ਫਰਿਜ਼ਨੋ ਸਿਟੀ ਕਾਲਜ ਦੀ ਇੰਸਟ੍ਰਕਟਰ ਨੂੰ ਵਿਦਿਆਰਥੀ ਨੇ ਬੰਦੂਕ ਦੀ ਨੋਕ ‘ਤੇ ਬਣਾਇਆ ਬੰਧਕ 

218
Share

ਫਰਿਜ਼ਨੋ (ਕੈਲੀਫੋਰਨੀਆਂ), 12 ਦਸੰਬਰ, (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ /ਪੰਜਾਬ ਮੇਲ)- ਕੈਲੀਫੋਰਨੀਆਂ ਦੀ ਫਰਿਜ਼ਨੋ ਕਾਉਂਟੀ ਵਿੱਚ ਇੱਕ ਕਾਲਜ ਦੀ ਇੰਸਟ੍ਰਕਟਰ ਨੂੰ ਉਸਦੇ ਹੀ ਸਾਬਕਾ ਵਿਦਿਆਰਥੀ ਦੁਆਰਾ ਬੰਧਕ ਬਨਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਪੁਲਿਸ ਅਧਿਕਾਰੀਆਂ ਅਨੁਸਾਰ ਫਰਿਜ਼ਨੋ ਸਿਟੀ ਕਾਲਜ ਦੇ ਇੱਕ ਵਿਦਿਆਰਥੀ ਨੂੰ ਵੀਰਵਾਰ ਸਵੇਰੇ ਉਸ ਮੌਕੇ ਹਿਰਾਸਤ ਵਿੱਚ  ਲਿਆ ਗਿਆ ਜਦੋਂ ਉਸਨੇ ਕੇਂਦਰੀ ਫਰਿਜ਼ਨੋ ਦੇ ਘਰ ਵਿੱਚ ਬੰਦੂਕ ਦੀ ਨੋਕ ਤੇ ਇੱਕ ਸਾਬਕਾ ਇੰਸਟ੍ਰਕਟਰ ਨੂੰ ਬੰਧਕ ਬਣਾ ਲਿਆ ਸੀ। ਇਸ ਦੌਰਾਨ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਉਸ ਘਰ ਦੇ ਨੇੜੇ ਰਹਿੰਦੇ
ਤੁਲਾਰੇ ਕਾਉਂਟੀ ਦੇ ਇੱਕ ਰਿਟਾਇਰਡ ਡਿਪਟੀ ਨੇ ਵੀ ਸਥਿਤੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ।ਅਧਿਕਾਰੀਆਂ ਅਨੁਸਾਰ ਡਕੋਟਾ ਐਵੀਨਿਊ ਦੇ ਦੱਖਣ ਅਤੇ ਮਿਲਬਰੂਕ ਐਵੀਨਿਊ ਦੇ ਪੂਰਬ ਵਿੱਚ ਸਥਿਤ ਇੱਕ ਘਰ ‘ਚ ਇਸ ਮਹਿਲਾ ਨੂੰ ਬਚਾਉਣ ਦੀ ਕਾਰਵਾਈ ਲੱਗਭਗ ਸਵੇਰੇ 9 ਵਜੇ ਸ਼ੁਰੂ ਕੀਤੀ ਗਈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਫਰਿਜ਼ਨੋ ਪੁਲਿਸ ਦੇ ਕਪਤਾਨ ਟੌਮ ਰੋਵੇ ਨੇ ਕਿਹਾ ਕਿ 40 ਤੋਂ 50 ਸਾਲ ਦੇ ਵਿਚਕਾਰ ਦਾ ਦੋਸ਼ੀ ਵਿਅਕਤੀ ਇਸ ਮਹਿਲਾ ਇੰਸਟ੍ਰਕਟਰ ਦਾ ਇੱਕ ਸਾਬਕਾ ਵਿਦਿਆਰਥੀ ਸੀ, ਜਿਸਦੇ ਕਿਸੇ ਅਣਉਚਿਤ ਵਿਵਹਾਰ ਦੀ ਸ਼ਿਕਾਇਤ ਇਸ ਇੰਸਟ੍ਰਕਟਰ ਦੁਆਰਾ ਕਾਫੀ ਸਮਾਂ ਪਹਿਲਾਂ ਡੀਨ ਨੂੰ ਲਗਾਈ ਗਈ ਸੀ।ਵਾਰਦਾਤ ਵਾਲੇ ਦਿਨ ਇਸ ਵਿਅਕਤੀ ਨੇ ਇੱਕ ਹੈਂਡਗਨ ਨਾਲ, ਔਰਤ ਦੇ ਘਰ ਜਾ ਕੇ ਉਸਨੂੰ  ਬੰਧਕ ਬਨਾਇਆ ਅਤੇ ਗੁਆਂਢੀ ਡਿਪਟੀ ਦੀ ਕੋਸ਼ਿਸ਼ ਤੋਂ ਬਾਅਦ ਪੁਲਿਸ ਦੁਆਰਾ  ਉਸਤੋਂ ਆਤਮ ਸਮਰਪਣ ਕਰਵਾਇਆ ਗਿਆ। ਇਸ ਦੌਰਾਨ ਪੀੜਤ ਔਰਤ ਨੂੰ ਮਾਮੂਲੀ ਖਰੋਚਾਂ ਵੀ ਲੱਗੀਆਂ ਜਦਕਿ ਦੋਸ਼ੀ ਵਿਅਕਤੀ ਦੀ ਪਛਾਣ ਵੀ ਅਜੇ ਸਾਹਮਣੇ ਨਹੀਂ ਆਈ ਹੈ।

Share