ਫਰਿਜ਼ਨੋ (ਕੈਲੀਫੋਰਨੀਆਂ), 10 ਦਸੰਬਰ, (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਕੇਂਦਰੀ ਸੈਨ ਜੋਆਕੁਇਨ ਵੈਲੀ ਵਿੱਚ ਮਾਰਚ ਤੋਂ ਲੈ ਕੇ ਫਰਿਜ਼ਨੋ ਅਤੇ ਹੋਰ ਗੁਆਂਢੀ ਕਾਉਟੀਜ਼ ਵਿੱਚ ਕੋਰੋਨਾਂ ਵਾਇਰਸ ਲਈ ਸਕਾਰਾਤਮਕ ਟੈਸਟ ਕਰਨ ਵਾਲੇ ਲੋਕਾਂ ਦੀ ਕੁੱਲ ਗਿਣਤੀ ਬੁੱਧਵਾਰ ਨੂੰ 100,000 ਨੂੰ ਪਾਰ ਕਰ ਗਈ ਹੈ। ਕੋਵਿਡ -19 ਦੀ ਲਾਗ ਦਾ ਵਾਧਾ ਇਸ ਖੇਤਰ ਵਿੱਚ ਵਾਇਰਸ ਦੇ ਇਲਾਜ ਲਈ ਹਸਪਤਾਲਾਂ ਵਿੱਚ ਦਾਖਲ ਹੋਏ ਲੋਕਾਂ ਦੀ ਗਿਣਤੀ ਦੇ ਇਕਸਾਰ ਅਤੇ ਨਿਰੰਤਰ ਵਾਧੇ ਨੂੰ ਵੀ ਦਰਸਾਉਂਦਾ ਹੈ। ਸੂਬੇ ਦੇ ਜਨ ਸਿਹਤ ਵਿਭਾਗ ਅਨੁਸਾਰ ਮੰਗਲਵਾਰ ਨੂੰ ਫਰਿਜ਼ਨੋ ਕਾਉਂਟੀ ਵਿੱਚ 454 ਕੋਰੋਨਾਂ ਪੀੜਤ ਵਿਅਕਤੀ ਹਸਪਤਾਲਾਂ ਵਿੱਚ ਦਾਖਲ ਸਨ, ਜਿਹਨਾਂ ਵਿੱਚੋਂ ਇੰਟੈਂਸਿਵ ਕੇਅਰ ਯੂਨਿਟ ਵਿੱਚ ਵੀ 74 ਮਰੀਜ਼ ਸ਼ਾਮਲ ਸਨ। ਇਸਦੇ ਨਾਲ ਹੀ ਇਸ ਖੇਤਰ ਦੀਆਂ ਫਰਿਜ਼ਨੋ, ਕਿੰਗਜ਼, ਮਡੇਰਾ, ਮੈਰੀਪੋਸਾ, ਮਰਸੀਡ, ਅਤੇ ਤੁਲਾਰੇ ਕਾਉਂਟੀਆਂ ਦੇ ਹਸਪਤਾਲਾਂ ਵਿੱਚ ਤਕਰੀਬਨ 800 ਮਰੀਜ਼ ਦਾਖਲ ਹੋਏ ਹਨ ਜਿਨ੍ਹਾਂ ਵਿਚ 116 ਗੰਭੀਰ ਦੇਖਭਾਲ ਵਿੱਚ ਹਨ।ਫਰਿਜ਼ਨੋ ਕਾਉਂਟੀ ਦੀ ਪਬਲਿਕ ਹੈਲਥ ਵਿਭਾਗ ‘ਚ ਐਮਰਜੈਂਸੀ ਸੇਵਾਵਾਂ ਦੀ ਪ੍ਰਬੰਧਕ ਡੈਨ ਲਿੰਚ ਅਨੁਸਾਰ ਹਸਪਤਾਲਾਂ ਅਤੇ ਸਥਾਨਕ ਸਿਹਤ ਅਧਿਕਾਰੀਆਂ ਲਈ ਵਧ ਰਹੇ ਮਰੀਜ਼ਾਂ ਕਾਰਨ ਆਈ ਸੀ ਯੂ ਬਿਸਤਰਿਆਂ ਦੀ ਘਾਟ ਚਿੰਤਾ ਦਾ ਵਿਸ਼ਾ ਹੈ ਜਦਕਿ ਫਰਿਜ਼ਨੋ ਕਾਉਂਟੀ ਦੇ ਹਸਪਤਾਲਾਂ ਵਿੱਚ ਕੁੱਲ 149 ਲਾਇਸੈਂਸਸ਼ੁਦਾ ਇੰਟੈਂਸਿਵ ਕੇਅਰ ਯੂਨਿਟ ਬੈੱਡ ਹਨ, ਜੋ ਕਿ ਇਸ ਖੇਤਰ ਦੀਆਂ ਛੇ ਕਾਉਂਟੀਜ਼ ਵਿੱਚ ਲਾਇਸੈਂਸਸ਼ੁਦਾ 312 ਆਈ ਸੀ ਯੂ ਬਿਸਤਰਿਆਂ ਦੇ ਅੱਧ ਤੋਂ ਵੀ ਘੱਟ ਹਨ ਅਤੇ ਰਾਜ ਤੋਂ ਪ੍ਰਾਪਤ ਜਾਣਕਾਰੀ ਫਰਿਜ਼ਨੋ ਕਾਉਂਟੀ ਵਿੱਚ ਉਪਲੱਬਧ ਆਈ ਸੀ ਯੂ ਬਿਸਤਰਿਆਂ ਦੀ ਗਿਣਤੀ 7 ਤੋਂ ਵੀ ਹੇਠਾਂ ਆ ਗਈ ਹੈ।ਇਸ ਸਮੇਂ ਵਾਇਰਸ ਦੇ ਮਰੀਜ਼ਾਂ ਦੀ ਵਧ ਰਹੀ ਗਿਣਤੀ ਕਾਰਨ ਸਿਹਤ ਸਹੂਲਤਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।