ਫਰਿਜਨੋ ਦੇ ਟਰੱਕ ਡਰਾਈਵਰ ਦੀ ਭੇਦਭਰੀ ਹਾਲਤ ’ਚ ਮੌਤ

257
Share

ਫਰਿਜ਼ਨੋ, 28 ਜੁਲਾਈ (ਮਾਛੀਕੇ/ ਧਾਲੀਆਂ/ ਪੰਜਾਬ ਮੇਲ)- ਆਏ ਦਿਨ ਅਮਰੀਕਾ ਵਿਚੋਂ ਪੰਜਾਬੀ ਭਾਈਚਾਰੇ ਲਈ ਮੰਦਭਾਗੀਆ ਖ਼ਬਰਾਂ ਆ ਰਹੀਆ ਹਨ। ਹਾਲੇ ਟਰੱਕ ਡਰਾਈਵਰ ਪਰਮਜੀਤ ਦੀ ਐਕਸੀਡੈਂਟ ਵਿਚ ਹੋਈ ਮੌਤ ਦੀ ਸਿਆਹੀ ਸੁੱਕੀ ਨਹੀਂ ਸੀ ਕਿ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਬਚਿੱਤਰ ਸਿੰਘ ਦੀ ਭੇਦਭਰੀ ਹਾਲਤ ਹਾਲਤ ’ਚ ਹੋਈ ਮੌਤ ਨੇ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਅੰਦਰ ਸਨਸਨੀ ਫੈਲਾ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਕਿ ਸਵ. ਬਚਿੱਤਰ ਸਿੰਘ ਉਮਰ 23 ਸਾਲ ਤਿੰਨ ਕੁ ਸਾਲ ਪਹਿਲਾ ਅਮਰੀਕਾ ਆਇਆ ਸੀ ਤੇ ਬਹੁਤ ਸਾਊ ਸੁਭਾਅ ਦਾ ਗੱਭਰੂ ਸੀ ਅਤੇ ਫਰਿਜ਼ਨੋ ਵਿਖੇ ਰਹਿਕੇ ਆਪਣੇ ਸੁਪਨੇ ਸਾਕਾਰ ਕਰਨ ਲਈ ਟਰੱਕ ਚਲਾ ਰਿਹਾ ਸੀ। ਕੁਝ ਦਿਨ ਪਹਿਲਾਂ ਉਹ ਟਰੱਕ ਲੈ ਕੇ ਲਾਸ ਏਂਜਲਸ ਤੋਂ ਫਰਿਜ਼ਨੋ ਸਵੇਰੇ ਪੰਜ ਕੁ ਵਜੇ ਟਰੱਕ ਯਾਰਡ ’ਚ ਪਹੁੰਚਿਆ। ਜਦੋਂ ਸ਼ਾਮ ਤੱਕ ਘਰ ਨਹੀਂ ਪਹੁੰਚਿਆ, ਤਾਂ ਇਸ ਦੇ ਯਾਰਾਂ-ਮਿੱਤਰਾ ਨੇ ਫ਼ੋਨ ਐਪ ਦੇ ਜ਼ਰੀਏ ਇਸ ਦੀ ਲੋਕੇਸ਼ਨ ਟਰੈਕ ਕਰਕੇ ਟਰੱਕ ਯਾਰਡ ਵਿਚ ਪਹੁੰਚ ਕੇ ਟਰੱਕ ਦਾ ਸਾਈਡ ਵਾਲਾ ਸ਼ੀਸ਼ਾ ਭੰਨਕੇ ਟਰੱਕ ਵਿਚ ਪਰਨੇ ਨਾਲ ਲਮਕਦੀ ਬਚਿੱਤਰ ਸਿੰਘ ਦੀ ਲਾਸ਼ ਬਰਾਮਦ ਕੀਤੀ। ਉਪਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਆਰੰਭ ਦਿੱਤੀ। ਪੁਲਿਸ ਲਾਸ਼ ਦਾ ਮੁਲਾਹਜ਼ਾ ਕਰਵਾਕੇ ਮੌਤ ਸਬੰਧੀ ਜਾਣਕਾਰੀ ਪਬਲਿਕ ਕਰੇਗੀ। ਸਵ. ਬਚਿੱਤਰ ਸਿੰਘ ਦਾ ਪਿਛਲਾ ਪਿੰਡ ਖੋਜੇਵਾਲ, ਜ਼ਿਲ੍ਹਾ ਕਪੂਰਥਲਾ ਵਿਚ ਪੈਂਦਾ ਹੈ। ਟਰੱਕ ਯਾਰਡ ਮਾਲਕ ਨੇ ਕਿਹਾ ਕਿ ਬਚਿੱਤਰ ਸਿੰਘ ਦੀ ਮੌਤ ਸਬੰਧੀ ਬਹੁਤ ਤਰ੍ਹਾਂ ਦੀਆਂ ਅਫ਼ਵਾਹਾਂ ਸੋਸ਼ਲ ਮੀਡੀਏ ’ਤੇ ਸਰਗਰਮ ਹਨ। ਉਨ੍ਹਾਂ ਕਿਹਾ ਕਿ ਸਵ. ਬਚਿੱਤਰ ਸਿੰਘ ਦੀ ਇਸ ਤਰ੍ਹਾਂ ਹੋਈ ਮੌਤ ਬਹੁਤ ਦੁਖਦਾਇਕ ਹੈ। ਸਾਨੂੰ ਆਪਣੇ ਡਿਸੀਜ਼ਨ ਦੇਣ ਤੋਂ ਪਹਿਲਾਂ ਪੁਲਿਸ ਰਿਪੋਰਟ ਦੀ ਉਡੀਕ ਕਰਨੀ ਚਾਹੀਦੀ ਹੈ। ਸਵ. ਬਚਿੱਤਰ ਸਿੰਘ ਦੀ ਮੌਤ ਦੇ ਜੋ ਵੀ ਕਾਰਨ ਹੋਣਗੇ, ਪੁਲਿਸ ਜਾਂਚ ਰਾਹੀਂ ਸਾਹਮਣੇ ਆ ਜਾਣਗੇ।


Share