ਫਰਿਜ਼ਨੋ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ‘ਤੇ 6 ਜ਼ਖਮੀਂ

ਫਰਿਜ਼ਨੋ, 20 ਨਵੰਬਰ (ਨੀਟਾ/ਕੁਲਵੰਤ/ਪੰਜਾਬ ਮੇਲ)- ਇੱਥੇ ਇਕ ਮਕਾਨ ਦੇ ਪਿੱਛੇ ਦੇ ਵਿਹੜੇ ‘ਚ ਫੁੱਟਬਾਲ ਮੈਚ ਦੇਖ ਰਹੇ ਲੋਕਾਂ ‘ਤੇ ਐਤਵਾਰ ਨੂੰ ਕੁਝ ਸ਼ੱਕੀਆਂ ਨੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਪੁਲਿਸ ਮੁਤਾਬਿਕ ਗੋਲੀਬਾਰੀ ਮੌਕੇ ਘਰ ਵਿਚ ਤਕਰੀਬਨ 35 ਲੋਕਾਂ ਮੌਜੂਦ ਸਨ।
ਫਰਿਜ਼ਨੋ ਪੁਲਿਸ ਨੇ ਕਿਹਾ ਕਿ ਐਤਵਾਰ ਰਾਤ ਤਕਰੀਬਨ 8.30 ਵਜੇ ਸੀਜਰ ਐਵੀਨਿਊ ਨੇੜੇ ਈਸਟ ਲਾਮੋਨਾ ਐਵੀਨਿਊ ਦੇ 5300 ਬਲਾਕ ‘ਤੇ ਇਕ ਘਰ ਦੇ ਪਿਛਲੇ ਹਿੱਸੇ ‘ਚ 10 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਫਰਿਜ਼ਨੋ ਦੇ ਉਪ ਪੁਲਿਸ ਪ੍ਰਮੁੱਖ ਮਾਈਕਲ ਰੀਡ ਨੇ ਪੱਤਰਕਾਰਾਂ ਨੂੰ ਕਿਹਾ, ”3 ਲੋਕਾਂ ਦੀ ਘਟਨਾਸਥਲ ‘ਤੇ ਹੀ ਮੌਤ ਹੋ ਗਈ। ਚੌਥੇ ਵਿਅਕਤੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਗੋਲੀਬਾਰੀ ‘ਚ ਜ਼ਖਮੀ ਹੋਏ 6 ਲੋਕਾਂ ਦਾ ਇਲਾਜ ਜਾਰੀ ਹੈ।” ਰੀਡ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਦੀ ਉਮਰ 25 ਤੋਂ 35 ਸਾਲ ਦੇ ਵਿਚਕਾਰ ਹੈ ਅਤੇ ਸਾਰੇ ਲੋਕ ਏਸ਼ੀਅਨ ਮੂਲ ਨਾਲ ਸਬੰਧਤ ਹਨ। ਉਨ੍ਹਾਂ ਨੇ ਕਿਹਾ, ”ਸਾਡੀ ਹਮਦਰਦੀ ਪੀੜਤਾਂ ਦੇ ਨਾਲ ਹੈ। ਅਸੀਂ ਅਪਰਾਧੀਆਂ ਨੂੰ ਨਿਆਂ ਦੇ ਦਾਇਰੇ ‘ਚ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।
ਰੀਡ ਨੇ ਕਿਹਾ ਇਹ ਸਪੱਸ਼ਟ ਨਹੀਂ ਹੈ ਕਿ ਗੋਲੀਬਾਰੀ ‘ਚ ਕਿੰਨੇ ਲੋਕ ਸ਼ਾਮਲ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਇਹ ਹਮਲਾ ਗਿਰੋਹ ਨਾਲ ਸਬੰਧਤ ਸੀ। ਪੁਲਿਸ ਬੁਲਾਰੇ ਬਿਲ ਡੂਲੇ ਨੇ ਦੱਸਿਆ ਕਿ ਅਧਿਕਾਰੀ ਸ਼ੱਕੀਆਂ ਦਾ ਪਤਾ ਲਗਾਉਣ ਲਈ ਸੀ.ਸੀ.ਟੀ.ਵੀ. ਫੁਟੇਜ ਅਤੇ ਗਵਾਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਰਕ ਰਹੇ ਹਨ।
ਫਰਿਜ਼ਨੋ ਪੁਲਿਸ ਲੈਫਟੀਨੈਂਟ ਬਿਲ ਡੂਲੇ ਨੇ ਕਿਹਾ ਕਿ ਇਹ ਇਕ ਵੱਡੇ ਹਾਦਸੇ ਵਾਲੀ ਘਟਨਾ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਅਧਿਕਾਰੀ ਮੌਕੇ ‘ਤੇ ਪਹੁੰਚੇ, ਤਾਂ ਉਨ੍ਹਾਂ ਨੇ ਕਈ ਲੋਕ ਮ੍ਰਿਤਕ ਪਾਏ। ਡੂਲੇ ਨੇ ਕਿਹਾ ਕਿ ਅਣਪਛਾਤੇ ਸ਼ੱਕੀ ਗੋਲੀਬਾਰੀ ਕਰਨ ਬਾਅਦ ਮੌਕੇ ਤੋਂ ਫਰਾਰ ਹੋ ਗਏ। ਘਟਨਾਸਥਲ ਦੇ ਨੇੜੇ ਰਹਿਣ ਵਾਲੇ ਚੌਆ ਕਾਂਗ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ‘ਚ ਇੱਥੇ ਗੋਲੀਬਾਰੀ ਦੀ ਇਹ ਦੂਜੀ ਘਟਨਾ ਹੈ।