ਫਰਿਜ਼ਨੋ ਕਾਉਂਟੀ ਕੋਰੋਨਾਵਾਇਰਸ ਲਾਗ ਦੇ ਫੈਲਣ ’ਚ ਸੰਯੁਕਤ ਰਾਜ ਦੇ ਮੈਟਰੋ ਖੇਤਰਾਂ ’ਚੋਂ ਹੈ ਸਭ ਤੋਂ ਮੋਹਰੀ

60
Share

ਫਰਿਜ਼ਨੋ, 23 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਕਈ ਸੂਬਿਆਂ ’ਚ ਵਾਇਰਸ ਦੀ ਲਾਗ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਲਗਾਤਾਰ ਵਧ ਰਹੀ ਲਾਗ ਦੇ ਮਾਮਲੇ ’ਚ ਕੈਲੀਫੋਰਨੀਆਂ ਰਾਜ ਦੀ ਫਰਿਜ਼ਨੋ ਕਾਉਂਟੀ ਦਾ ਨਾਮ ਸਭ ਤੋਂ ਅੱਗੇ ਆ ਰਿਹਾ ਹੈ। ਨਿਊਯਾਰਕ ਟਾਈਮਜ਼ ਦੁਆਰਾ ਸੋਮਵਾਰ ਨੂੰ ਕਰਵਾਏ ਗਏ ਇੱਕ ਵਿਸ਼ਲੇਸ਼ਣ ਅਨੁਸਾਰ, ਦੇਸ਼ ਦੇ ਮੈਟਰੋ ਖੇਤਰਾਂ ਵਿਚੋਂ ਫਰਿਜ਼ਨੋ ਕਾਉਂਟੀ ਕੋਰੋਨਾਵਾਇਰਸ ਮਹਾਂਮਾਰੀ ਦੇ ਤੇਜ਼ੀ ਨਾਲ ਫੈਲਣ ਵਿਚ ਪਹਿਲੇ ਸਥਾਨ ’ਤੇ ਹੈ। 50,000 ਜਾਂ ਇਸ ਤੋਂ ਵੱਧ ਵਸਨੀਕਾਂ ਵਾਲੇ ਮੈਟਰੋ ਖੇਤਰਾਂ ਦੀ ਸੂਚੀ ਵਿਚ ਫਰਿਜ਼ਨੋ ਕਾਉਂਟੀ ਲਗਭਗ ਦਸ ਲੱਖ ਦੀ ਵਸੋਂ ਨਾਲ ਵਾਇਰਸ ਦੇ ਤੇਜ਼ੀ ਨਾਲ ਫੈਲਣ ਦੀ ਸੂਚੀ ’ਚ ਸਿਖਰਲੇ 10 ਖੇਤਰਾਂ ’ਚ ਸਭ ਤੋਂ ਉੱਚੇ ਸਥਾਨ ’ਤੇ ਹੈ। ਇਸ ਵਿਸ਼ਲੇਸ਼ਣ ਅਨੁਸਾਰ ਫਰਿਜ਼ਨੋ ਵਿਚ ਇੱਕ ਹਫ਼ਤਾ ਪਹਿਲਾਂ 3,188 ਨਵੇਂ ਕੋਵਿਡ -19 ਕੇਸ ਦਰਜ਼ ਹੋਏ ਸਨ ਪਰ ਤਾਜ਼ਾ ਗਿਣਤੀ ਵਿਚ 11,672 ਕੇਸ ਸਾਹਮਣੇ ਆਏ ਹਨ, ਜੋ ਕਿ ਪ੍ਰਤੀ 100,000 ਨਿਵਾਸੀਆਂ ਪਿੱਛੇ 849 ਕੇਸਾਂ ਦਾ ਵਾਧਾ ਦਰਸਾਉਂਦੇ ਹਨ ਅਤੇ ਇਸ ਕਾਉਂਟੀ ਦੇ ਨਵੇਂ ਕੋਰੋਨਾਂ ਕੇਸਾਂ ਲਈ ਸੱਤ ਦਿਨਾਂ ਦੀ ਔਸਤ ਇਸ ਮਹੀਨੇ 289 ਮਾਮਲਿਆਂ ਤੋਂ ਸ਼ੁਰੂ ਹੋਈ ਸੀ ਪਰ ਐਤਵਾਰ ਨੂੰ ਇਹ 1,667 ਤੱਕ ਪਹੁੰਚ ਗਈ ਸੀ। ਇਸ ਤੋਂ ਇਲਾਵਾ ਦੂਜਾ ਸਭ ਤੋਂ ਵੱਧ ਲਾਗ ਵਾਲਾ ਮੈਟਰੋ ਖੇਤਰ ਸੈਲਿਨਸ ਹੈ, ਜਿੱਥੇ ਮਾਮਲਿਆਂ ਦੀ ਗਿਣਤੀ 618 ਪ੍ਰਤੀ 100,000 ਲਈ ਵੱਧ ਗਈ ਹੈ। ਟੈਕਸਾਸ ਦੇ ਮਿਡਲੈਂਡ ਅਤੇ ਕੇਰਵਿਲੇ ਸ਼ਹਿਰਾਂ ’ਚ ਪਿਛਲੇ ਹਫ਼ਤੇ ਵਿਚ ਪ੍ਰਤੀ 100,000 ਵਿਚ 600 ਅਤੇ 570 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮੈਟਰੋ ਖੇਤਰਾਂ ’ਚ ਹੰਟਸਵਿਲੇ, ਸੋਨੋਰਾ, ਈਗਲ ਪਾਸ, ਬਾਰਟਲੇਸਵਿਲੇ ਅਤੇ ਕਾਰਪਸ ਕ੍ਰਿਸਟੀ ਆਦਿ ਵੀ ਸ਼ਾਮਲ ਹਨ।


Share