ਪੰਜਾਬ ਸਰਕਾਰ ਵੱਲੋਂ ਰਾਜਸਥਾਨ ਦੇ ਵੋਟਰਾਂ ਲਈ 7 ਦਸੰਬਰ ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ

December 06
07:41
2018
ਚੰਡੀਗੜ੍ਹ, 6 ਦਸੰਬਰ (ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਰਾਜਸਥਾਨ ਦੇ ਵੋਟਰਾਂ ਲਈ 7 ਦਸੰਬਰ, 2018 ਨੂੰ ਤਨਖ਼ਾਹ ਸਮੇਤ ਛੁੱਟੀ ਦੇਣ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਪੰਜਾਬ ਵਿੱਚ ਸਥਿਤ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਕਿਹਾ ਕਿ ਸੂਬਾ ਸਰਕਾਰ ਨੇ 7 ਦਸੰਬਰ, 2018 (ਸ਼ੁੱਕਰਵਾਰ) ਨੂੰ ਰਾਜਸਥਾਨ ਵਿੱਚ ਹੋ ਰਹੀਆਂ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਰਾਜ ਵਿਚਲੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਰਾਜਸਥਾਨ ਦੇ ਕਿਰਤੀਆਂ, ਜਿਨ੍ਹਾਂ ਦੀ ਰਾਜਸਥਾਨ ਵਿੱਚ ਵੋਟ ਹੈ, ਨੂੰ ਆਪਣਾ ਵੋਟ ਪਾਉਣ ਦਾ ਅਧਿਕਾਰ ਵਰਤਣ ਹਿੱਤ ਤਨਖ਼ਾਹ ਸਮੇਤ ਛੁੱਟੀ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਵਿੱਚ ਸਾਰੀਆਂ ਫੈਕਟਰੀਆਂ, ਜਿਨ੍ਹਾਂ ਵਿੱਚ ਸ਼ੁੱਕਰਵਾਰ ਨੂੰ ਛੁੱਟੀ ਨਹੀਂ ਹੁੰਦੀ, ਵਿੱਚ 7 ਦਸੰਬਰ, 2018 ਨੂੰ ਤਨਖਾਹ ਸਮੇਤ ਹਫ਼ਤਾਵਰੀ ਛੁੱਟੀ ਹੋਵੇਗੀ ਅਤੇ ਇਹ ਛੁੱਟੀ ਉਨ੍ਹਾਂ ਦੀ ਹਫਤਾਵਰੀ ਛੁੱਟੀ ਦੇ ਇਵਜ਼ ਵਿੱਚ ਮਿਲੇਗੀ।