ਫਰਿਜ਼ਨੋ ਕਾਉਂਟੀ ਵਿੱਚ ਇਸ ਹਫਤੇ ਕੋਰੋਨਾਂ ਵਾਇਰਸ ਨੇ ਲਈ ਦੋ ਦਰਜ਼ਨ ਤੋਂ ਵੱਧ ਲੋਕਾਂ ਦੀ ਜਾਨ

299
Share

ਫਰਿਜ਼ਨੋ, 13 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ਕਾਉਂਟੀ ਨੇ ਕੋਵਿਡ -19 ਮਹਾਂਮਾਰੀ ਦੌਰਾਨ ਅਜੇ ਤੱਕ ਦੇ ਸਭ ਤੋਂ ਮਾਰੂ ਹਫ਼ਤੇ ਦਾ ਸਾਹਮਣਾ ਕੀਤਾ ਹੈ। ਸਿਹਤ ਅਧਿਕਾਰੀਆਂ ਦੁਆਰਾ ਪਿਛਲੇ ਹਫਤੇ ਤੋਂ ਲੈ ਕੇ 36 ਕੋਰੋਨਾਂ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।ਫਰਿਜ਼ਨੋ ਕਾਉਂਟੀ ਦੇ ਡਿਪਾਰਟਮੈਂਟ ਆਫ਼ ਪਬਲਿਕ ਹੈਲਥ ਵੱਲੋਂ ਸ਼ੁੱਕਰਵਾਰ ਨੂੰ ਅਪਡੇਟ ਕੀਤੇ ਅੰਕੜਿਆਂ ਵਿੱਚ 28 ਮੌਤਾਂ ਸ਼ਾਮਲ ਸਨ ਅਤੇ ਅੱਠ ਮੌਤਾਂ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ ਸੀ। ਇਸ ਹਫਤੇ ਦੇ ਅੰਕੜਿਆਂ ਅਨੁਸਾਰ
ਕਾਉਂਟੀ ਵਿੱਚ ਕੋਰਨਾਂ ਵਾਇਰਸ ਅਤੇ ਸਾਹ ਪ੍ਰਣਾਲੀ ਬਿਮਾਰੀ ਕਾਰਨ ਹੋਈਆਂ ਕੁੱਲ ਜਾਨਾਂ ਦੀ ਗਿਣਤੀ ਦਸੰਬਰ ਦੇ ਮਹੀਨੇ ਵਿੱਚ 61ਤੱਕ ਦਰਜ ਕੀਤੀ ਗਈ ਹੈ। ਇਸਦੇ ਨਾਲ ਹੀ ਰਾਜ ਦੇ ਜਨ ਸਿਹਤ ਵਿਭਾਗ ਨੇ ਫਰਿਜ਼ਨੋ ਕਾਉਂਟੀ ਵਿੱਚ 507 ਨਵੇਂ ਪੁਸ਼ਟੀ ਕੀਤੇ ਕੋਵਿਡ -19 ਕੇਸਾਂ ਦੀ ਰਿਪੋਰਟ ਕੀਤੀ ਹੈ, ਜਿਨ੍ਹਾਂ ਨੇ ਇਸ ਮਹੀਨੇ ਦੀ ਵਾਇਰਸ ਲਈ ਸਕਾਰਾਤਮਕ ਟੈਸਟਾਂ ਦੀ ਕੁੱਲ ਸੰਖਿਆ ਨੂੰ ਤਕਰੀਬਨ 4,000 ਅਤੇ ਮਾਰਚ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਗਿਣਤੀ ਨੂੰ 42,000 ਤੋਂ ਵੱਧ ਤੱਕ ਪਹੁੰਚਾ ਦਿੱਤਾ ਹੈ। ਇਸਤੋਂ ਇਲਾਵਾ ਫਰਿਜ਼ਨੋ ਦੇ ਹਸਪਤਾਲਾਂ ਵਿੱਚ ਵੀਰਵਾਰ ਨੂੰ 472 ਪੁਸ਼ਟੀ ਕੀਤੇ ਕੋਰੋਨਾਂ ਵਾਇਰਸ ਦੇ ਮਰੀਜ਼ ਦਾਖਲ ਹਨ, ਜਿਨ੍ਹਾਂ ਵਿੱਚੋਂ ਇੰਟੈਂਸਿਵ ਕੇਅਰ ਯੂਨਿਟ ਵਿੱਚ 79 ਮਰੀਜ਼ ਹਨ। ਜਦ ਕਿ 41 ਹੋਰ ਸ਼ੱਕੀ ਕੋਵਿਡ -19 ਕੇਸ, ਜਿਹਨਾਂ ਵਿੱਚ ਮਰੀਜ਼ਾਂ ਦੇ ਟੈਸਟਾਂ ਦੇ ਨਤੀਜਿਆਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ,ਵੀ ਵੀਰਵਾਰ ਤੱਕ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਹਨ।


Share