ਫਰਾਂਸ ‘ਚ ਬੰਧਕ ਦੇ ਬਦਲੇ ਖੁਦ ਨੂੰ ਬੰਦੂਕਧਾਰੀ ਅੱਤਵਾਦੀ ਦੇ ਹੱਥਾਂ ‘ਚ ਸੌਂਪਣ ਵਾਲੇ ਜ਼ਖਮੀ ਪੁਲਿਸ ਅਫਸਰ ਦੀ ਮੌਤ

ਪੈਰਿਸ, 24 ਮਾਰਚ (ਪੰਜਾਬ ਮੇਲ)- ਫਰੈਂਚ ਪੁਲਿਸ ਦੇ ਉਸ ਬਹਾਦਰ ਅਧਿਕਾਰੀ ਦੀ ਸ਼ਨੀਵਾਰ ਨੂੰ ਮੌਤ ਹੋ ਗਈ, ਜਿਸ ਨੇ ਇਕ ਬੰਧਕ ਦੇ ਬਦਲੇ ਖੁਦ ਨੂੰ ਬੰਦੂਕਧਾਰੀ ਅੱਤਵਾਦੀ ਦੇ ਹੱਥਾਂ ‘ਚ ਸੌਂਪ ਦਿੱਤਾ ਸੀ। ਫਰਾਂਸ ਦੇ ਗ੍ਰਹਿ ਮੰਤਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਜ਼ਖਮੀ ਪੁਲਿਸ ਅਫਸਰ ਦੀ ਮੌਤ ਹੋ ਗਈ ਹੈ। ਲੈਫਟੀਨੈਂਟ ਕਰਨਲ ਅਰਨਾਡ ਬੇਲਟ੍ਰੇਮ ਉਨ੍ਹਾਂ ਅਧਿਕਾਰੀਆਂ ‘ਚੋਂ ਸਨ ਜਿਨ੍ਹਾਂ ਨੇ ਦੱਖਣੀ ਫਰਾਂਸ ਦੇ ਸੁਪਰਮਾਰਕਿਟ ‘ਚ ਸ਼ੱਕਰਵਾਰ ਹਮਲੇ ਤੋਂ ਬਾਅਦ ਸਭ ਤੋਂ ਪਹਿਲਾਂ ਮੌਕੇ ‘ਤੇ ਪਹੁੰਚੇ।
ਫਰਾਂਸ ਦੇ ਗ੍ਰਹਿ ਮੰਤਰੀ ਗੇਰਾਰਡ ਕੋਲੰਬ ਨੇ ਸ਼ਨੀਵਾਰ ਨੂੰ ਕਰਨਲ ਬੇਲਟ੍ਰੇਮ ਦੀ ਮੌਤ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਸੁਪਰਮਾਰਕਿਟ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ। ਹਮਲੇ ‘ਚ 15 ਲੋਕ ਜ਼ਖਮੀ ਹੋਏ ਸਨ। ਜਵਾਬੀ ਕਾਰਵਾਈ ‘ਚ ਹਮਲਾਵਰ ਵੀ ਮਾਰਾ ਗਿਆ ਸੀ। ਹਮਲਾਵਰ ਨੇ ਸਭ ਤੋਂ ਪਹਿਲਾਂ ਇਕ ਕਾਰ ਨੂੰ ਅਗਵਾ ਕੀਤਾ ਤੇ ਪੁਲਿਸ ਟੀਮ ‘ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਉਸ ਨੇ ਸੁਪਰਮਾਰਕਿਟ ਦੇ ਅੰਦਰ ਲੋਕਾਂ ਨੂੰ ਬੰਧੀ ਬਣਾ ਲਿਆ।
ਕਰਨਲ ਅਰਨਾਡ ਬੇਲਟ੍ਰੇਮ ਨੇ ਆਪਣੇ ਮੋਬਾਈਲ ਫੋਨ ਤੋਂ ਆਪਣੇ ਸਾਥੀ ਨੂੰ ਫੋਨ ਲਗਾ ਦਿੱਤਾ ਸੀ, ਇਸ ਨਾਲ ਬਾਹਰ ਖੜ੍ਹੀ ਪੁਲਿਸ ਅੰਦਰ ਦੀਆਂ ਆਵਾਜ਼ਾਂ ਨੂੰ ਸੁਣ ਪਾ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਬਾਹਰ ਖੜ੍ਹੀ ਪੁਲਿਸ ਨੂੰ ਅੰਦਰ ਦੀਆਂ ਆਵਾਜ਼ਾਂ ਸੁਣੀਆਂ ਤਾਂ ਉਸ ਨੇ ਅੰਦਰ ਜਾਣ ਦਾ ਫੈਸਲਾ ਕੀਤਾ।
ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਕਿਹਾ ਕਿ ਜਾਂਚ ਇਸ ਗੱਲ ‘ਤੇ ਕੇਂਦਰਿਤ ਰਹੇਗੀ ਕਿ ਹਮਲਾਵਰ ਨੇ ਆਪਣੇ ਹਥਿਆਰ ਕਿਥੋਂ ਲਿਆਂਦੇ ਹਨ ਤੇ ਉਹ ਕਿੰਝ ਅੱਤਵਾਦੀ ਬਣਿਆ। ਦੱਸ ਦਈਏ ਕਿ ਹਮਲਾਵਰ ਲੈਕਦਿਮ ਮੈਰੱਕੋ ‘ਚ ਪੈਦਾ ਹੋਇਆ ਸੀ। ਪੁਲਿਸ ਮੁਤਾਬਿਕ ਲੈਕਦਿਮ ਛੋਟੇ-ਮੋਟੇ ਅਪਰਾਧਾਂ ਤੇ ਡਰੱਗ ਡੀਲਿੰਗ ‘ਚ ਸ਼ਾਮਲ ਰਿਹਾ ਸੀ।