ਫਰਿਜ਼ਨੋ ‘ਚ ਦਰਦਨਾਕ ਹਾਦਸੇ ਦੌਰਾਨ ਟਰੱਕ ਨੂੰ ਅੱਗ ਲੱਗਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

114
Share

ਫਰਿਜ਼ਨੋ, 26 ਅਗਸਤ (ਕੁਲਵੰਤ/ਨੀਟਾ/ਪੰਜਾਬ ਮੇਲ)- ਅਮਰੀਕਾ ‘ਚ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਇਕ ਤੋਂ ਬਾਅਦ ਇਕ ਉਦਾਸ ਕਰਨ ਵਾਲੀਆਂ ਖਬਰਾਂ ਪ੍ਰਾਪਤ ਹੋ ਰਹੀਆਂ ਹਨ। ਹਾਲੇ ਕੁੱਝ ਦਿਨ ਪਹਿਲਾਂ ਹੀ ਤਿੰਨ ਮੈਕਸੀਕਨ ਮੂਲ ਦੀਆਂ ਬੱਚੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਪੰਜਾਬੀ ਨੌਜਵਾਨ ਮਨਜੀਤ ਸਿੰਘ ਦੀ ਮੌਤ ਹੋ ਗਈ ਸੀ ਤੇ ਉਥੇ ਹੀ ਫਰਿਜ਼ਨੋ ਤੋਂ ਇਕ ਹੋਰ ਪੰਜਾਬੀ ਨੌਜਵਾਨ ਮੁਖਤਿਆਰ ਸਿੰਘ ਧਾਲੀਵਾਲ ਦੀ ਸੜਕ ਹਾਦਸੇ ‘ਚ ਮੌਤ ਹੋ ਜਾਣ ਦੀ ਖਬਰ ਨੇ ਪੰਜਾਬੀ ਭਾਈਚਾਰੇ ਦੇ ਕਾਲਜੇ ਫਿਰ ਤੋਂ ਵਲੂੰਧਰ ਸੁੱਟੇ ਹਨ।
ਜਾਣਕਾਰੀ ਮੁਤਾਬਕ ਰੋਜ਼ੀ-ਰੋਟੀ ਕਮਾਉਣ ਲਈ ਅਮਰੀਕਾ ਆਏ ਮੁੱਖਤਿਆਰ ਸਿੰਘ ਧਾਲੀਵਾਲ ਦੀ ਉਮਰ ਕਰੀਬ 38 ਸਾਲ ਸੀ ਅਤੇ ਉਹ ਫਰਿਜ਼ਨੋ ਸ਼ਹਿਰ ‘ਚ ਪਿਛਲੇ ਲੰਮੇ ਸਮੇਂ ਤੋਂ ਪਰਿਵਾਰ ਸਮੇਤ ਰਹਿ ਰਿਹਾ ਸੀ ਅਤੇ ਟਰੱਕ ਚਲਾਉਣ ਦਾ ਕੰਮ ਕਰਦਾ ਸੀ। ਮੁੱਖਤਿਆਰ ਸਿੰਘ ਧਾਲੀਵਾਲ ਪਿਛਲੇ ਦਿਨੀਂ ਜਦੋਂ ਅਮਰੀਕਾ ਦੀ ਐਰੀਜੋਨਾ ਸਟੇਟ ‘ਚ ਫਰੀਵੇਅ 40 ਦੇ 39 ਮੀਲ ਮਾਰਕਰ ਲਾਗੇ ਡੈਲਸ ਨੂੰ ਲੋਡ ਕਰ ਕੇ ਲੈ ਜਾ ਰਿਹਾ ਸੀ ਤਾਂ ਅਚਾਨਕ ਟਰੱਕ ਦਾ ਅਗਲਾ ਟਾਇਰ ਫਟ ਗਿਆ, ਜਿਸ ਕਾਰਨ ਟਰੱਕ ਘਿਸੜਦਾ ਹੋਇਆ ਫਰੀਵੇਅ ਦੇ ਵਿਚਾਲੇ ਖਤਾਨਾਂ ‘ਚ ਜਾ ਡਿੱਗਿਆ। ਇਸ ਦੌਰਾਨ ਟਰੱਕ ਦੇ ਡੀਜ਼ਲ ਟੈਂਕ ਫਟ ਗਏ ਤੇ ਟਰੱਕ ਨੂੰ ਅੱਗ ਲੱਗ ਗਈ। ਮੁਖ਼ਤਿਆਰ ਦੀ ਇਸ ਹਾਦਸੇ ‘ਚ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਮੁੱਖਤਿਆਰ ਸਿੰਘ ਧਾਲੀਵਾਲ ਪੰਜਾਬ ਦੇ ਪਿੰਡ ਲੋਪੋ, ਜ਼ਿਲਾ ਮੋਗਾ ਦਾ ਰਹਿਣ ਵਾਲਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ, ਦੋ ਬੱਚੇ, ਪਿਤਾ ਅਤੇ ਭਰਾ ਨੂੰ ਛੱਡ ਗਿਆ ਹੈ। ਇਸ ਦੁੱਖਦਾਈ ਖ਼ਬਰ ਕਾਰਨ ਜਿੱਥੇ ਉਸ ਦੇ ਸਹੁਰਾ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਉੱਥੇ ਫਰਿਜ਼ਨੋ ਦਾ ਪੂਰਾ ਪੰਜਾਬੀ ਭਾਈਚਾਰਾ ਵੀ ਸੋਗ ‘ਚ ਡੁੱਬਿਆ ਹੋਇਆ ਹੈ।


Share