PUNJABMAILUSA.COM

ਪੰਜਾਬ ਹੁਣ ਗੈਂਗਸਟਰਾਂ ਦੇ ਸਾਏ ਹੇਠ

 Breaking News

ਪੰਜਾਬ ਹੁਣ ਗੈਂਗਸਟਰਾਂ ਦੇ ਸਾਏ ਹੇਠ

ਪੰਜਾਬ ਹੁਣ ਗੈਂਗਸਟਰਾਂ ਦੇ ਸਾਏ ਹੇਠ
February 07
10:30 2018

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅੱਜਕੱਲ੍ਹ ਪੰਜਾਬ ਵਿਚ ਇਕ ਨਵੀਂ ਹੀ ਬਿਮਾਰੀ ਚੱਲ ਪਈ ਹੈ। ਹੁਣ ਪੰਜਾਬ ਦੇ ਸਾਰੇ ਹੀ ਕੋਨਿਆਂ ਵਿਚ ਗੈਂਗਸਟਰਾਂ ਦੀ ਚਰਚਾ ਹੋ ਰਹੀ ਹੈ। ਕਦੇ ਗੈਂਗਸਟਰ ਕਿਸੇ ਦਾ ਕਤਲ ਕਰਦੇ ਹਨ, ਲੁੱਟ-ਖੋਹ ਕਰਦੇ ਹਨ, ਜਾਂ ਸੁਪਾਰੀ ਲੈ ਕੇ ਕਤਲ ਦੀਆਂ ਵਾਰਦਾਤਾਂ ਕਰਦੇ ਹਨ ਅਤੇ ਕਦੇ ਪੁਲਿਸ ਵੱਲੋਂ ਕਿਸੇ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਨ ਜਾਂ ਫਿਰ ਮੁਕਾਬਲੇ ਵਿਚ ਮਾਰ-ਮੁਕਾਉਣ ਦੀਆਂ ਖ਼ਬਰਾਂ ਛਪਦੀਆਂ ਹਨ। ਪਿਛਲੇ ਦਿਨੀਂ ਪੰਜਾਬ ਦੀ ਸਰਹੱਦ ਉਪਰ ਰਾਜਸਥਾਨ ਦੇ ਖੇਤਰ ਵਿਚ ਦੋ ਵੱਡੇ ਨਾਮੀ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੇ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਦੀ ਖ਼ਬਰ ਨੇ ਇਸ ਮਾਮਲੇ ਨੂੰ ਹੋਰ ਵੱਡੇ ਪੱਧਰ ਉੱਤੇ ਉਭਾਰ ਦਿੱਤਾ ਹੈ। ਪੰਜਾਬ ਪੁਲਿਸ ਵਿੱਕੀ ਗੌਂਡਰ ਅਤੇ ਲਾਹੌਰੀਏ ਦੇ ਮਾਰੇ ਜਾਣ ਨੂੰ ਵੱਡੀ ਕਾਮਯਾਬੀ ਸਮਝ ਰਹੀ ਹੈ। ਵਿੱਕੀ ਗੌਂਡਰ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਖ਼ਤ ਸੁਰੱਖਿਆ ਵਾਲੀ ਨਾਭਾ ਜੇਲ੍ਹ ਤੋੜ ਕੇ ਭੱਜਣ ਵਿਚ ਕਾਮਯਾਬ ਰਹੇ ਸਨ। ਜੇਲ੍ਹ ਤੋੜ ਕੇ ਭੱਜਣ ਦੀ ਗੈਂਗਸਟਰਾਂ ਦੀ ਵਾਰਦਾਤ ਨੇ ਸੂਬੇ ਦੀ ਪੁਲਿਸ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜੇਲ੍ਹ ਤੋੜ ਕੇ ਭੱਜੇ ਕੁੱਝ ਹਵਾਲਾਤੀ ਤਾਂ ਥੋੜੇ ਸਮੇਂ ਬਾਅਦ ਹੀ ਗ੍ਰਿਫ਼ਤਾਰ ਕਰ ਲਏ ਗਏ ਸਨ। ਪਰ ਵਿੱਕੀ ਗੌਂਡਰ ਅਤੇ ਉਸ ਦੇ ਇਕ ਹੋਰ ਸਾਥੀ ਪੁਲਿਸ ਤੋਂ ਬਚਦੇ ਆ ਰਹੇ ਸਨ। ਵਿੱਕੀ ਗੌਂਡਰ ਅਤੇ ਲਾਹੌਰੀਏ ਦੇ ਪੁਲਿਸ ਮੁਕਾਬਲੇ ‘ਚ ਮਾਰੇ ਜਾਣ ਨਾਲ ਇਕ ਵਾਰ ਫਿਰ ਗੈਂਗਸਟਰਾਂ ਦਾ ਮਾਮਲਾ ਸੂਬੇ ਦੇ ਲੋਕਾਂ ਦੇ ਦਿਮਾਗ ‘ਤੇ ਛਾਇਆ ਹੋਇਆ ਹੈ। 2 ਸਾਲ ਤੋਂ ਪਹਿਲਾਂ ਪੰਜਾਬ ਵਿਚ ਗੈਂਗਸਟਰ ਨਾਂ ਦੀ ਕੋਈ ਚੀਜ਼ ਕਿਸੇ ਨੇ ਨਹੀਂ ਸੀ ਸੁਣੀ। ਅਸਲ ਵਿਚ ਪਹਿਲੀ ਵਾਰ ਗੈਂਗਸਟਰ ਦਾ ਨਾਂ ਮਲੋਟ ਵਿਖੇ ਅਕਾਲੀ ਪੱਖੀ ਇਕ ਵੱਡੇ ਸ਼ਰਾਬ ਠੇਕੇਦਾਰ ਵੱਲੋਂ ਆਪਣੇ ਕਰਿੰਦੇ ਦੀਆਂ ਲੱਤਾਂ, ਬਾਹਾਂ ਵੱਢ ਕੇ ਕੀਤੇ ਗਏ ਕਤਲ ਤੋਂ ਬਾਅਦ ਸੁਣਨ ਵਿਚ ਆਇਆ ਸੀ। ਉਸ ਤੋਂ ਬਾਅਦ ਤਾਂ ਫਿਰ ਇਹ ਕੰਗਿਆਰੀ ਪੂਰੇ ਪੰਜਾਬ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਇਕ ਸਮੇਂ ਪੰਜਾਬ ਪੁਲਿਸ ਦੇ ਮੁਖੀ ਖੁਦ ਹੀ ਕਹਿਣ ਲੱਗ ਪਏ ਸਨ ਕਿ ਰਾਜ ਅੰਦਰ 70 ਦੇ ਕਰੀਬ ਗੈਂਗਸਟਰ ਗਰੁੱਪ ਕੰਮ ਕਰ ਰਹੇ ਹਨ। ਇਹ ਸਾਰੇ ਗੈਂਗਸਟਰ ਸੋਸ਼ਲ ਮੀਡੀਆ ਉਪਰ ਵੀ ਸਰਗਰਮ ਹਨ। ਹਰ ਗਰੁੱਪ ਵੱਲੋਂ ਫੇਸਬੁੱਕ ਅਕਾਊਂਟ ਚਲਾਇਆ ਜਾਂਦਾ ਹੈ ਅਤੇ ਫੇਸਬੁੱਕ ਉਪਰ ਪੋਸਟਾਂ ਪਾ ਕੇ ਕਈ ਆਪਣੀ ਬਹਾਦਰੀ ਦੇ ਕਿੱਸੇ ਵੀ ਸੁਣਾਉਂਦੇ ਹਨ ਅਤੇ ਹੋਰਨਾਂ ਨੂੰ ਧਮਕੀਆਂ ਦੇਣ ਦੇ ਕੰਮ ਵੀ ਕਰਦੇ ਹਨ। ਵਿੱਕੀ ਗੌਂਡਰ ਦੇ ਮੁਕਾਬਲੇ ਤੋਂ ਬਾਅਦ ਹੁਣ ਪੁਲਿਸ ਦਾ ਕਹਿਣਾ ਹੈ ਕਿ ਇਸ ਵੇਲੇ ਰਾਜ ਅੰਦਰ 20 ਗੈਂਗਸਟਰ ਗਰੁੱਪ ਸਰਗਰਮ ਹਨ। ਇਸ ਸਮੇਂ 186 ਸਰਗਰਮ ਗੈਂਗਸਟਰ ਜੇਲ੍ਹਾਂ ਵਿਚ ਬੰਦ ਹਨ। ਬਾਹਰ ਸਰਗਰਮ 20 ਗੈਂਗਸਟਰ ਗਰੁੱਪਾਂ ਵਿਚ 300 ਦੇ ਕਰੀਬ ਨੌਜਵਾਨ ਸਰਗਰਮ ਹਨ। ਇਨ੍ਹਾਂ ਤੋਂ ਇਲਾਵਾ ਛੋਟੇ-ਛੋਟੇ ਕਸਬਿਆਂ ਅਤੇ ਸ਼ਹਿਰਾਂ ਵਿਚ ਸਰਗਰਮ ਹੋਰਨਾਂ ਗਰੁੱਪਾਂ ਨੂੰ ਵੀ ਸ਼ਾਮਲ ਕਰ ਲਿਆ ਜਾਵੇ, ਤਾਂ ਇਸ ਤਰ੍ਹਾਂ ਅਜਿਹੇ ਲੋਕਾਂ ਦੀ ਗਿਣਤੀ 500 ਦੇ ਕਰੀਬ ਹੋ ਜਾਂਦੀ ਹੈ। ਗੈਂਗਸਟਰ ਗਰੁੱਪਾਂ ਵਿਚ ਉਹੀ ਨੌਜਵਾਨ ਸ਼ਾਮਲ ਹਨ, ਜੋ ਵੱਖ-ਵੱਖ ਥਾਵਾਂ ਉਪਰ ਪਹਿਲਾਂ ਛੋਟੇ-ਛੋਟੇ ਜੁਰਮਾਂ ਜਾਂ ਲੜਾਈ-ਝਗੜਿਆਂ ਵਿਚ ਸ਼ਾਮਲ ਹੁੰਦੇ ਸਨ। ਅਜਿਹੇ ਨੌਜਵਾਨ ਕਿਸੇ ਨਾ ਕਿਸੇ ਤਰ੍ਹਾਂ ਬੰਦੂਕ ਕਲਚਰ ਦੇ ਚੱਕਰ ਵਿਚ ਅਜਿਹੇ ਫਸੇ ਕਿ ਉਹ ਮੁੜ ਗੈਂਗਸਟਰ ਗਰੁੱਪ ਬਣਾ ਕੇ ਪੁਲਿਸ ਨਾਲ ਮੱਥਾ ਲਾਉਣ ਤੱਕ ਜਾਣ ਲੱਗ ਪਏ। ਸ਼ੁਰੂ ਵਿਚ ਅਜਿਹੇ ਗਰੁੱਪਾਂ ਦਾ ਕੰਮ ਛੋਟੇ-ਮੋਟੇ ਝਗੜਿਆਂ ਵਿਚ ਸ਼ਾਮਲ ਹੋਣਾ, ਨਾਜਾਇਜ਼ ਕਬਜ਼ਿਆਂ ਵਿਚ ਜਾਣਾ ਅਤੇ ਛੋਟੀਆਂ-ਮੋਟੀਆਂ ਵਾਰਦਾਤਾਂ ਕਰਕੇ ਪੈਸੇ ਕਮਾਉਣ ਤੱਕ ਸੀਮਤ ਸੀ। ਪਰ ਜਿਉਂ-ਜਿਉਂ ਅਜਿਹੇ ਨੌਜਵਾਨ ਇਸ ਧੰਦੇ ਵਿਚ ਅੱਗੇ ਵੱਧਦੇ ਗਏ, ਤਾਂ ਕਈ ਆਪੋ-ਆਪਣੇ ਲਾਲਚਾਂ ਅਤੇ ਕਈ ਪੁਲਿਸ ਦੀ ਦਹਿਸ਼ਤ ਤੋਂ ਡਰਦੇ ਬੰਦੂਕ ਕਲਚਰ ਵਿਚ ਧੱਕੇ ਗਏ। ਇਕ ਵਾਰ ਅਜਿਹੇ ਗਰੁੱਪਾਂ ਵਿਚ ਸ਼ਾਮਲ ਹੋਏ ਨੌਜਵਾਨਾਂ ਲਈ ਫਿਰ ਪਿੱਛੇ ਮੁੜਨ ਦਾ ਰਾਹ ਨਹੀਂ ਰਿਹਾ। ਗੈਂਗਸਟਰ ਗਰੁੱਪਾਂ ਵਿਚ ਸ਼ਾਮਲ ਨੌਜਵਾਨਾਂ ਬਾਰੇ ਹੁਣ ਆਈਆਂ ਰਿਪੋਰਟਾਂ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਬਹੁਤੇ ਅਜਿਹੇ ਨੌਜਵਾਨ ਗਰੀਬ ਜਾਂ ਦਰਮਿਆਨੇ ਪਰਿਵਾਰਾਂ ਨਾਲ ਸੰਬੰਧ ਰੱਖਣ ਵਾਲੇ ਹਨ ਅਤੇ ਬਹੁਤ ਸਾਰੇ ਨੌਜਵਾਨ ਅਜਿਹੇ ਵੀ ਹਨ, ਜਿਹੜੇ ਖੇਡਾਂ ਦੀ ਦੁਨੀਆਂ ਵਿਚ ਚੰਗੀ ਨਾਮਣਾ ਖੱਟਣ ਵਾਲੇ ਸਨ। ਵਿੱਕੀ ਗੌਂਡਰ ਖੁਦ ਵੀ ਸਪੋਰਟਸ ਕਾਲਜ, ਜਲੰਧਰ ਦਾ ਹੋਣਹਾਰ ਖਿਡਾਰੀ ਰਿਹਾ ਹੈ। ਉਸ ਦਾ ਨਾਂ ਗੌਂਡਰ ਅਸਲ ਵਿਚ ਖੇਡਾਂ ਦੀ ਦੁਨੀਆਂ ਵਿਚ ਗਰਾਊਂਡਰ ਤੋਂ ਵਿਗੜ ਕੇ ਪਿਆ ਹੈ। ਉਸ ਬਾਰੇ ਆਪਣੇ ਸਾਥੀਆਂ ਵਿਚ ਇਹ ਚਰਚਾ ਸੀ ਕਿ ਉਹ ਸਾਰਾ ਦਿਨ ਗਰਾਊਂਡ ਦੇ ਹੀ ਚੱਕਰ ਮਾਰਦਾ ਰਹਿੰਦਾ ਹੈ। ਅਜਿਹੇ ਨੌਜਵਾਨਾਂ ਨੂੰ ਜਦ ਅੱਗੇ ਵਧਣ ਲਈ ਕੋਈ ਰਸਤਾ ਨਹੀਂ ਮਿਲਿਆ, ਰੁਜ਼ਗਾਰ ਦੇ ਮੌਕੇ ਹਾਸਲ ਨਹੀਂ ਹੋਏ ਅਤੇ ਘਰਾਂ ਦੀ ਆਰਥਿਕ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ ਸੀ। ਅਜਿਹੀ ਸਮਾਜਿਕ, ਆਰਥਿਕ ਹਾਲਤ ਦੀ ਮਾਰ ਹੇਠ ਆਏ ਅਜਿਹੇ ਨੌਜਵਾਨ ਬੰਦੂਕ ਕਲਚਰ ਵੱਲ ਧੱਕੇ ਗਏ। ਅਜਿਹੇ ਨੌਜਵਾਨ ਗਰੁੱਪਾਂ ਵੱਲੋਂ ਛੋਟੇ ਜੁਰਮਾਂ ਤੋਂ ਸ਼ੁਰੂ ਕਰਕੇ ਫਿਰੌਤੀ ਹਾਸਲ ਕਰਨੀ, ਅਗਵਾ ਕਰਨ, ਮਹਿੰਗੇ ਵਾਹਨ ਖੋਹਣ, ਬੈਂਕ ਲੁੱਟਣ ਤੋਂ ਲੈ ਕੇ ਸੁਪਾਰੀ ਲੈ ਕੇ ਕਤਲ ਕਰਨ ਦੀਆਂ ਘਟਨਾਵਾਂ ਪਿਛਲੇ ਦਿਨਾਂ ਵਿਚ ਵਾਪਰਦੀਆਂ ਰਹੀਆਂ ਹਨ। ਪੰਜਾਬ ਦੇ ਗੈਂਗਸਟਰਾਂ ਦੀ ਮਾਰ ਤੋਂ ਪ੍ਰਵਾਸੀ ਪੰਜਾਬੀ ਵੀ ਨਹੀਂ ਬਚ ਸਕੇ। ਪੰਜਾਬ ਵਿਚ ਕੁੱਝ ਅਜਿਹੀਆਂ ਘਟਨਾਵਾਂ ਵੀ ਵਾਪਰੀਆਂ, ਜਿਨ੍ਹਾਂ ਵਿਚ ਪ੍ਰਵਾਸੀ ਪੰਜਾਬੀਆਂ ਦੇ ਸੁਪਾਰੀ ਦੇ ਕੇ ਅਜਿਹੇ ਗਰੁੱਪਾਂ ਤੋਂ ਕਤਲ ਕਰਵਾਏ ਗਏ। ਕੁੱਝ ਪ੍ਰਵਾਸੀ ਪੰਜਾਬੀਆਂ ਦੇ ਵੀ ਅਜਿਹੇ ਗਰੁੱਪਾਂ ਨਾਲ ਸੰਬੰਧ ਰਹੇ ਦੱਸੇ ਜਾਂਦੇ ਹਨ। ਹੋਣਹਾਰ ਨੌਜਵਾਨਾਂ ਨੂੰ ਗੁੰਮਰਾਹ ਕਰਨ ਅਤੇ ਆਪਣੇ ਰਾਜਸੀ ਹਿੱਤਾਂ ਵਿਚ ਵਰਤਣ ਵਿਚ ਪੰਜਾਬ ਦੇ ਰਾਜਸੀ ਆਗੂ ਵੀ ਕਿਸੇ ਤੋਂ ਪਿੱਛੇ ਨਹੀਂ ਰਹੇ। ਅਜਿਹੀਆਂ ਕਿੰਨੀਆਂ ਹੀ ਅਖ਼ਬਾਰੀ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ, ਜੋ ਦੱਸਦੀਆਂ ਹਨ ਕਿ ਵੱਖ-ਵੱਖ ਰਾਜਸੀ ਆਗੂ ਆਪਣਾ ਸਿਆਸੀ ਉੱਲੂ ਸਿੱਧਾ ਕਰਨ ਲਈ ਅਜਿਹੇ ਨੌਜਵਾਨਾਂ ਨੂੰ ਵਰਤਦੇ ਰਹੇ ਹਨ। ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੇ ਪਰਿਵਾਰਾਂ ਵੱਲੋਂ ਖੁੱਲ੍ਹੇਆਮ ਕਾਂਗਰਸ ਦੇ ਜਲੰਧਰ ਸਥਿਤ ਇਕ ਵੱਡੇ ਆਗੂ ‘ਤੇ ਦੋਸ਼ ਲਗਾਏ ਗਏ ਹਨ ਕਿ ਉਸ ਨੇ ਇਨ੍ਹਾਂ ਨੌਜਵਾਨਾਂ ਨੂੰ ਲਗਾਤਾਰ ਆਪਣੇ ਸਿਆਸੀ ਹਿੱਤਾਂ ਲਈ ਵਰਤਿਆ ਅਤੇ ਅੰਤ ਬੰਦੂਕ ਦੀ ਦੁਨੀਆਂ ਵੱਲ ਧੱਕ ਦਿੱਤਾ। ਇਸੇ ਤਰ੍ਹਾਂ ਸੰਗਰੂਰ ਦੀ ਅਦਾਲਤ ਵਿਚ ਖੁਦ ਹੀ ਆਤਮ ਸਮਰਪਣ ਕਰਨ ਵਾਲੇ ਗੈਂਗਸਟਰ ਰਵੀ ਦਿਓਲ ਨੇ ਵੀ ਖੁੱਲ੍ਹੇਆਮ ਇਹ ਬਿਆਨ ਦਿੱਤਾ ਹੈ ਕਿ ਉਹ ਨਾ ਗੈਂਗਸਟਰ ਹੈ ਅਤੇ ਨਾ ਹੀ ਗੁਨਾਹਗਾਰ ਹੈ। ਉਸ ਨੂੰ ਇਕ ਸਾਬਕਾ ਅਕਾਲੀ ਮੰਤਰੀ ਅਤੇ ਉਸ ਦੇ ਪੀ.ਏ. ਨੇ ਇਸ ਦੁਨੀਆਂ ਵਿਚ ਜਾਣ ਵੱਲ ਮਜਬੂਰ ਕੀਤਾ ਹੈ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਨੌਜਵਾਨਾਂ ਦੀਆਂ ਅਜਿਹੀਆਂ ਕਹਾਣੀਆਂ ਹਨ। ਇਸ ਤੋਂ ਪਹਿਲੇ ਸਮਿਆਂ ਵਿਚ ਵੀ ਕਾਂਗਰਸ ਅਤੇ ਅਕਾਲੀ ਆਗੂਆਂ ਵੱਲੋਂ ਵੱਖ-ਵੱਖ ਸਮਿਆਂ ਉੱਤੇ ਆਪਣੇ ਸਿਆਸੀ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਅਜਿਹੇ ਗੈਂਗਾਂ ਦੀ ਵਰਤੋਂ ਕਰਨ ਦੀਆਂ ਖ਼ਬਰਾਂ ਛਪਦੀਆਂ ਰਹੀਆਂ ਹਨ। ਪੰਜਾਬ ਪਹਿਲਾਂ ਲੰਬਾ ਸਮਾਂ ਪੁਲਿਸ ਅਤੇ ਖਾੜਕੂਆਂ ਦੀ ਦੁਵੱਲੀ ਦਹਿਸ਼ਤ ਦਾ ਸ਼ਿਕਾਰ ਰਿਹਾ ਹੈ। ਗੈਂਗਸਟਰਾਂ ਦੇ ਇਸ ਨਵੇਂ ਰੁਝਾਨ ਨੇ ਇਕ ਗੱਲ ਤਾਂ ਸਾਫ ਕੀਤੀ ਹੈ ਕਿ ਜਦ ਤੱਕ ਪੰਜਾਬ ਦੇ ਲੋਕ ਸਿੱਖਿਆ ਅਤੇ ਰੁਜ਼ਗਾਰ ਹਾਸਲ ਨਹੀਂ ਕਰਨਗੇ, ਉਦੋਂ ਤੱਕ ਅਜਿਹੇ ਰੁਝਾਨਾਂ ਦੀ ਮਾਰ ਦਾ ਖਤਰਾ ਲਗਾਤਾਰ ਬਣਿਆ ਹੀ ਰਹੇਗਾ।
ਪੁਲਿਸ ਅਫਸਰਸ਼ਾਹੀ ਵਿੱਕੀ ਗੌਂਡਰ ਨੂੰ ਮੁਕਾਬਲੇ ‘ਚ ਮਾਰਨ ਤੋਂ ਬਾਅਦ ਭਾਵੇਂ ਪੂਰੀ ਤਰ੍ਹਾਂ ਹੌਂਸਲੇ ਵਿਚ ਹੈ ਅਤੇ ਖਾੜਕੂਆਂ ਵਾਂਗ ਗੈਂਗਸਟਰਾਂ ਨੂੰ ਵੀ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ। ਪਰ ਜਿਵੇਂ ਕਿ ਪੰਜਾਬੀ ਦੀ ਕਹਾਵਤ ਹੈ ਕਿ ‘ਬੁਰੇ ਨੂੰ ਮਾਰਨ ਨਾਲ ਬੁਰਾਈ ਖਤਮ ਨਹੀਂ ਹੋ ਜਾਂਦੀ’, ਇਸੇ ਤਰ੍ਹਾਂ ਬੰਦੂਕ ਕਲਚਰ ਵਿਚ ਧੱਕੇ ਗਏ ਨੌਜਵਾਨਾਂ ਨੂੰ ਖਤਮ ਕਰਨ ਨਾਲ ਬੁਰਾਈ ਦਾ ਖਾਤਮਾ ਨਹੀਂ ਹੋਣਾ। ਕਿਉਂਕਿ ਨੌਜਵਾਨਾਂ ਨੂੰ ਬੁਰਿਆਈ ਵੱਲ ਜਾਣ ਲਈ ਮਜਬੂਰ ਕਰਨ ਦੀ ਜੜ੍ਹ ਸਾਡਾ ਸਮਾਜਿਕ, ਵਿੱਦਿਅਕ ਅਤੇ ਰਾਜਸੀ ਢਾਂਚਾ ਹੈ। ਜਦੋਂ ਤੱਕ ਇਸ ਢਾਂਚੇ ਨੂੰ ਮੁੱਢੋਂ-ਸੁੱਢੋਂ ਬਦਲ ਕੇ ਵਿੱਦਿਆ ਦੇ ਮਿਆਰ ਨੂੰ ਉੱਚਾ ਨਹੀਂ ਚੁੱਕ ਲਿਆ ਜਾਂਦਾ ਅਤੇ ਸਭਨਾਂ ਲਈ ਬਰਾਬਰ ਰੁਜ਼ਗਾਰ ਦੇ ਮੌਕੇ ਮੁਹੱਈਆ ਨਹੀਂ ਕੀਤੇ ਜਾਂਦੇ, ਤਦ ਤੱਕ ਅਜਿਹੇ ਰੁਝਾਨਾਂ ਨੂੰ ਮੁਕੰਮਲ ਰੂਪ ਵਿਚ ਖਤਮ ਕਰਨਾ ਮੁਸ਼ਕਲ ਹੀ ਨਹੀਂ, ਸਗੋਂ ਅਸੰਭਵ ਹੈ। ਇਸ ਦੇ ਨਾਲ ਹੀ ਪੰਜਾਬ ਦੀ ਰਾਜਨੀਤੀ ਵਿਚ ਲੱਠਮਾਰਾਂ ਅਤੇ ਗਿਰੋਹਾਂ ਦੀ ਘੁਸਪੈਠ ਅਤੇ ਉਨ੍ਹਾਂ ਵੱਲੋਂ ਆਪਣੇ ਮਨੋਰਥਾਂ ਲਈ ਨੌਜਵਾਨਾਂ ਦੀ ਵਰਤੋਂ ਵੀ ਇਸ ਦਾ ਵੱਡਾ ਕਾਰਨ ਹੈ। ਪੰਜਾਬ ਵਿਚ ਅਮਨ ਕਾਨੂੰਨ ਦਾ ਰਾਜ ਕਾਇਮ ਕਰਨ ਲਈ ਪੰਜਾਬ ਦੀ ਰਾਜਨੀਤੀ ਨੂੰ ਵੀ ਸਵੱਛ ਕਰਨਾ ਪਵੇਗਾ। ਅਪਰਾਧੀ ਅਤੇ ਆਪਣੀ ਸਿਆਸੀ ਮਨੋਰਥਾਂ ਲਈ ਨੌਜਵਾਨਾਂ ਦੀ ਦੁਰਵਰਤੋਂ ਦੇ ਰੁਝਾਨ ਨੂੰ ਨੱਥ ਪਾਉਣੀ ਪਵੇਗੀ।
ਪ੍ਰਵਾਸੀ ਪੰਜਾਬੀ ਵੀ ਬਾਹਰ ਬੈਠੇ ਆਪਣੇ ਪਿੱਤਰੀ ਰਾਜ ਵਿਚ ਵਾਪਰਦੀਆਂ ਅਜਿਹੀਆਂ ਘਟਨਾਵਾਂ ਤੋਂ ਬੇਹੱਦ ਪ੍ਰੇਸ਼ਾਨ ਹੁੰਦੀ ਹੈ। ਉਨ੍ਹਾਂ ਦੀ ਸੋਚ ਹਮੇਸ਼ਾ ਪੰਜਾਬ ਦਾ ਭਲਾ ਲੋਚਦੀ ਹੈ। ਪਰ ਜਦੋਂ ਕਦੇ ਉਥੇ ਤੱਤੀ ਹਵਾ ਵੱਗਦੀ ਹੈ, ਤਾਂ ਉਨ੍ਹਾਂ ਦੇ ਹਿਰਦੇ ਵੀ ਵਲੂੰਧਰੇ ਜਾਣ ਲੱਗਦੇ ਹਨ। ਸਾਡੇ ਪ੍ਰਵਾਸੀ ਵੀਰਾਂ ਦਾ ਵੀ ਫਰਜ਼ ਹੈ ਕਿ ਅਸੀਂ ਬਾਹਰ ਬੈਠੇ ਹੋਏ ਵੀ ਉਥੋਂ ਦੇ ਸਮਾਜਿਕ ਅਤੇ ਰਾਜਸੀ ਢਾਂਚੇ ਵਿਚ, ਜਿੰਨਾ ਹੋ ਸਕੇ, ਓਨਾ ਸੁਧਾਰ ਲਈ ਯਤਨ ਕਰਦੇ ਰਹੀਏ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤੀ ਮੂਲ ਦੇ 20 ਲੋਕ ਅਮਰੀਕਾ ‘ਚ ਲੜਨਗੇ ਸੰਸਦੀ ਚੋਣਾਂ

ਭਾਰਤੀ ਮੂਲ ਦੇ 20 ਲੋਕ ਅਮਰੀਕਾ ‘ਚ ਲੜਨਗੇ ਸੰਸਦੀ ਚੋਣਾਂ

Read Full Article
    ਈਰਾਨ ਨੇ ਅਮਰੀਕਾ ਨੂੰ ਕੀਤਾ ਆਗਾਹ; ਤਹਿਰਾਨ ਪ੍ਰਮਾਣੂ ਸਮਝੌਤੇ ਨੂੰ ਬਦਲਣ ਲਈ ਪਾਇਆ ਜਾ ਰਿਹਾ ਦਬਾਅ ਬੇਹੱਦ ਖਤਰਨਾਕ

ਈਰਾਨ ਨੇ ਅਮਰੀਕਾ ਨੂੰ ਕੀਤਾ ਆਗਾਹ; ਤਹਿਰਾਨ ਪ੍ਰਮਾਣੂ ਸਮਝੌਤੇ ਨੂੰ ਬਦਲਣ ਲਈ ਪਾਇਆ ਜਾ ਰਿਹਾ ਦਬਾਅ ਬੇਹੱਦ ਖਤਰਨਾਕ

Read Full Article
    ਇੰਡੀਆਨਾ ‘ਚ ਅਪਰੈਲ ਨੂੰ ਨੈਸ਼ਨਲ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾਉਣ ਦਾ ਐਲਾਨ

ਇੰਡੀਆਨਾ ‘ਚ ਅਪਰੈਲ ਨੂੰ ਨੈਸ਼ਨਲ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾਉਣ ਦਾ ਐਲਾਨ

Read Full Article
    ਟਰੰਪ ਪ੍ਰਸ਼ਾਸਨ ਦੀ ਮਨੁੱਖੀ ਅਧਿਕਾਰਾਂ ਬਾਰੇ ਰਿਪੋਰਟ ‘ਚ ਮੋਦੀ ਸਰਕਾਰ ’ਤੇ ਸਵਾਲ

ਟਰੰਪ ਪ੍ਰਸ਼ਾਸਨ ਦੀ ਮਨੁੱਖੀ ਅਧਿਕਾਰਾਂ ਬਾਰੇ ਰਿਪੋਰਟ ‘ਚ ਮੋਦੀ ਸਰਕਾਰ ’ਤੇ ਸਵਾਲ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸੰਵਿਧਾਨਕ ਤੌਰ ‘ਤੇ ਅਸਪੱਸ਼ਟ ਕਰਾਰ

ਅਮਰੀਕੀ ਸੁਪਰੀਮ ਕੋਰਟ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸੰਵਿਧਾਨਕ ਤੌਰ ‘ਤੇ ਅਸਪੱਸ਼ਟ ਕਰਾਰ

Read Full Article
    ਅਮਰੀਕੀ ਸਕੂਲ ਵਿਦਿਆਰਥਣ ਨੇ ਡਰੈੱਸ ਕੋਡ ਖਿਲਾਫ ਕੀਤਾ ‘ਬ੍ਰਾ ਬਾਈਕਾਟ’ ਦਾ ਐਲਾਨ

ਅਮਰੀਕੀ ਸਕੂਲ ਵਿਦਿਆਰਥਣ ਨੇ ਡਰੈੱਸ ਕੋਡ ਖਿਲਾਫ ਕੀਤਾ ‘ਬ੍ਰਾ ਬਾਈਕਾਟ’ ਦਾ ਐਲਾਨ

Read Full Article
    ਅਮਰੀਕੀ ਪੁਲਿਸ ਨੇ ਨਿਹੱਥੇ ਅਫਰੀਕੀ ਨਾਗਰਿਕ ਨੂੰ ਮਾਰੀਆਂ ਸਨ 30 ਗੋਲੀਆਂ

ਅਮਰੀਕੀ ਪੁਲਿਸ ਨੇ ਨਿਹੱਥੇ ਅਫਰੀਕੀ ਨਾਗਰਿਕ ਨੂੰ ਮਾਰੀਆਂ ਸਨ 30 ਗੋਲੀਆਂ

Read Full Article
    ਭਾਰਤੀ-ਅਮਰੀਕੀਆਂ ਨੇ ਕਠੂਆ ਅਤੇ ਉਨਾਵ ਮਾਮਲਿਆਂ ‘ਚ ਭਾਰਤੀ ਦੂਤਘਰ ਦੇ ਸਾਹਮਣੇ ਕੀਤਾ ਪ੍ਰਦਰਸ਼ਨ ; ਕੀਤੀ ਨਿਆਂ ਦੀ ਮੰਗ

ਭਾਰਤੀ-ਅਮਰੀਕੀਆਂ ਨੇ ਕਠੂਆ ਅਤੇ ਉਨਾਵ ਮਾਮਲਿਆਂ ‘ਚ ਭਾਰਤੀ ਦੂਤਘਰ ਦੇ ਸਾਹਮਣੇ ਕੀਤਾ ਪ੍ਰਦਰਸ਼ਨ ; ਕੀਤੀ ਨਿਆਂ ਦੀ ਮੰਗ

Read Full Article
    ਸੀ.ਆਈ.ਏ. ਮੁਖੀ ਪੋਂਪੀਓ ਵੱਲੋਂ ਟਿਮ ਉਨ ਜੋਂਗ ਨਾਲ ਮੁਲਾਕਾਤ

ਸੀ.ਆਈ.ਏ. ਮੁਖੀ ਪੋਂਪੀਓ ਵੱਲੋਂ ਟਿਮ ਉਨ ਜੋਂਗ ਨਾਲ ਮੁਲਾਕਾਤ

Read Full Article
    ਟਾਈਮਜ਼ ਸਕਵੇਅਰ ‘ਚ ਸਾਲਾਨਾ ‘ਪਗ਼ੜੀ ਦਿਵਸ’ ਪ੍ਰੋਗਰਾਮ ਜ਼ਰੀਏ ਸਿੱਖ ਸੱਭਿਆਚਾਰ ਦੇ ਉਤਸਵ ਦੀ ਕੀਤੀ ਪ੍ਰਸ਼ੰਸਾ

ਟਾਈਮਜ਼ ਸਕਵੇਅਰ ‘ਚ ਸਾਲਾਨਾ ‘ਪਗ਼ੜੀ ਦਿਵਸ’ ਪ੍ਰੋਗਰਾਮ ਜ਼ਰੀਏ ਸਿੱਖ ਸੱਭਿਆਚਾਰ ਦੇ ਉਤਸਵ ਦੀ ਕੀਤੀ ਪ੍ਰਸ਼ੰਸਾ

Read Full Article
    ਆਸਮਾਨ ‘ਚ ਫਟਿਆ ਅਮਰੀਕੀ ਜਹਾਜ਼ ਦਾ ਇੰਜਣ, ਇਕ ਯਾਤਰੀ ਦੀ ਮੌਤ

ਆਸਮਾਨ ‘ਚ ਫਟਿਆ ਅਮਰੀਕੀ ਜਹਾਜ਼ ਦਾ ਇੰਜਣ, ਇਕ ਯਾਤਰੀ ਦੀ ਮੌਤ

Read Full Article
    ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਬਾਰਬਰਾ ਬੁਸ਼ ਦਾ ਦਿਹਾਂਤ

ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਬਾਰਬਰਾ ਬੁਸ਼ ਦਾ ਦਿਹਾਂਤ

Read Full Article
    ਅਮਰੀਕਾ ਦੇ ਗੁਰੂ ਘਰ ਵਿਚ ਪ੍ਰਧਾਨਗੀ ਤੋਂ ਲੜਾਈ

ਅਮਰੀਕਾ ਦੇ ਗੁਰੂ ਘਰ ਵਿਚ ਪ੍ਰਧਾਨਗੀ ਤੋਂ ਲੜਾਈ

Read Full Article
    ਇੰਡੀਆਨਾਪੋਲਿਸ ਦੇ ਗੁਰਦੁਆਰਾ ਵਿਖੇ ਵਿਸਾਖੀ ਦਿਹਾੜੇ ‘ਤੇ ਦੋ ਧੜੇ ਹੋਏ ਗੁੱਥਮ-ਗੁੱਥਾ

ਇੰਡੀਆਨਾਪੋਲਿਸ ਦੇ ਗੁਰਦੁਆਰਾ ਵਿਖੇ ਵਿਸਾਖੀ ਦਿਹਾੜੇ ‘ਤੇ ਦੋ ਧੜੇ ਹੋਏ ਗੁੱਥਮ-ਗੁੱਥਾ

Read Full Article
    ਏ.ਜੀ.ਪੀ.ਸੀ. ਤੇ ਸਿੱਖ ਕਾਂਗਰੇਸ਼ਨਲ ਕਾਕਸ ਕਮੇਟੀ ਨੇ ਅਮਰੀਕਾ ‘ਚ ਵੱਡੇ ਪੱਧਰ ‘ਤੇ ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਮਨਾਉਣ ‘ਤੇ ਖੁਸ਼ੀ ਪ੍ਰਗਟ ਕੀਤੀ

ਏ.ਜੀ.ਪੀ.ਸੀ. ਤੇ ਸਿੱਖ ਕਾਂਗਰੇਸ਼ਨਲ ਕਾਕਸ ਕਮੇਟੀ ਨੇ ਅਮਰੀਕਾ ‘ਚ ਵੱਡੇ ਪੱਧਰ ‘ਤੇ ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਮਨਾਉਣ ‘ਤੇ ਖੁਸ਼ੀ ਪ੍ਰਗਟ ਕੀਤੀ

Read Full Article