ਪੰਜ ਰਾਜਾਂ ਲਈ ਚੋਣ ਬਿਗਲ ਵੱਜਿਆ

74
Share

ਮਤਦਾਨ 27 ਮਾਰਚ ਤੋਂ 29 ਅਪਰੈਲ ਤੱਕ; ਵੋਟਾਂ ਦੀ ਗਿਣਤੀ 2 ਮਈ ਨੂੰ

ਨਵੀਂ ਦਿੱਲੀ, 27 ਫਰਵਰੀ (ਪੰਜਾਬ ਮੇਲ)- ਚੋਣ ਕਮਿਸ਼ਨ ਨੇ ਅੱਜ ਪੱਛਮੀ ਬੰਗਾਲ, ਤਾਮਿਲਨਾਡੂ, ਆਸਾਮ, ਕੇਰਲ ਅਤੇ ਪੁਡੂਚੇਰੀ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ | ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਕੋਰੋਨਾ ਕਾਰਨ ਕੁਝ ਖ਼ਾਸ ਇੰਤਜ਼ਾਮ ਕੀਤੇ ਗਏ ਹਨ | ਵੋਟਿੰਗ ਦਾ ਸਮਾਂ ਇਕ ਘੰਟਾ ਵਧਾਇਆ ਗਿਆ ਹੈ ਤੇ ਚੋਣਾਂ ਵਾਲੇ ਰਾਜਾਂ ਵਿਚ ਅੱਜ ਤੋਂ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ | 4 ਸੂਬਿਆਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ 27 ਮਾਰਚ ਤੋਂ 29 ਅਪ੍ਰੈਲ ਤੱਕ ਵੱਖ-ਵੱਖ ਗੇੜਾਂ ‘ਚ ਵੋਟਾਂ ਪੈਣਗੀਆਂ ਅਤੇ 2 ਮਈ ਨੂੰ ਨਤੀਜੇ ਐਲਾਨੇ ਜਾਣਗੇ | ਪੱਛਮੀ ਬੰਗਾਲ ‘ਚ 8 ਅਤੇ ਆਸਾਮ ‘ਚ 3 ਪੜਾਵਾਂ ‘ਚ ਵੋਟਾਂ ਪੈਣਗੀਆਂ ਜਦਕਿ ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ‘ਚ ਇਕੋ ਪੜਾਅ ‘ਚ 6 ਅਪ੍ਰੈਲ ਨੂੰ ਵੋਟਾਂ ਦਾ ਅਮਲ ਨੇਪਰੇ ਚੜ੍ਹੇਗਾ | ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ‘ਚ ਲੋੜੀਂਦੀ ਗਿਣਤੀ ‘ਚ ਕੇਂਦਰੀ ਸੁਰੱਖਿਆ ਬਲਾਂ ਨੂੰ ਇਨ੍ਹਾਂ 5 ਰਾਜਾਂ ‘ਚ ਤਾਇਨਾਤ ਕੀਤਾ ਜਾਵੇਗਾ | ਸੰਵੇਦਨਸ਼ੀਲ ਬੂਥਾਂ ਦੀ ਪਛਾਣ ਕਰ ਲਈ ਗਈ ਹੈ | ਚੋਣਾਂ ਦੌਰਾਨ ਵੋਟਰਾਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇਗਾ | ਚੋਣ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਕਰਵਾਈਆਂ ਗਈਆਂ ਬਿਹਾਰ ਦੀਆਂ ਚੋਣਾਂ ਉਨ੍ਹਾਂ ਲਈ ਲਿਟਮਸ ਟੈਸਟ ਵਾਂਗ ਸੀ | ਕੋਰੋਨਾ ਕਾਲ ‘ਚ ਬਿਹਾਰ ਚੋਣਾਂ ਸਫਲ ਰਹੀਆਂ ਸਨ, ਵੱਡੀ ਗਿਣਤੀ ‘ਚ ਔਰਤਾਂ ਨੇ ਬਿਹਾਰ ਵਿਧਾਨ ਸਭਾ ਚੋਣਾਂ ‘ਚ ਵੱਧ ਚੜ੍ਹ ਕੇ ਵੋਟਿੰਗ ਕੀਤੀ ਸੀ |
ਚੋਣ ਕਮਿਸ਼ਨਰ ਨੇ ਦੱਸਿਆ ਕਿ ਪੱਛਮੀ ਬੰਗਾਲ ਦੀਆਂ 294 ਸੀਟਾਂ ਲਈ 27 ਮਾਰਚ ਨੂੰ ਚੋਣਾਂ ਦਾ ਪਹਿਲਾ ਗੇੜ ਸ਼ੁਰੂ ਹੋਏਗਾ | ਦੂਜਾ ਗੇੜ 1 ਅਪ੍ਰੈਲ, ਤੀਜਾ 6 ਅਪ੍ਰੈਲ, ਚੌਥਾ 10 ਅਪ੍ਰੈਲ, ਪੰਜਵਾਂ 17 ਅਪ੍ਰੈਲ, ਛੇਵਾਂ 22 ਅਪ੍ਰੈਲ, ਸੱਤਵਾਂ 26 ਅਪ੍ਰੈਲ ਜਦਕਿ ਆਖ਼ਰੀ ਤੇ ਅੱਠਵੇਂ ਗੇੜ ਤਹਿਤ 29 ਅਪ੍ਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ | ਆਸਾਮ ਦੀਆਂ 126 ਵਿਧਾਨ ਸਭਾ ਸੀਟਾਂ ਲਈ 3 ਗੇੜ ‘ਚ ਹੋਣ ਵਾਲੀ ਵੋਟਿੰਗ ਦਾ ਪਹਿਲਾ ਗੇੜ 27 ਮਾਰਚ ਨੂੰ ਸ਼ੁਰੂ ਹੋਵੇਗਾ, ਜਦਕਿ ਦੂਜਾ 1 ਅਪ੍ਰੈਲ ਅਤੇ ਤੀਜੇ ਗੇੜ ਤਹਿਤ 6 ਅਪ੍ਰੈਲ ਨੂੰ ਵੋਟਿੰਗ ਹੋਵੇਗੀ | ਇਸ ਤੋਂ ਇਲਾਵਾ ਤਾਮਿਲਨਾਡੂ ਦੀਆਂ 234, ਕੇਰਲ ਦੀਆਂ 140 ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦੀਆਂ 30 ਵਿਧਾਨ ਸਭਾ ਸੀਟਾਂ ਲਈ ਇਕੋ ਪੜਾਅ ਤਹਿਤ 6 ਅਪ੍ਰੈਲ ਨੂੰ ਵੋਟਿੰਗ ਹੋਏਗੀ |
ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ 4 ਰਾਜਾਂ ਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਕੁਲ 824 ਵਿਧਾਨ ਸਭਾ ਹਲਕਿਆਂ ‘ਚ ਵੋਟਿੰਗ ਹੋਏਗੀ | ਉਨ੍ਹਾਂ ਦੱਸਿਆ ਕਿ 8 ਪੜਾਵਾਂ ‘ਚ ਹੋਣ ਵਾਲੀਆਂ ਇਨ੍ਹਾਂ ਚੋਣਾਂ ‘ਚ 18 ਕਰੋੜ ਤੋਂ ਵੱਧ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ | ਵੋਟਿੰਗ ਲਈ 2.7 ਲੱਖ ਕੇਂਦਰ ਬਣਾਏ ਜਾਣਗੇ ਤੇ ਹਰ ਵੋਟਿੰਗ ਕੇਂਦਰ ਗਰਾਊਾਡ ਫਲੋਰ ‘ਤੇ ਹੀ ਹੋਏਗਾ | ਸੁਨੀਲ ਅਰੋੜਾ ਨੇ ਦੱਸਿਆ ਕਿ ਪੱਛਮੀ ਬੰਗਾਲ ‘ਚ 1 ਲੱਖ 1 ਹਜ਼ਾਰ ਤੋਂ ਜ਼ਿਆਦਾ ਪੋਲਿੰਗ ਕੇਂਦਰ ਬਣਾਏ ਜਾਣਗੇ, ਜਦਕਿ 2016 ‘ਚ ਪੋਲਿੰਗ ਕੇਂਦਰ ਦੀ ਗਿਣਤੀ 77,413 ਸੀ | ਆਸਾਮ ‘ਚ 2016 ਦੀਆਂ ਚੋਣਾਂ ‘ਚ 24890 ਪੋਲਿੰਗ ਕੇਂਦਰ ਦੀ ਬਜਾਏ ਇਸ ਵਾਰ 33530 ਪੋਲਿੰਗ ਕੇਂਦਰ ਬਣਾਏ ਗਏ ਹਨ | ਤਾਮਿਲਨਾਡੂ ‘ਚ ਪੋਲਿੰਗ ਕੇਂਦਰਾਂ ਦੀ ਗਿਣਤੀ 88,936 ਹੋਏਗੀ, ਜੋ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ 66,007 ਸੀ | ਚੋਣ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੋਲਿੰਗ ਕੇਂਦਰਾਂ ਦੀ ਗਿਣਤੀ ‘ਚ ਵਾਧਾ ਕੀਤਾ ਗਿਆ ਹੈ | ਇਸੇ ਤਰ੍ਹਾਂ ਆਸਾਮ ‘ਚ ਇਸ ਵਾਰੀ 33 ਹਜ਼ਾਰ ਤੋਂ ਜ਼ਿਆਦਾ ਪੋਲਿੰਗ ਕੇਂਦਰਾਂ ‘ਤੇ ਵੋਟਿੰਗ ਹੋਏਗੀ ਜਦਕਿ ਕੇਰਲ ‘ਚ 40 ਹਜ਼ਾਰ ਤੋਂ ਜ਼ਿਆਦਾ ਤੇ ਪੁਡੂਚੇਰੀ ‘ਚ 1500 ਤੋਂ ਜ਼ਿਆਦਾ ਵੋਟਿੰਗ ਕੇਂਦਰ ਬਣਾਏ ਜਾਣਗੇ | ਵੋਟਿੰਗ ਕੇਂਦਰਾਂ ‘ਤੇ ਪੀਣ ਦਾ ਪਾਣੀ, ਬਿਜਲੀ, ਵੋਟਿੰਗ ਏਰੀਆ, ਸੈਨੀਟਾਈਜ਼ਰ, ਮਾਸਕ, ਵੀਲ੍ਹ ਚੇਅਰ ਆਦਿ ਦਾ ਪੂਰਾ ਪ੍ਰਬੰਧ ਹੋਏਗਾ |


Share