ਫਰਿਜ਼ਨੋ, 29 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ’ਚ ਹੁੰਦੇ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸੜਕ ਦੁਰਘਟਨਾ ਦੇ ਇੱਕ ਤਾਜਾ ਮਾਮਲੇ ਵਿਚ ਸ਼ਨੀਵਾਰ ਦੇਰ ਰਾਤ ਉੱਤਰ ਪੱਛਮੀ ਫਰਿਜ਼ਨੋ ਵਿਚ ਤਿੰਨ ਵਾਹਨਾਂ ਦਰਮਿਆਨ ਹੋਈ ਟੱਕਰ ਵਿਚ ਚਾਰ ਲੋਕਾਂ ਦੀ ਮੌਤ ਹੋਣ ਦੀ ਮੰਦਭਾਗੀ ਘਟਨਾ ਵਾਪਰੀ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਤਿੰਨ ਕਾਰਾਂ ਦੀ ਟੱਕਰ ਦਾ ਇਹ ਹਾਦਸਾ ਪਾਮ ਤੇ ਬੁਲਾਰਡ ਖੇਤਰ ’ਚ ਵਾਪਰਿਆ ਅਤੇ ਪੁਲਿਸ ਨੇ ਇਸਦੀ ਸੂਚਨਾ ਮਿਲਣ ’ਤੇ ਘਟਨਾ ਸਥਾਨ ’ਤੇ ਪਹੁੰਚ ਕੇ ਹਾਦਸੇ ਦਾ ਜਾਇਜ਼ਾ ਲਿਆ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਵਾਹਨ ਇੱਕ ਮਲਬੇ ਦੇ ਢੇਰ ਵਿਚ ਬਦਲ ਗਏ ਸਨ। ਪੁਲਿਸ ਹਾਦਸੇ ਸੰਬੰਧੀ ਸਹੀ ਵੇਰਵਿਆਂ ਅਤੇ ਕਾਰਨਾਂ ਦੀ ਜਾਂਚ ਕਰ ਰਹੀ ਹੈ, ਪਰ ਅਧਿਕਾਰੀਆਂ ਅਨੁਸਾਰ ਇੱਕ ਕਾਲੀ ਫੋਰਡ ਮਸਟੈਂਗ ਦਾ ਡਰਾਈਵਰ ਬੁਲਾਰਡ ਦੇ ਪੱਛਮ ਵੱਲ ਜਾ ਰਿਹਾ ਸੀ ਅਤੇ ਪਾਮ ’ਚ ਲਾਲ ਬੱਤੀ ਤੋਂ ਗੱਡੀ ਭਜਾਉਣ ਦੀ ਕੋਸ਼ਿਸ਼ ਵਿਚ ਉਸਨੇ ਦੋ ਹੋਰ ਗੱਡੀਆਂ ਚਿੱਟੀ ਟੋਯੋਟਾ ਟੈਕੋਮਾ ਪਿਕਅਪ ਅਤੇ ਇੱਕ ਸਿਲਵਰ ਮਿੰਨੀ ਕੂਪਰ ਨੂੰ ਟੱਕਰ ਮਾਰ ਦਿੱਤੀ। ਫਰਿਜ਼ਨੋ ਪੁਲਿਸ ਦੇ ਲੈਫਟੀਨੈਂਟ ਜੋਰਡਨ ਬੇਕਫੋਰਡ ਨੇ ਇਸ ਹਾਦਸੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਿੱਟੀ ਪਿਕਅਪ ਦੇ ਅੰਦਰ ਮੌਜੂਦ ਪੰਜ ਲੋਕਾਂ ਵਿਚੋਂ ਦੋ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਤੀਜੇ ਵਿਅਕਤੀ ਨੂੰ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਲਿਜਾਇਆ ਗਿਆ ਪਰ ਬਾਅਦ ਵਿਚ ਉਸਦੀ ਵੀ ਮੌਤ ਹੋ ਗਈ। ਇਸਦੇ ਇਲਾਵਾ ਮਸਟੈਂਗ ਅੰਦਰ ਫਸੇ ਹੋਏ ਡਰਾਈਵਰ ਨੂੰ ਫਰਿਜ਼ਨੋ ਫਾਇਰ ਡਿਪਾਰਟਮੈਂਟ ਦੁਆਰਾ ਬਾਹਰ ਕੱਢ ਕੇ ਉਸਨੂੰ ਸੀ.ਆਰ.ਐੱਮ.ਸੀ. ਲਿਜਾਇਆ ਗਿਆ, ਜਿਥੇ ਉਸਦੀ ਵੀ ਮੌਤ ਹੋ ਗਈ। ਇਨ੍ਹਾਂ ਮਾਰੇ ਗਏ ਵਿਅਕਤੀਆਂ ਦੀ ਪਛਾਣ ਅਜੇ ਨਹੀਂ ਕੀਤੀ ਗਈ ਹੈ। ਇਸ ਹਾਦਸੇ ਦੀ ਸ਼ਿਕਾਰ ਤੀਜ਼ੀ ਕਾਰ ਮਿੰਨੀ ਕੂਪਰ ਦੀ ਡਰਾਈਵਰ 17 ਸਾਲਾਂ ਦੀ ਇੱਕ ਲੜਕੀ ਅਤੇ ਹੋਰ ਪੀੜਤਾਂ ਨੂੰ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ।¿; ਇਸ ਦਰਦਨਾਕ ਹਾਦਸੇ ’ਚ ਮਾਰੇ ਗਏ ਲੋਕਾਂ ਪ੍ਰਤੀ ਸੋਗ ਪ੍ਰਗਟ ਕਰਨ ਲਈ 30 ਦੇ ਕਰੀਬ ਲੋਕਾਂ ਦੇ ਸਮੂਹ ਨੇ ਚੌਂਕ ਨੇੜੇ ਮੋਮਬੱਤੀਆਂ ਆਦਿ ਜਗ੍ਹਾ ਕੇ ਸਰਧਾਂਜਲੀ ਭੇਂਟ ਕੀਤੀ।