾ ਹੈ। ਮਨਜੀਤ ਸਿੰਘ ਦੀ ਮੌਤ ‘ਤੇ ਜਿੱਥੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਉਥੇ ਜਾਨ ਦੇ ਕੇ ਇਨਸਾਨੀਅਤ ਨੂੰ ਬਚਾਉਣ ਵਾਲੀ ਸਿੱਖੀ ਪ੍ਰੰਪਰਾ ਦੀਆਂ ਗੱਲਾਂ ਵੀ ਹੋ ਰਹੀਆਂ ਹਨ। ਮਨਜੀਤ ਦੀ ਲਾਸ਼ ਨੂੰ ਭਾਰਤ ਭੇਜਣ ਦੇ ਖਰਚੇ ਦੀ ਪੂਰਤੀ ਲਈ ਪਰਿਵਾਰ ਦੀ ਸਹਾਇਤਾ ਲਈ ਇੱਕ ਗੋਫੰਡਮ ਪੇਜ ਵੀ ਸਥਾਪਤ ਕੀਤਾ ਗਿਆ ਹੈ, ਜਿਸ ਵਿਚ ਸੋਮਵਾਰ ਸਵੇਰ ਤੱਕ 123,137 ਡਾਲਰ ਇਕੱਠੇ ਕੀਤੇ ਜਾ ਚੁੱਕੇ ਸਨ।


Share