ਪੰਜਾਬ ਸਰਕਾਰ ਵਲੋਂ ਸਰਵਾਇਕਲ ਕੈਂਸਰ ਤੋਂ ਬਚਾਅ ਲਈ ਐਚ.ਪੀ.ਵੀ. ਵੈਕਸੀਨ ਦੀ ਸ਼ੁਰੁਆਤ

ਬਠਿੰਡਾ ਅਤੇ ਮਾਨਸਾ ਦੇ ਸਰਕਾਰੀ ਹਸਪਤਾਲਾਂ ‘ਚ ਨਵੰਬਰ ਮਹੀਨੇ ਦੌਰਾਨ ਕੀਤੀ ਜਾਵੇਗੀ ਵੈਕਸੀਨੇਸ਼ਨ
ਦੂਜੇ ਪੜਾਅ ‘ਚ 6ਵੀਂ ਜਮਾਤ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਵਿਦਿਆਰਥਣਾਂ ਲਈ ਵਿਸ਼ੇਸ਼ ਪ੍ਰੋਗਰਾਮ
ਚੰਡੀਗੜ੍ਹ, 26 ਸਤੰਬਰ (ਪੰਜਾਬ ਮੇਲ)- ਰਾਜ ਵਿਚ ਸਰਵਾਈਕਲ ਕੈਂਸਰ (ਬੱਚੇਦਾਨੀ ਦੇ ਮੂੰਹ ਦਾ ਕੈਂਸਰ) ਤੋਂ ਅੋਰਤਾਂ ਨੂੰ ਸੁਰੱਖਿਅਤ ਕਰਨ ਦੇ ਮਕਸਦ ਨਾਲ ਸਿਹਤ ਅਤੇ ਪਰਿਵਾਰ ਭਲਾਈ, ਪੰਜਾਬ ਵਲੋਂ ਨਵੰਬਰ ਮਹੀਨੇ ਵਿਚ ਐਚ,ਪੀ.ਵੀ. ਵੈਕਸੀਨ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸੂਬੇ ਵਿਚ ਔਰਤਾਂ ਨੂੰ ਛਾਤੀ ਦੇ ਕੈਂਸਰ ਤੋਂ ਬਾਅਦ ਹੋਣ ਵਾਲਾ ਸਰਵਾਈਕਲ ਦੂਜਾ ਕੈਂਸਰ ਹੈ।
ਅੱਜ ਇਥੇ ਐਚ.ਪੀ.ਵੀ. ਸਬੰਧੀ ਤਕਨੀਕੀ ਮਾਹਿਰ ਗਰੁੱਪ ਦੀ ਆਯੋਜਿਤ ਮੀਟਿੰਗ ਦੀ ਅਗਵਾਈ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਰਾਜ ਸਰਕਾਰ ਕੈਂਸਰ ਤੋਂ ਪੀੜਤ ਮਰੀਜਾਂ ਨੂੰ ਹਰ ਸੰਭਵ ਮਦੱਦ ਅਤੇ ਇਲਾਜ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਕੂਲਾਂ ਵਿਚ ਪੜ੍ਹਨ ਵਾਲੀਆਂ ਸਾਰੀਆਂ ਲੜਕੀਆਂ ਨੂੰ ਸਰਵਾਈਕਲ ਕੈਂਸਰ ਤੋਂ ਸੁਰੱਖਿਅਤ ਕਰਨ ਲਈ ਐ.ਪੀ.ਵੀ. ਦੇ ਟੀਕੇ ਲਗਾਏ ਜਾਣਗੇ।
ਸਿਹਤ ਮੰਤਰੀ ਨੇ ਕਿਹਾ ਕਿ ਬਠਿੰਡਾ ਅਤੇ ਮਾਨਸਾ ਜਿਲ੍ਹਾ ਵਿਚ ਸਰਵਾਈਕਲ ਕੈਂਸਰ ਤੋਂ ਪੀੜਤ ਮਰੀਜਾਂ ਦੀ ਗਿਣਤੀ ਪੂਰੇ ਪੰਜਾਬ ਨਾਲੋਂ ਵੱਧ ਹੈ ਜਿਸ ਕਾਰਨ ਇਹ ਮੁਹਿੰਮ ਦਾ ਦੂਜਾ ਪੜਾਅ ਇਨ੍ਹਾਂ ਦੋ ਜਿਲ੍ਹਿਆਂ ਵਿਚ ਹੀ ਸ਼ੁਰੂ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜਿਲ੍ਹਿਆਂ ਵਿਖੇ ਦੂਜੇ ਪੜਾਅ ‘ਚ 6ਵੀਂ ਜਮਾਤ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਵਿਦਿਆਰਥਣਾਂ ਲਈ ਉਲੀਕੇ ਗਏ ਵਿਸ਼ੇਸ਼ ਪ੍ਰੋਗਰਾਮ ਅਧੀਨ ਟੀਕਾਕਰਣ ਕੀਤਾ ਜਾਵੇਗਾ।ਇਸ ਪ੍ਰੋਗਰਾਮ ਅਧੀਨ ਉਨ੍ਹਾਂ ਲੜਕੀਆਂ ਦਾ ਵੀ ਟੀਕਾਕਰਣ ਕੀਤਾ ਜਾਵੇਗਾ ਜਿਨ੍ਹਾਂ ਨੂੰ ਪਹਿਲੇ ਪੜਾਅ ਵਿਚ ਟੀਕਾਕਰਣ ਕਰਕੇ ਸੁਰੱਖਿਅਤ ਕੀਤਾ ਗਿਆ ਸੀ।
ਸ੍ਰੀ ਮਹਿੰਦਰਾ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪ੍ਰੋਗਰਾਮ ਅਧੀਨ ਤੈਨਾਤ ਮੈਡੀਕਲ ਅਫਸਰਾਂ ਨੂੰ ਮਾਹਿਰਾਂ ਵਲੋਂ ਲੋੜੀਂਦੀ ਐਚ.ਪੀ.ਵੀ. ਸਬੰਧੀ ਤਕਨੀਕੀ ਟ੍ਰੇਨਿੰਗ ਵੀ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਮਿੱਥੇ ਗਏ ਟੀਚੇ ਨੂੰ ਹਾਂਸਲ ਕਰਨ ਲਈ ਜਿਲ੍ਹਾ ਪੱਧਰ ‘ਤੇ ਕਮੇਟੀਆਂ ਗਠਿਤ ਕੀਤੀਆਂ ਜਾਣ ਤਾਂ ਜੋ ਦੂਜੇ ਸਕੂਲਾਂ ਵਿਚ ਸ਼ਿਫਟ ਹੋਇਆਂ ਵਿਦਿਆਰਥਣਾਂ ਨੂੰ ਟਰੈਕ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਲੜਕੀਆਂ ਦੇ ਮਾਪਿਆਂ ਨੂੰ ਵੀ ਟੀਕਾਕਰਣ ਕਰਨ ਬਾਰੇ ਸਿੱਖਿਅਤ ਕਰਕੇ ਲੜਕੀਆਂ ਦੀ ਸੁਰੱਖਿਆ ਨੂੰ ਯਕੀਨੀ ਕੀਤਾ ਜਾਵੇ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਇਹ ਵੈਕਸੀਨ ਯੂਨੀਸਫ ਦੀ ਅਗਵਾਈ ਅਧੀਨ ਖਰੀਦੀ ਗਈ ਹੈ ਜਦਕਿ ਇਸ ਸਬੰਧੀ ਤਕਨੀਕੀ ਮਾਰਗਦਰਸ਼ਨ ਵਿਸ਼ਵ ਸਿਹਤ ਸੰਸਥਾ ਵਲੋਂ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਕੈਂਸਰ ਵਿਰੁੱਧ ਪ੍ਰੋਗਰਾਮ ਅਧੀਨ ਦੂਜੇ ਪੜਾਅ ‘ਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਲਗਭਗ 20,000 ਵਿਦਿਆਰਥਣਾਂ ਦਾ ਟੀਕਾਕਰਣ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਦੁਆਰਾ ਟੀਕਾਕਰਣ ਪ੍ਰੋਗਰਾਮ ਅਧੀਨ ਇਹ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ।
ਸਿਹਤ ਮੰਤਰੀ ਨੇ ਮੀਟੰਗ ਦੌਰਾਨ ਕਿਹਾ ਕਿ ਇਹ ਟੀਕਾਕਰਣ ਕਮਨਿਊਟੀ ਹੈਲਥ ਸੈਂਟਰ, ਸਬ-ਡਿਵੀਜ਼ਨਲ ਹਸਪਤਾਲ ਅਤੇ ਜਿਲ੍ਹਾ ਹਸਪਤਾਲਾਂ ਵਿਚ ਮੈਡੀਕਲ ਅਫਸਰਾਂ ਵਲੋਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਹ ਵੈਕਸੀਨ ਕੀਮਤੀ ਹੋਣ ਸਦਕਾ ਆਮ ਲੋਕ ਇਸ ਨੂੰ ਖਰੀਦਣ ਵਿਚ ਅਸਮਰਥ ਹਨ ਜਿਸ ਲਈ ਇਸ ਵੈਕਸੀਨ ਦੀ ਸ਼ੁਰੂਆਤ ਰਾਜ ਸਰਕਾਰ ਵਲੋਂ ਕੀਤੀ ਗਈ ਹੈ।
ਇਸ ਮੀਟਿੰਗ ਵਿਚ ਹੋਰਾਂ ਤੋਂ ਇਲਾਵਾ ਸ੍ਰੀਮਤੀ ਅਜੰਲੀ ਭਾਵੜਾ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ, ਵਰੁੱਣ ਰੂਜ਼ਮ ਮਿਸ਼ਨ ਡਾÂਇਰੈਕਟਰ ਰਾਸ਼ਟਰੀ ਸਿਹਤ ਮਿਸ਼ਨ, ਰਾਜੀਵ ਭੱਲਾ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ, ਵਿਸ਼ਵ ਸਿਹਤ ਸੰਸਥਾ ਦੇ ਮਹਿਰ, ਡਾ. ਜੀ.ਬੀ. ਸਿੰਘ ਸਹਾਇਕ ਡਾਇਰੈਕਟਰ , ਡਾ. ਦੀਪਕਾ ਇੰਡੀਅਨ ਕਾਉਂਸਿਲ ਮੈਡੀਕਲ ਰਿਸਰਚ, ਡਾ. ਰਾਜੇਸ਼ ਕੁਮਾਰ, ਸਕੂਲ ਆਫ ਪਬਲਿਕ ਹੈਲਥ ਪੀ.ਜੀ.ਆਈ. ਚੰਡੀਗੜ੍ਹ ਅਤੇ ਮੈਡੀਕਲ ਕਾਲਜਾਂ ਦੇ ਅਫਸਰ ਵੀ ਹਾਜਰ ਸਨ।