ਪੰਜਾਬ, ਹਰਿਆਣਾ ਤੋਂ ਬਾਅਦ ਰਾਜਸਥਾਨ ਦੇ ਕਿਸਾਨ ਵੀ ਹੋਏ ਸੰਘਰਸ਼ ‘ਚ ਸ਼ਾਮਲ

98
Share

ਟਿਕਰੀ ਬਾਰਡਰ, 2 ਦਸੰਬਰ (ਪੰਜਾਬ ਮੇਲ)- ਪੰਜਾਬ, ਹਰਿਆਣਾ ਤੋਂ ਬਾਅਦ ਹੁਣ ਰਾਜਸਥਾਨ ਦੇ ਕਿਸਾਨ ਤੇ ਸਥਾਨਕ ਲੋਕ ਵੀ ਖੇਤੀ ਕਾਨੂੰਨਾਂ ਖਿਲਾਫ ਵਿੱਢੇ ਇਸ ਅੰਦੋਲਨ ‘ਚ ਸ਼ਾਮਲ ਹੋ ਗਏ ਹਨ। ਕਿਸਾਨਾਂ ਨੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਟਿਕਰੀ ਬਾਰਡਰ ‘ਤੇ ਸੜਕਾਂ ‘ਤੇ ਬੈਠੇ ਵੀ ਆਪਣੇ ਹੱਕਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ।
ਇਥੇ ਜ਼ਾਬਤੇ ‘ਚ ਰਹਿ ਕੇ ਕਿਸਾਨਾਂ ਵਲੋਂ ਲੰਗਰ-ਪਾਣੀ ਉਪਰੰਤ 31 ਕਿਸਾਨ ਜਥੇਬੰਦੀਆਂ ਦੀ ਸਾਂਝੀ ਸਟੇਜ ਸਜਾਈ ਗਈ। ਸਟੇਜ ਤੋਂ ਸੰਬੋਧਨ ਕਰਦਿਆਂ ਕਿਸਾਨਾਂ ਨੇ ਕਿਸਾਨੀ ਮੰਗਾਂ ਦੀ ਪੂਰਤੀ ਉਪਰੰਤ ਹੀ ਇੱਥੋਂ ਹਟਣ ਦੇ ਅਹਿਦ ਨੂੰ ਮੁੜ ਦੁਹਰਾਇਆ। ਇਸ ਮੌਕੇ ਇਸ ਟਿਕਰੀ ਬਾਰਡਰ ਦਾ 30 ਤੋਂ 40 ਕਿਲੋਮੀਟਰ ਦਾ ਖੇਤਰ ਜੋ ਇਕ ਤਰੀਕੇ ਨਾਲ ਪੰਜਾਬ ਹੀ ਬਣਿਆ ਹੋਇਆ ਵਿਖਾਈ ਦੇ ਰਿਹਾ ਹੈ, ਸਾਰੇ ਪਾਸੇ ਟਰੈਕਟਰ-ਟਰਾਲੀਆਂ, ਕਿਸਾਨਾਂ ਦੀ ਚਹਿਲ-ਪਹਿਲ ਦਾ ਗੜ੍ਹ ਬਣਿਆ ਹੋਇਆ ਹੈ, ਜਿੱਥੇ 24 ਘੰਟੇ ਦੀ ਚਹਿਲ-ਪਹਿਲ ਤੋਂ ਇਲਾਵਾ ਦਿੱਲੀ-ਹਰਿਆਣਾ ਦੇ ਵਸਨੀਕਾਂ ਅਤੇ ਦਾਨੀ ਸੱਜਣਾਂ ਵਲੋਂ ਦਿਲ ਖੋਲ੍ਹ ਕੇ ਕਿਸਾਨ ਸੰਘਰਸ਼ਾਂ ‘ਚ ਆਪਣਾ ਯੋਗਦਾਨ ਦਿੰਦਿਆਂ ਦੁੱਧ, ਪਾਣੀ, ਕੰਬਲ ਅਤੇ ਹੋਰ ਲੋੜੀਂਦੇ ਸਾਜੋ-ਸਾਮਾਨ ਦੀ ਸਪਲਾਈ ਨਿਰੰਤਰ ਜਾਰੀ ਹੈ, ਜਿਸ ਦਾ ਕਿਸਾਨਾਂ ਵਲੋਂ ਧੰਨਵਾਦ ਕੀਤਾ ਜਾ ਰਿਹਾ ਹੈ। ਉੱਧਰ ਕਿਸਾਨੀ ਸੰਘਰਸ਼ਾਂ ਨੂੰ ਸੂਫ਼ੀ ਗਾਇਕ ਕਨਵਰ ਗਰੇਵਾਲ, ਸਿੱਧੂ ਮੂਸੇਵਾਲਾ, ਹਰਭਜਨ ਮਾਨ, ਕਰਮਜੀਤ ਅਨਮੋਲ, ਹਰਫ਼ ਚੀਮਾ, ਅੰਮ੍ਰਿਤ ਮਾਨ, ਕੋਰਾਲਾ ਮਾਨ ਅਤੇ ਸੋਸ਼ਲ ਮੀਡੀਆ ਕਾਰਕੁੰਨ ਭਾਨਾ ਸਿੱਧੂ ਸਮੇਤ ਹੋਰ ਗਾਇਕਾਂ ਅਤੇ ਨਾਮੀ ਸ਼ਖ਼ਸੀਅਤਾਂ ਵਲੋਂ ਲਗਾਤਾਰ ਕਿਸਾਨਾਂ ਦੇ ਸੰਘਰਸ਼ ‘ਚ ਪੁੱਜ ਕੇ ਕਿਸਾਨਾਂ ਦੀ ਹੌਸਲਾ ਅਫ਼ਜਾਈ ਕੀਤੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਦੀ ਸਾਂਝੀ ਸਟੇਜ ਦੇ ਸੰਚਾਲਕ ਪ੍ਰਗਟ ਸਿੰਘ ਸਕੱਤਰ ਬੀ.ਕੇ.ਯੂ. ਰਾਜੇਵਾਲ ਫ਼ਿਰੋਜ਼ਪੁਰ ਨੇ ਕਿਹਾ ਕਿ ਉਨ੍ਹਾਂ ਦੇ ਇਰਾਦੇ ਪੱਕੇ ਹਨ ਅਤੇ ਇਹ ਇਤਿਹਾਸ ‘ਚ ਪਹਿਲੀ ਵਾਰ ਹੋਇਆ ਕਿ ਵੱਡੀ ਗਿਣਤੀ ‘ਚ ਕਿਸਾਨਾਂ ਨੇ ਆਪਣੀਆਂ ਮੰਗਾਂ ਅਤੇ ਹੱਕਾਂ ਲਈ ਇਕੱਠਿਆਂ ਹੋ ਕੇ ਕੇਂਦਰ ਵਿਰੁੱਧ ਅਜਿਹਾ ਮੋਰਚਾ ਲਗਾਇਆ ਹੈ। ਕਿਸਾਨ ਜਥੇਬੰਦੀਆਂ ਨੇ ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਦੇ ਸੰਘਰਸ਼ਾਂ ਕਾਰਨ ਆ ਰਹੀਆਂ ਮੁਸ਼ਕਿਲਾਂ ਲਈ ਮੁਆਫੀ ਵੀ ਮੰਗੀ ਹੈ। ਉੱਧਰ ਇਸ ਸਬੰਧੀ ਔਰਤਾਂ ਜਿਨ੍ਹਾਂ ‘ਚ 85 ਸਾਲ ਤੱਕ ਦੀਆਂ ਮਾਈਆਂ, ਪੋਤੇ-ਦੋਹਤਿਆਂ ਨਾਲ ਡਟੀਆਂ ਹੋਈਆਂ ਹਨ, ਜੋ ਨਾ ਕੇਵਲ ਸਟੇਜ ਨਜ਼ਦੀਕ ਕਿਸਾਨ ਬੁਲਾਰਿਆਂ ਦੇ ਵਿਚਾਰ ਸੁਣਦੀਆਂ ਹਨ, ਬਲਕਿ ਕਈ ਥਾਵਾਂ ‘ਤੇ ਲੰਗਰਾਂ ਅਤੇ ਹੋਰ ਲੋੜੀਂਦੇ ਸਾਜੋ-ਸਾਮਾਨ ਦੀ ਵੀ ਜ਼ਿੰਮੇਵਾਰੀ ਨਿਰੰਤਰ ਸੰਭਾਲ ਰਹੀਆਂ ਹਨ। ਜਿਨ੍ਹਾਂ ਦਾ ਸਮੂਹਿਕ ਤੌਰ ‘ਤੇ ਇਹੀ ਕਹਿਣਾ ਸੀ ਕਿ ਉਹ ਆਪਣੇ ਧੀਆਂ-ਪੁੱਤਰਾਂ ਦੇ ਹੱਕਾਂ ਲਈ ਇਨ੍ਹਾਂ ਸੰਘਰਸ਼ਾਂ ‘ਚ ਸ਼ਾਮਿਲ ਹੋਣ ਲਈ ਆਈਆਂ ਹਨ। ਇਸ ਮੌਕੇ ਵੱਖ-ਵੱਖ ਮੈਡੀਕਲ ਖੇਤਰ ਦੀਆਂ ਟੀਮਾਂ ਨੇ ਵੀ ਇਸ 40 ਤੋਂ 50 ਕਿੱਲੋਮੀਟਰ ਦੇ ਕਿਸਾਨੀ ਸੰਘਰਸ਼ ਦੇ ਗੜ੍ਹ ਬਣੇ ਇਲਾਕੇ ‘ਚ ਆਪਣੀਆਂ ਸੇਵਾਵਾਂ ਕਿਸਾਨਾਂ ਲਈ ਵੱਡੀ ਪੱਧਰ ‘ਤੇ ਸ਼ੁਰੂ ਕਰ ਦਿੱਤੀਆਂ ਹਨ, ਜੋ ਧਰਨੇ ਪ੍ਰਦਰਸ਼ਨਾਂ ‘ਚ ਸ਼ਾਮਿਲ ਇਨ੍ਹਾਂ ਲੋਕਾਂ ਲਈ ਮੈਡੀਕਲ ਸਹਾਇਤਾ ਆਪਣੇ ਵਲੰਟੀਅਰਾਂ ਰਾਹੀਂ ਦੇ ਰਹੇ ਹਨ। ਇਸ ਮੌਕੇ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਰਾਜਾਂ ਤੋਂ ਕਿਸਾਨ ਇਨ੍ਹਾਂ ਸੰਘਰਸ਼ਾਂ ‘ਚ ਨਾ ਕੇਵਲ ਪੁੱਜ ਹੀ ਨਹੀਂ ਰਹੇ, ਬਲਕਿ ਸੰਪੂਰਨ ਹਮਾਇਤ ਵੀ ਦੇਣ ਲੱਗੇ ਹਨ, ਜੋ ਅੱਗੇ ਹੋ ਕੇ ਆਪਣੇ ਕਿਸਾਨ ਭਾਈਚਾਰੇ ਨਾਲ ਡੱਟ ਗਏ ਹਨ।
ਟਿਕਰੀ ਸਰਹੱਦ ‘ਤੇ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਨੇ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਪਹਿਲਾਂ ਟਿਕਰੀ ਸਰਹੱਦ ਮੋਰਚੇ ‘ਚ ਜੁੜੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਲਈ ਇਕੱਲੀ ਐੱਮ.ਐੱਸ.ਪੀ. ਲੈਣ ਨਹੀਂ ਆਏ, ਸਗੋਂ ਕਿਸਾਨ ਵਿਰੋਧੀ ਕਾਨੂੰਨਾਂ ਤੇ ਨੀਤੀਆਂ ਨੂੰ ਰੱਦ ਕਰਵਾਉਣ ਦੇ ਨਾਲ-ਨਾਲ ਸਾਰੇ ਸੂਬਿਆਂ ‘ਚ ਸਾਰੀਆਂ ਫ਼ਸਲਾਂ ਲਈ ਘੱਟੋ-ਘੱਟ ਖ਼ਰੀਦ ਮੁੱਲ ਨੂੰ ਸੰਵਿਧਾਨਕ ਦਰਜਾ ਦਿਵਾਉਣ ਅਤੇ ਸਾਰਵਜਨਿਕ ਜਨਤਕ ਵੰਡ ਪ੍ਰਣਾਲੀ ਨੂੰ ਕਾਨੂੰਨੀ ਦਰਜਾ ਦਿਵਾਉਣ ਲਈ ਮੈਦਾਨ ‘ਚ ਨਿੱਤਰੇ ਹਨ। ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਅਤੇ ਕਿਸਾਨ ਜਥੇਬੰਦੀ ਦੀ ਮਹਿਲਾ ਆਗੂ ਹਰਿੰਦਰ ਕੌਰ ਬਿੰਦੂ ਨੇ ਆਖਿਆ ਕਿ ਦਿੱਲੀ ਮੋਰਚੇ ‘ਚ ਪੰਜਾਬ ‘ਚੋਂ ਲਗਾਤਾਰ ਕਾਫ਼ਲੇ ਆ ਰਹੇ ਹਨ ਅਤੇ ਪੰਜਾਬ ‘ਚ ਭਾਜਪਾ ਆਗੂਆਂ, ਟੋਲ ਪਲਾਜ਼ਿਆਂ ਤੇ ਸ਼ਾਪਿੰਗ ਮਾਲਾਂ ਅੱਗੇ ਲੱਗੇ ਮੋਰਚਿਆਂ ‘ਚ ਗਿਣਤੀ ਵਧ ਰਹੀ ਹੈ।
ਕਿਸਾਨਾਂ ਵਲੋਂ ਦਿੱਲੀ ‘ਚ ਪ੍ਰਵੇਸ਼ ਕਰਨ ਦੇ ਰਸਤੇ ਬੰਦ ਕਰਨ ਦੀ ਚਿਤਾਵਨੀ ਦੇਣ ਤੋਂ ਬਾਅਦ ਪੁਲਿਸ ਨੇ ਦਿੱਲੀ ਦੇ ਨਾਲ ਲੱਗਦੇ ਹਰਿਆਣਾ, ਉੱਤਰ ਪ੍ਰਦੇਸ਼ ਦੀਆਂ ਹੱਦਾਂ ਜਿਨ੍ਹਾਂ ‘ਚ ਟਿਕਰੀ, ਸਿੰਘੂ, ਗਾਜ਼ੀਪੁਰ, ਗੁੜਗਾਓਂ ਤੇ ਝੱਜਰ-ਬਹਾਦਰਗੜ੍ਹ ਬਾਰਡਰ ਸ਼ਾਮਲ ਹਨ, ‘ਤੇ ਹੋਰ ਵੀ ਸਖ਼ਤ ਸੁਰੱਖਿਆ ਦੇ ਪ੍ਰਬੰਧ ਕਰ ਦਿੱਤੇ ਹਨ। ਇਸ ਸਮੇਂ ਕਿਸਾਨ ਇਨ੍ਹਾਂ ਬਾਰਡਰਾਂ ‘ਤੇ ਪੂਰੇ ਉਤਸ਼ਾਹ, ਜੋਸ਼ ਅਤੇ ਹੌਸਲੇ ਨਾਲ ਡਟੇ ਹੋਏ ਹਨ।


Share