ਫਰਾਖਦਿਲੀ ਦੀ ਮਿਸਾਲ ਬਣੇ ਜਸਟਿਨ ਟਰੂਡੋ

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੁਨੀਆਂ ਦੇ ਇਤਿਹਾਸ ਵਿਚ ਇਕ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ। ਦੁਨੀਆਂ ਦੀਆਂ ਸਰਕਾਰਾਂ ਅਤੇ ਬਾਦਸ਼ਾਹ ਆਪਣੇ ਸਮਿਆਂ ਦੌਰਾਨ ਜਿਥੇ ਆਪਣੇ ਦੇਸ਼ ਦੇ ਲੋਕਾਂ ਨਾਲ ਵਧੀਕੀਆਂ ਅਤੇ ਬੇਨਿਯਮੀਆਂ ਕਰਦੇ ਰਹਿੰਦੇ ਹਨ, ਉਥੇ ਹੋਰਨਾਂ ਮੁਲਕਾਂ ਦੇ ਲੋਕਾਂ ਪ੍ਰਤੀ ਵੀ ਕਈ ਵਾਰ ਉਨ੍ਹਾਂ ਦਾ ਵਤੀਰਾ ਬੇਹੱਦ ਅਣਮਨੁੱਖੀ ਅਤੇ ਜ਼ਾਲਮਾਨਾ ਹੁੰਦਾ ਹੈ। ਸਮਾਂ ਲੰਘਣ ਦੇ ਨਾਲ ਅਜਿਹੇ ਗੁਨਾਹਾਂ ਬਾਰੇ ਨਵੇਂ ਬਣਨ ਵਾਲੇ ਹੁਕਮਰਾਨਾਂ ਵੱਲੋਂ ਆਪਣੇ ਹੀ ਅੰਦਰ ਝਾਤ ਮਾਰਨ ਅਤੇ ਆਪਣੇ ਪਿੱਛੇ ਦੀਆਂ ਕਾਰਵਾਈਆਂ ਨੂੰ ਵਿਚਾਰ ਕੇ ਇਨ੍ਹਾਂ ਬਾਰੇ ਨਵਾਂ ਦ੍ਰਿਸ਼ਟੀਕੋਣ ਅਪਣਾਉਣ ਦੀਆਂ ਮਿਸਾਲਾਂ ਬੜੀਆਂ ਹੀ ਘੱਟ ਮਿਲਦੀਆਂ ਹਨ। ਦੁਨੀਆਂ ਦੇ ਇਤਿਹਾਸ ਵਿਚ ਅਜਿਹੇ ਬਹੁਤ ਥੋੜ੍ਹੇ ਹੁਕਮਰਾਨ ਹੋਣਗੇ, ਜਿਨ੍ਹਾਂ ਨੇ ਆਪਣੇ ਤੋਂ ਪਹਿਲੇ ਹੁਕਮਰਾਨਾਂ ਦੀਆਂ ਗਲਤੀਆਂ ਦਾ ਅਹਿਸਾਸ ਕੀਤਾ ਹੋਵੇ ਅਤੇ ਫਿਰ ਉਨ੍ਹਾਂ ਬਾਰੇ ਪਛਚਾਤਾਪ ਕਰਦਿਆਂ ਲੋਕਾਂ ਕੋਲੋਂ ਮੁਆਫੀ ਮੰਗਣ ਦਾ ਰਸਤਾ ਅਖਤਿਆਰ ਕੀਤਾ ਹੋਵੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 102 ਸਾਲ ਪਹਿਲਾਂ ਕਾਮਾਗਾਟਾਮਾਰੂ ਜਹਾਜ਼ ਨੂੰ ਵੈਨਕੂਵਰ ਦੇ ਤੱਟ ਤੋਂ ਵਾਪਸ ਕਰਨ ਦੇ ਕੈਨੇਡਾ ਸਰਕਾਰ ਵੱਲੋਂ ਕੀਤੇ ਗੁਨਾਹ ਬਾਰੇ ਸਰਕਾਰ ਵੱਲੋਂ ਪਾਰਲੀਮੈਂਟ ਵਿਚ ਮੁਆਫੀ ਮੰਗ ਕੇ ਬੜੀ ਵੱਡੀ ਫਰਾਖਦਿਲੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੇ ਇਸ ਕਦਮ ਨੇ ਦਿਖਾ ਦਿੱਤਾ ਹੈ ਕਿ ਜਸਟਿਨ ਟਰੂਡੋ ਦੇ ਮਨ ਵਿਚ ਕੈਨੇਡਾ ਦੇ ਸਮਾਜ ਵਿਚ ਵੱਸਦੀਆਂ ਘੱਟ ਗਿਣਤੀਆਂ, ਖਾਸ ਕਰ ਸਿੱਖਾਂ ਬਾਰੇ ਇੰਨਾ ਲਗਾਅ ਅਤੇ ਪ੍ਰੇਮ ਹੈ। ਵਰਣਨਯੋਗ ਹੈ ਕਿ ਅੱਜ ਤੋਂ 102 ਸਾਲ ਪਹਿਲਾਂ ਭਾਰਤੀ ਲੋਕਾਂ ਦਾ ਭਰਿਆ ਕਾਮਾਗਾਟਾਮਾਰੂ ਜਹਾਜ਼ ਵੈਨਕੂਵਰ ਦੇ ਤੱਟ ਉਪਰ ਲੱਗਾ ਸੀ। ਪਰ ਉਸ ਸਮੇਂ ਕੈਨੇਡਾ ਸਰਕਾਰ ਦੀ ਨਸਲੀ ਸੋਚ ਅਧੀਨ ਬਣਾਏ ਕਾਨੂੰਨ ਤਹਿਤ ਇਸ ਜਹਾਜ਼ ਦੇ ਮੁਸਾਫਰਾਂ ਨੂੰ ਕੈਨੇਡਾ ਦੀ ਧਰਤੀ ਉਪਰ ਨਹੀਂ ਸੀ ਉਤਰਨ ਦਿੱਤਾ ਗਿਆ। ਪੂਰੇ ਦੋ ਮਹੀਨੇ ਭੁੱਖ ਅਤੇ ਅਨੇਕ ਤਰ੍ਹਾਂ ਦੇ ਤਸੀਹੇ ਝੱਲਣ ਤੋਂ ਬਾਅਦ ਇਸ ਜਹਾਜ਼ ਦੇ ਮੁਸਾਫਰਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਸੀ। ਕਲਕੱਤੇ ਲਾਗੇ ਬਜਬਜ ਘਾਟ ਉਪਰ ਜਦ ਇਸ ਜਹਾਜ਼ ਦੇ ਮੁਸਾਫਰ ਉਤਰੇ, ਤਾਂ ਉਨ੍ਹਾਂ ਵਿਚੋਂ 19 ਦੇ ਕਰੀਬ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ ਗਿਆ ਸੀ ਅਤੇ ਬਾਕੀਆਂ ਨੂੰ ਕਾਲੇਪਾਣੀ ਜੇਲ੍ਹਾਂ ਵਿਚ ਭੇਜ ਦਿੱਤਾ ਗਿਆ। ਕੈਨੇਡਾ ਵਿਚ ਵੱਸਦੇ ਸਿੱਖ ਸਮਾਜ ਵੱਲੋਂ ਕਾਫੀ ਸਮੇਂ ਤੋਂ ਇਹ ਮੰਗ ਉੱਠਦੀ ਰਹੀ ਸੀ ਕਿ ਕੈਨੇਡਾ ਦੀ ਸਰਕਾਰ ਵੱਲੋਂ ਭਾਰਤੀਆਂ ਪ੍ਰਤੀ ਕੀਤੇ ਗਏ ਇਸ ਨਸਲੀ ਅਤੇ ਅਣਮਨੁੱਖੀ ਵਤੀਰੇ ਲਈ ਮੁਆਫੀ ਮੰਗੀ ਜਾਵੇ, ਕਿਉਂਕਿ ਇਸ ਤੋਂ ਪਹਿਲਾਂ ਚੀਨੀ ਭਾਈਚਾਰੇ ਬਾਰੇ ਕੈਨੇਡਾ ਦੀ ਸਰਕਾਰ ਪਾਰਲੀਮੈਂਟ ਵਿਚ ਮੁਆਫੀ ਮੰਗ ਚੁੱਕੀ ਹੈ। ਪਰ ਸਿੱਖਾਂ ਬਾਰੇ ਮੁਆਫੀ ਮੰਗਣ ਤੋਂ ਕੈਨੇਡਾ ਸਰਕਾਰ ਲਗਾਤਾਰ ਆਨਾਕਾਨੀ ਕਰਦੀ ਆ ਰਹੀ ਸੀ। ਪਿਛਲੇ ਸਾਲ ਜਦ ਲਿਬਰਲ ਪਾਰਟੀ ਦੀ ਸਰਕਾਰ ਕੈਨੇਡਾ ‘ਚ ਚੁਣੀ ਗਈ ਅਤੇ ਜਸਟਿਨ ਟਰੂਡੋ ਦੇਸ਼ ਦੇ ਪ੍ਰਧਾਨ ਮੰਤਰੀ ਬਣੇ, ਤਾਂ ਲੋਕਾਂ ਚਿਵ ਇਹ ਪ੍ਰਭਾਵ ਬਣ ਗਿਆ ਸੀ ਕਿ ਉਹ ਭਾਰਤੀ ਮੁਸਾਫਰਾਂ ਨਾਲ ਹੋਏ ਇਸ ਨਸਲੀ ਵਤੀਰੇ ਵਿਰੁੱਧ ਮੁਆਫੀ ਮੰਗ ਕੇ ਸਰਕਾਰ ਦੇ ਗਲਤ ਫੈਸਲੇ ਨੂੰ ਸੁਧਾਰਨ ਦਾ ਕਦਮ ਚੁੱਕਣਗੇ। ਜਸਟਿਨ ਟਰੂਡੋ ਵੱਲੋਂ ਕੈਨੇਡਾ ਦੀ ਰਾਜਧਾਨੀ ਓਟਵਾ ਵਿਖੇ ਪਾਰਲੀਮੈਂਟ ਵਿਚ ਕਰਵਾਏ ਗਏ ਵਿਸਾਖੀ ਜਸ਼ਨਾਂ ਵਿਚ 18 ਮਈ ਨੂੰ ਪਾਰਲੀਮੈਂਟ ਵਿਚ ਮੁਆਫੀ ਮੰਗਣ ਦਾ ਐਲਾਨ ਕੀਤਾ ਗਿਆ ਸੀ। ਜਸਟਿਨ ਟਰੂਡੋ ਵੱਲੋਂ ਵਿਸਾਖੀ ਜਸ਼ਨਾਂ ਨੂੰ ਇਸ ਐਲਾਨ ਲਈ ਚੁਣਨਾ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ। ਕੈਨੇਡਾ ਵਿਚ ਸਿੱਖਾਂ ਦੀ ਸੱਦ-ਪੁੱਛ ਅਤੇ ਸਨਮਾਨ ਦਾ ਇਸ ਗੱਲ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਟਰੂਡੋ ਸਰਕਾਰ ਵਿਚ ਇਸ ਸਮੇਂ 4 ਸਿੱਖ ਕੈਬਨਿਟ ਮੰਤਰੀ ਹਨ। ਇਨ੍ਹਾਂ ਮੰਤਰੀਆਂ ਕੋਲ ਦੇਸ਼ ਦੀ ਰੱਖਿਆ, ਸਨਅਤ ਵਰਗੇ ਵੱਡੇ ਵਿਭਾਗ ਹਨ। ਪਿਛਲੇ ਸਮੇਂ ਦੌਰਾਨ ਕਿਸੇ ਵੀ ਸ਼ਾਸਕ ਵੱਲੋਂ ਕੀਤੇ ਦੁਰਵਿਵਹਾਰ ਜਾਂ ਨਸਲੀ ਵਿਤਕਰੇ ਦਾ ਅਹਿਸਾਸ ਕਿਸੇ ਦੇ ਬਾਹਰਲੇ ਦੇ ਕਹਿਣ ਉਪਰ ਨਹੀਂ ਹੁੰਦਾ, ਸਗੋਂ ਅਜਿਹਾ ਨਵੇਂ ਸ਼ਾਸਕਾਂ ਦੇ ਮਨ ਵਿਚੋਂ ਉਭਰਨਾ ਚਾਹੀਦਾ ਹੈ। ਲੱਗਦਾ ਹੈ ਕਿ ਜਸਟਿਨ ਟਰੂਡੋ ਵੱਲੋਂ ਵੀ ਮੰਗੀ ਮੁਆਫੀ ਕੋਈ ਸਿਆਸੀ ਸਟੰਟ ਨਾ ਹੋ ਕੇ, ਸਗੋਂ ਆਪਣੇ ਧੁਰ ਅੰਦਰੋਂ ਆਈ ਆਵਾਜ਼ ਨੂੰ ਪਛਾਨਣ ਦਾ ਨਤੀਜਾ ਹੈ ਅਤੇ ਉਨ੍ਹਾਂ ਨੇ ਬਹੁ-ਧਰਮੀ ਅਤੇ ਬਹੁ-ਕੌਮੀ ਕੈਨੇਡਾ ਦੇ ਸਮਾਜ ਨੂੰ ਇਕਮਿਕ ਕਰਨ ਲਈ ਅਜਿਹੇ ਅਹਿਸਾਸ ਦਾ ਪ੍ਰਗਟਾਵਾ ਕੀਤਾ ਹੈ। ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਭਾਰਤ ਵਿਚ ਸਿੱਖਾਂ ਨੇ ਪੂਰੇ ਦੇਸ਼ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਅਤੇ ਹਰ ਖੇਤਰ ਵਿਚ ਵਿਕਾਸ ਲਈ ਮੋਹਰੀ ਰੋਲ ਅਦਾ ਕੀਤਾ। ਪਰ 1984 ਵਿਚ ਸ੍ਰੀ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਅਤੇ ਦਿੱਲੀ ਦੰਗਿਆਂ ਨਾਲ ਸਿੱਖਾਂ ਨਾਲ ਧੱਕੇ ਅਤੇ ਵਿਤਕਰੇ ਦੀ ਗੱਲ ਦੁਨੀਆਂ ਭਰ ਵਿਚ ਉੱਠੀ ਸੀ। ਅਨੇਕਾਂ ਕੌਮੀ ਅਤੇ ਕੌਮਾਂਤਰੀ ਅਧਿਕਾਰ ਜਥੇਬੰਦੀਆਂ ਅਤੇ ਉਦਾਰਵਾਦੀ ਸ਼ਖਸੀਅਤਾਂ ਨੇ ਸਿੱਖਾਂ ਨਾਲ ਹੋਏ ਇਸ ਵਰਤਾਅ ਦੀ ਹਮੇਸ਼ਾ ਨਿੰਦਾ ਕੀਤੀ ਅਤੇ ਸਿੱਖਾਂ ਨੂੰ ਇਨਸਾਫ ਦੇਣ ਲਈ ਆਵਾਜ਼ ਉਠਾਈ। ਪਰ 30 ਸਾਲ ਲੰਘਣ ਦੇ ਬਾਅਦ ਵੀ ਭਾਰਤ ਦੇ ਹੁਕਮਰਾਨਾਂ ‘ਚੋਂ ਕਿਸੇ ਦੇ ਮਨ ਵਿਚੋਂ ਇਹ ਗੱਲ ਨਹੀਂ ਉੱਠੀ ਕਿ ਸਿੱਖਾਂ ਦੇ ਮਨ ਵਿਚ ਪੈਦਾ ਹੋਈ ਇਸ ਚੀਸ ਨੂੰ ਦੂਰ ਕਰਨ ਲਈ ਕੋਈ ਉਪਰਾਲਾ ਕੀਤਾ ਜਾਵੇ। ਗੱਲੀਂਬਾਤੀਂ ਜਾਂ ਫਿਰ ਕਿਸੇ ਰਾਜਸੀ ਲਾਭ ਲਈ ਅਨੇਕ ਆਗੂ ਸਟੇਜਾਂ ਉਪਰੋਂ ਤਾਂ ਭਾਵੇਂ ਹਾਅ ਦੇ ਨਾਅਰੇ ਮਾਰਨ ਦੇ ਦਾਅਵੇ ਕਰਦੇ ਹਨ, ਪਰ ਭਾਰਤ ਦੀ ਪਾਰਲੀਮੈਂਟ ਵੱਲੋਂ ਅਜਿਹੇ ਕਤਲੇਆਮ ਬਾਰੇ ਮੁਆਫੀ ਮੰਗਣ ਜਾਂ ਘੱਟੋ-ਘੱਟ ਸਿੱਖਾਂ ਅੰਦਰ ਇਹ ਅਹਿਸਾਸ ਜਗਾਉਣ ਕਿ ਭਾਰਤ ਉਨ੍ਹਾਂ ਲਈ ਕੋਈ ਬੇਗਾਨਾ ਦੇਸ਼ ਨਹੀਂ, ਲਈ ਕਦੇ ਵੀ ਸੁਹਿਰਦ ਹੋ ਕੇ ਪਾਰਲੀਮੈਂਟ ਵਿਚ ਖੜ੍ਹ ਕੇ ਗੱਲ ਨਹੀਂ ਕੀਤੀ ਗਈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਨਵਾਂ ਰਾਹ ਦਿਖਾਇਆ ਹੈ ਅਤੇ ਸਾਨੂੰ ਉਮੀਦ ਹੈ ਕਿ ਭਾਰਤ ਦੇ ਸ਼ਾਸਕ ਦੇਸ਼ ਅੰਦਰ ਸਹਿਣਸ਼ੀਲਤਾ ਅਤੇ ਅਨੇਕਤਾ ‘ਚ ਏਕਤਾ ਦੇ ਮਾਰਗ ਉਪਰ ਚੱਲਣ ਲਈ ਉਨ੍ਹਾਂ ਤੋਂ ਜ਼ਰੂਰ ਕਦਮ ਚੁੱਕਣਗੇ।
There are no comments at the moment, do you want to add one?
Write a comment