ਫਰਿਜ਼ਨੋ ਵਾਸੀਆਂ ਨੂੰ ਦਸੰਬਰ ਤੱਕ ਲੱਗ ਸਕਦੈ ਕੋਰੋਨਾ ਦਾ ਟੀਕਾ

356
Share

ਫਰਿਜ਼ਨੋ, 19 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ਪੰਜਾਬ ਮੇਲ)- ਫਰਿਜ਼ਨੋ ਕਾਊਂਟੀ ਦੇ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਕਰਨ ਵਾਲੇ ਸ਼ਹਿਰ ਦੇ ਕੌਂਸਲ ਮੈਂਬਰਾਂ ਅਨੁਸਾਰ, ਫਰਿਜ਼ਨੋ ਕਾਉਂਟੀ ਨੂੰ ਦਸੰਬਰ ਦੇ ਅੱਧ ਤੱਕ ਕੋਰੋਨਾ ਵਾਇਰਸ ਦੇ ਇਲਾਜ ਲਈ 100000 ਟੀਕੇ ਲੱਗਣ ਦੀ ਉਮੀਦ ਹੈ।

ਫਰਿਜ਼ਨੋ ਸਿਟੀ ਕੌਂਸਲ ਦੇ ਮੈਂਬਰ ਮਿਗੁਏਲ ਅਰਿਆਸ, ਐਸਮੇਰਲਡਾ ਸੋਰੀਆ ਅਤੇ ਲੁਈਸ ਚਾਵੇਜ਼ ਦੇ ਅਨੁਸਾਰ ਇਹ ਸੀਮਿਤ ਟੀਕੇ ਪਹਿਲਾਂ ਫਰੰਟਲਾਈਨ ਕਰਮਚਾਰੀਆਂ, ਨਰਸਿੰਗ ਹੋਮ ਦੇ ਕਰਮਚਾਰੀਆਂ ਅਤੇ ਹੋਰ ਕਮਜ਼ੋਰ ਮਰੀਜ਼ਾਂ ਨੂੰ ਲਗਾਏ ਜਾਣਗੇ। ਕੌਂਸਲ ਦੇ ਮੈਂਬਰਾਂ ਨੇ ਕਿਹਾ ਕਿ ਜੇਕਰ ਸਭ ਕੁਝ ਨਿਰਧਾਰਤ ਸਮੇਂ ‘ਤੇ ਰਹਿੰਦਾ ਹੈ ਤਾਂ ਟੀਕਿਆਂ ਨੂੰ 15 ਦਸੰਬਰ ਤੱਕ ਫਰਿਜ਼ਨੋ ਕਾਉਂਟੀ ਦੇ ਪਬਲਿਕ ਹੈਲਥ ਵਿਭਾਗ ਦੇ ਅਧਿਕਾਰੀਆਂ ਕੋਲ ਪਹੁੰਚਾਏ ਜਾਣ ਦੀ ਉਮੀਦ ਹੈ।

ਸਿਹਤ ਮਾਹਿਰਾਂ ਅਨੁਸਾਰ ਟੀਕੇ ਵੱਡੇ ਪੱਧਰ ‘ਤੇ ਨਾ ਮਿਲਣ ਕਰਕੇ ਲੋਕਾਂ ਨੂੰ ਸਮਾਜਕ ਦੂਰੀ, ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ ਦੀ ਲੋੜ ਹੋਵੇਗੀ। ਸਿਹਤ ਅਧਿਕਾਰੀਆਂ ਅਨੁਸਾਰ ਫਰਿਜ਼ਨੋ ਕਾਊਂਟੀ ਵਿਚ ਵਾਇਰਸ ਦੇ 34,858 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਜਦਕਿ 463 ਮੌਤਾਂ ਹੋਈਆਂ ਹਨ ਇਸ ਜਾਣਕਾਰੀ ਦੇ ਸੰਬੰਧ ਵਿਚ ਫਰਿਜ਼ਨੋ ਦੇ ਸਿਹਤ ਅਧਿਕਾਰੀ ਡਾ. ਰਾਇਸ ਵੋਹਰਾ ਨੇ ਸੋਮਵਾਰ ਨੂੰ ਚਾਵੇਜ਼, ਸੋਰੀਆ, ਏਰੀਆਸ ਅਤੇ ਸ਼ਹਿਰ ਦੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਟੀਕਾ ਫਾਈਜ਼ਰ ਜਾਂ ਮੋਡੇਰਨਾ ਵਿਚੋਂ ਕਿਸ ਦਵਾਈ ਕੰਪਨੀ ਵੱਲੋਂ ਹੋਵੇਗਾ, ਜਿਨ੍ਹਾਂ ਨੇ ਇਸ ਦੇ ਸਫਲ ਪ੍ਰੀਖਣ ਦੀ ਰਿਪੋਰਟ ਦਿੱਤੀ ਹੈ।


Share