ਪੱਛਮੀ ਵਰਜੀਨੀਆ ’ਚ 42 ਲੋਕਾਂ ਨੂੰ ਗਲਤੀ ਨਾਲ ਕੋਰੋਨਾਂ ਟੀਕੇ ਦੀ ਬਜਾਏ ਲਗਾਇਆ ਹੋਰ ਟੀਕਾ

276
Share

ਫਰਿਜ਼ਨੋ, 1 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਵੈਸਟ ਵਰਜੀਨੀਆ ’ਚ ਟੀਕਾਕਰਨ ਪ੍ਰਕਿਰਿਆ ’ਚ ਹੋਈ ਗਲਤੀ ਕਾਰਨ 42 ਦੇ ਕਰੀਬ ਲੋਕਾਂ ਨੂੰ ਕੋਰੋਨਾਂ ਟੀਕੇ ਦੀ ਜਗ੍ਹਾ ’ਤੇ ਹੋਰ ਟੀਕਾ ਲਗਾ ਦਿੱਤਾ ਗਿਆ ਹੈ। ਇਸ ਮਾਮਲੇ ਬਾਰੇ ਨੈਸ਼ਨਲ ਗਾਰਡ ਨੇ ਵੀਰਵਾਰ ਨੂੰ ਦੱਸਿਆ ਕਿ ਪੱਛਮੀ ਵਰਜੀਨੀਆ ਦੀ ਬੂਨ ਕਾਉਂਟੀ ਵਿਚ ਬੁੱਧਵਾਰ ਦੇ ਦਿਨ 42 ਲੋਕਾਂ ਨੂੰ ਕੋਰੋਨਾਵਾਇਰਸ ਦਾ ਟੀਕਾ ਲਗਾਇਆ ਜਾਣਾ ਸੀ ਪਰ ਉਨ੍ਹਾਂ ਨੂੰ ਗ਼ਲਤੀ ਨਾਲ ਇੱਕ ਪ੍ਰਯੋਗਾਤਮਕ ਮੋਨੋਕਲੋਨਲ ਐਂਟੀਬਾਡੀ ਇਲਾਜ ਦਾ ਟੀਕਾ ਲਗਾ ਦਿੱਤਾ ਗਿਆ, ਜਦਕਿ ਟੀਕਾ ਲੱਗਣ ਤੋਂ ਬਾਅਦ 42 ਵਿਅਕਤੀਆਂ ਵਿਚੋਂ ਕਿਸੇ ਨੇ ਵੀ ਕੋਈ ਮਾੜਾ ਪ੍ਰਭਾਵ ਵਿਕਸਿਤ ਨਹੀਂ ਕੀਤਾ ਹੈ ।ਗਲਤੀ ਨਾਲ ਦਿੱਤਾ ਗਿਆ ਪ੍ਰਯੋਗਾਤਮਕ ਇਲਾਜ ਦਾ ਟੀਕਾ, ਰੈਗਨੇਰੋਨ ਦੁਆਰਾ ਬਣਾਇਆ ਐਂਟੀਬਾਡੀਜ਼ ਦਾ ਕਾਕਟੇਲ ਹੈ, ਜੋ ਕਿ ਰਾਸ਼ਟਰਪਤੀ ਟਰੰਪ ਨੂੰ ਵਾਇਰਸ ਕਰਕੇ ਹਸਪਤਾਲ ਵਿਚ ਦਾਖਲ ਹੋਣ ਸਮੇਂ ਦਿੱਤਾ ਗਿਆ ਸੀ ।ਵੈਸਟ ਵਰਜੀਨੀਆ ਨੈਸ਼ਨਲ ਗਾਰਡ ਦੇ ਐਡਜੁਟੈਂਟ ਜਨਰਲ, ਮੇਜਰ ਜੇਮਜ਼ ਹੋਯਰ ਅਨੁਸਾਰ ਟੀਕਿਆਂ ਦੀ ਇਹ ਮਿਲਾਵਟ ਸਪੱਸ਼ਟ ਤੌਰ ’ਤੇ ਰੇਗਨੇਰੋਨ ਕਾਕਟੇਲ ਦੀ ਇੱਕ ਸ਼ਿਪਮੈਂਟ ਨੂੰ ਇਸਦੇ ਡਿਸਟ੍ਰੀਬਿਊਸ਼ਨ ਹੱਬ ’ਚ ਪਹੁੰਚਾਉਣ ਸਮੇਂ ਹੋਈ ਹੈ, ਜਿੱਥੇ ਇਸਦੀਆਂ ਸ਼ੀਸ਼ੀਆਂ ਮੋਡਰਨਾ ਦੀ ਸਪਲਾਈ ਵਿਚ ਰੱਖੀਆਂ ਜਾਂਦੀਆਂ ਹਨ। ਇਸ ਲਈ ਵਰਕਰਾਂ ਨੇ ਜ਼ਾਹਰ ਤੌਰ ’ਤੇ ਇਸ ਦੀਆਂ ਸ਼ੀਸ਼ੀਆਂ ਨੂੰ ਬੂਨ ਕਾਉਂਟੀ ’ਚ ਭੇਜੀ ਜਾਣ ਵਾਲੀ ਕੋਰੋਨਾਂ ਟੀਕੇ ਦੀ ਲੜੀ ਵਿਚ ਸ਼ਾਮਲ ਕੀਤਾ ਹੋ ਸਕਦਾ ਹੈ। ਇਨ੍ਹਾਂ ਦੋਵਾਂ ਟੀਕਿਆਂ ਦੀਆਂ ਸ਼ੀਸ਼ੀਆਂ ਇਕੋ ਜਿਹੀਆਂ ਦਿਖਾਈ ਦਿੰਦੀਆਂ ਹਨ। ਪਰ ਦੋਵਾਂ ’ਤੇ ਅਲੱਗ ਲੇਬਲ ਲਗਾਏ ਜਾਂਦੇ ਹਨ ਅਤੇ ਦੋਵਾਂ ਨੂੰ ਹੀ ਵਰਤਣ ਤੋਂ ਪਹਿਲਾਂ ਫਰਿੱਜ ਵਿਚ ਰੱਖਿਆ ਜਾਂਦਾ ਹੈ। ਸ਼ਿਪਮੈਂਟ ਵਿਚ ਹੋਈ ਗਲਤੀ ਸੰਬੰਧੀ, ਗਾਰਡ ਦੁਆਰਾ ਜਾਰੀ ਇੱਕ ਬਿਆਨ ਅਨੁਸਾਰ ਸਪਲਾਈ ਦੀ ਪ੍ਰਕਿਰਿਆ ’ਚ ਇਸ ਤੋਂ ਬਿਨਾਂ ਟੀਕਿਆਂ ਦੀ ਕੋਈ ਹੋਰ ਖੇਪ ਪ੍ਰਭਾਵਿਤ ਨਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਪੱਛਮੀ ਵਰਜੀਨੀਆ ਵਿਚ ਅਧਿਕਾਰੀਆਂ ਨੇ ਵੀਰਵਾਰ ਨੂੰ 1110 ਨਵੇਂ ਕੋਰੋਨਾਵਾਇਰਸ ਮਾਮਲੇ ਅਤੇ 20 ਨਵੀਆਂ ਮੌਤਾਂ ਦੀ ਪੁਸ਼ਟੀ ਕੀਤੀ ਹੈ, ਜਦਕਿ ਅੰਕੜਿਆਂ ਅਨੁਸਾਰ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਰਾਜ ’ਚ ਘੱਟੋ-ਘੱਟ 85,334 ਕੇਸ ਅਤੇ 1,338 ਮੌਤਾਂ ਦਰਜ਼ ਹੋਈਆਂ ਹਨ।

Share