ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ‘ਚ 100 ਹੋਰ ਐਂਬੂਲੈਂਸਾਂ ਦਾ ਇਜ਼ਾਫਾ : ਬਲਬੀਰ ਸਿੱਧੂ

70
Share

ਚੰਡੀਗੜ੍ਹ, 2 ਅਕਤੂਬਰ (ਪੰਜਾਬ ਮੇਲ)- ਰਾਸ਼ਟਰ ਪਿਤਾ, ਮਹਾਤਮਾ ਗਾਂਧੀ ਦੇ 150 ਵੇਂ ਜਨਮ ਦਿਵਸ ਦੇ ਸ਼ੁੱਭ ਮੌਕੇ ‘ਤੇ ਸੂਬਾ ਸਰਕਾਰ ਨੇ ਆਪਣੇ ਐਂਬੂਲੈਂਸਾਂ ਦੇ ਬੇੜੇ ‘ਚ 100 ਹੋਰ ਐਂਬੂਲੈਂਸਾਂ ਦਾ ਇਜ਼ਾਫਾ ਕੀਤਾ ਹੈ । ਇਹ ਜਾਣਕਾਰੀ  ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦਿੱਤੀ ।
ਸਿਹਤ ਮੰਤਰੀ ਨੇ ਦੱਸਿਆ ਕਿ  ਮਰੀਜ਼ਾਂ ਲਈੰ ਸਿਹਤ ਸਹੂਲਤਾਂ ਨੂੰ ਸਮੇਂ ਸਿਰ ਯਕੀਨੀ ਬਣਾਉਣਾ ਕਿਸੇ ਵੀ ਮਹਾਂਮਾਰੀ ਨਾਲ ਲੜਨ ਦਾ ਇਕ ਮੁੱਖ ਥੰਮ ਮੰਨਿਆ ਜਾਂਦਾ ਹੈ। ਉਨਾਂ ਦੱਸਿਆ ਕਿ  ਕੋਵਿਡ 19 ਦੇ ਪਾਜ਼ੇਟਿਵ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣੀਆਂ ਹੋਰ ਵੀ ਵਿਸ਼ੇਸ਼ ਹਨ ਕਿਉਂਕਿ ਹਸਪਤਾਲ ਪਹੁੰਚਣ ਤੱਕ ਜਾਨਾਂ ਬਚਾਉਣ ਨੂੰ ਯਕੀਨੀ ਬਣਾਉਣ ਵਿਚ ਲੱਗਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ।
ਉਨਾਂ ਦੱਸਿਆ ਕਿ ਮਹਾਂਮਾਰੀ ਦੇ ਮੱਦੇਨਜ਼ਰ ਐਂਬੂਲੈਂਸ ਦੀ ਮਰੀਜ਼ ਤੱਕ  ਛੇਤੀ ਤੋਂ ਛੇਤੀ ਪਹੁੰਚਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਆਪਣੀ ਐਂਬੂਲੈਂਸਾਂ ਦੇ ਬੇੜੇ ਨੂੰ ਹੌਲੀ ਹੌਲੀ ਵਧਾ ਰਿਹਾ ਹੈ। ਹੁਣ ਤੱਕ ਸਰਕਾਰੀ ਹਸਪਤਾਲਾਂ ਵਿੱਚ 400 ਦੇ ਕਰੀਬ ਐਂਬੂਲੈਂਸਾਂ ਹਨ, ਜਿਨਾਂ ਵਿੱਚ 242 ਡਾਇਲ 108 ਐਂਬੂਲੈਂਸਾਂ ਸ਼ਾਮਲ ਹਨ ਜੋ ਪਹਿਲਾਂ ਹੀ ਰਾਜ ਕੋਲ ਉਪਲਬਧ ਹਨ। ਐਂਬੂਲੈਂਸ ਸੇਵਾ ਨੂੰ ਮਜ਼ਬੂਤ ਕਰਨ ਲਈ ਪੰਜਾਬ ਵਲੋਂ ਅਗਸਤ ਮਹੀਨੇ ‘ਚ 17 ਏ.ਐੱਲ.ਐੱਸ. ਅਤੇ 60 ਬੀ.ਐੱਲ.ਐੱਸ. ਐਂਬੂਲੈਂਸਾਂ ਖਰੀਦੀਆਂ ਗਈਆਂ। ਉਨ੍ਹਾਂ ਦੱਸਿਆ ਕਿ ਨਵੀਆਂ ਐਂਬੂਲੈਂਸਾਂ ਹਰ ਜ਼ਿਲ੍ਹਾ ਹਸਪਤਾਲ ਨੂੰ ਦਿੱਤੀਆਂ ਗਈਆਂ ਹਨ ਅਤੇ ਉਹ ਸਰਕਾਰੀ ਅਤੇ ਨਿੱਜੀ ਹਸਪਤਾਲਾਂ ‘ਚ ਵੱਖ-ਵੱਖ ਪੱਧਰਾਂ ਵਿਚ ਕੋਵਿਡ ਦੇ ਮਰੀਜ਼ਾਂ ਨੂੰ ਲਿਆਉਣ-ਲਿਜਾਣ ਵਿਚ ਸਹਾਇਤਾ ਕਰ ਰਹੀਆਂ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਨੇ ਐਂਬੂਲੈਂਸਾਂ ਦੀ ਗਿਣਤੀ ਨੂੰ ਵਧਾਉਣ ਲਈ 100 ਹੋਰ ਬੀ.ਐੱਲ.ਐੱਸ. ਐਂਬੂਲੈਂਸਾਂ ਖਰੀਦਣ ਨੂੰ ਪ੍ਰਵਾਨਗੀ ਦਿੱਤੀ ਹੈ। ਇਨ੍ਹਾਂ ਤੋਂ ਇਲਾਵਾ 5 ਏ.ਐੱਲ.ਐੱਸ., 6 ਬੀ.ਐੱਲ.ਐੱਸ. ਅਤੇ 22 ਛੋਟੀਆਂ ਐਂਬੂਲੈਂਸਾਂ ਖਰੀਦਣ ਲਈ ਵੀ ਹੁਕਮ ਦਿੱਤਾ ਗਿਆ ਹੈ।
ਜੀ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਵਲੋਂ ਮਹਾਂਮਾਰੀ ਵਿਰੁੱਧ ਲੜਾਈ ‘ਚ 20 ਐਂਬੂਲੈਂਸਾਂ ਦਾਨ ਕਰਕੇ ਦਰਸਾਈ ਮਹਾਂਮਾਰੀ ਦਾ ਲੜਨ ‘ਚ ਸਹਿਯੋਗ ਦੇਣ ਦੀ ਵਚਨਬੱਧਤਾ ਦੀ ਸ਼ਲਾਘਾ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਨ੍ਹਾਂ 20 ਐਂਬੂਲੈਂਸਾਂ ‘ਚੋਂ 12 ਨੂੰ ਜਲੰਧਰ, ਲੁਧਿਆਣਾ ਅਤੇ ਪਟਿਆਲਾ ਹਰੇਕ ਜ਼ਿਲ੍ਹੇ ਲਈ 4-4 ਐਂਬੂਲੈਂਸਾਂ ਨੂੰ ਰਵਾਨਾ ਕੀਤਾ ਗਿਆ ਹੈ, ਸਿਹਤ ਮੰਤਰੀ ਨੇ ਕਿਹਾ ਕਿ ਇਹ ਐਂਬੂਲੈਂਸਾਂ ਨਾ ਸਿਰਫ ਸਰਕਾਰ ਦੇ ਯਤਨਾਂ ਨੂੰ ਵਧਾਉਣਗੀਆਂ ਬਲਕਿ  ਲੋਕਾਂ ਦੀ ਜਾਨਾਂ ‘ਚ ਬਚਾਉਣ ਵਿਚ ਬਹੁਤ ਸਹਾਈ ਹੋਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਮਾਰੂਤੀ ਅਤੇ ਮਹਿੰਦਰਾ ਵਲੋਂ ਤਿਆਰ ਕੀਤੀਆਂ ਇਹ ਐਂਬੂਲੈਂਸਾਂ ਆਕਾਰ ‘ਚ ਛੋਟੀਆਂ ਹਨ, ਇਸ ਲਈ ਸਿਹਤ ਟੀਮਾਂ ਨੂੰ ਸ਼ਹਿਰਾਂ ਦੇ ਭੀੜ ਵਾਲੇ ਖੇਤਰਾਂ ਵਿਚ ਪਹੁੰਚਣ ਅਤੇ ਮਰੀਜ਼ਾਂ ਨੂੰ ਲਿਆਉਣ-ਲਿਜਾਣ ਵਿਚ ਸਹਾਇਤਾ ਕਰਨਗੀਆਂ।


Share