ਪੰਜਾਬ ਸਰਕਾਰ ਵਲੋਂ ਇੰਗਲੈਂਡ ’ਚ ਪਾਏ ਗਏ ਨਵੇਂ ਸਾਰਸ-ਕੋਵ-2 ਵਾਇਰਸ ਸਬੰਧੀ ਐੱਸ.ਓ.ਪੀ. ਜਾਰੀ

72
Share

ਚੰਡੀਗੜ੍ਹ, 23 ਦਸੰਬਰ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਇੰਗਲੈਂਡ ’ਚ ਪਾਏ ਗਏ ਨਵੇਂ ਸਾਰਸ (ਐੱਸ.ਏ.ਆਰ.ਐੱਸ)-ਕੋਵ-2 ਵਾਇਰਸ ਦੇ ਮੱਦੇਨਜ਼ਰ ਮਹਾਂਮਾਰੀ ਸਬੰਧੀ ਵਿਗਿਆਨਕ ਨਿਗਰਾਨੀ ਅਤੇ ਪ੍ਰਤਿਕ੍ਰਿਆ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐੱਸ.ਓ.ਪੀ.) ਜਾਰੀ ਕੀਤੀ।
ਇਕ ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇੰਗਲੈਂਡ ਤੋਂ ਆਉਣ-ਜਾਣ ਵਾਲੇ ਯਾਤਰੀਆਂ ਦੀ ਨਿਗਰਾਨੀ ਅਤੇ ਟੈਸਟ ਕਰਨ ਸੰਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 21 ਤੋਂ 23 ਦਸੰਬਰ, 2020 ਨੂੰ ਯੂ.ਕੇ. ਤੋਂ ਭਾਰਤ ਪਹੁੰਚੇ 262 ਯਾਤਰੀਆਂ ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ ਆਰ.ਟੀ.-ਪੀ.ਸੀ.ਆਰ. ਸੈਂਪਲ ਲੈਣ ਪਿੱਛੋਂ ਵੱਖਰੀ ਥਾਂ ’ਤੇ ਨਿਗਰਾਨੀ ’ਚ ਰੱਖਿਆ ਗਿਆ ਹੈ। ਇਨ੍ਹਾਂ ਵਿਚੋਂ 8 ਯਾਤਰੀ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ ਨੂੰ ਐੱਸ.ਓ.ਪੀ. ਮੁਤਾਬਕ ਆਈਸੋਲੇਟ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਐੱਸ.ਏ.ਆਰ.ਐੱਸ-ਕੋਵ-2 ਵਾਇਰਸ (ਵੇਰੀਐਂਟ ਅੰਡਰ ਇਨਵੈਸਟੀਗੇਸ਼ਨ (ਵੀ.ਯੂ.ਆਈ) -20212/01) ਦੇ ਨਵੇਂ ਰੂਪ ਦੀ ਰਿਪੋਰਟ ਯੂਨਾਈਟਿਡ ਕਿੰਗਡਮ (ਯੂ.ਕੇੇ) ਵਲੋਂ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੂੰ ਦਿੱਤੀ ਗਈ ਹੈ। ਯੂਰਪੀਅਨ ਸੈਂਟਰ ਫਾਰ ਡਿਸੀਜ਼ ਕੰਟਰੋਲ (ਈ.ਸੀ.ਡੀ.ਸੀ.) ਵਲੋਂ ਇਹ ਵਾਇਰਸ ਵਧੇਰੇ ਸੰਚਾਰੀ ਅਤੇ ਨੌਜਵਾਨ ਆਬਾਦੀ ਨੂੰ ਪ੍ਰਭਾਵਤ ਕਰਨ ਵਾਲਾ ਦੱਸਿਆ ਗਿਆ ਹੈ। ਵਾਇਰਸ ਦਾ ਇਹ ਰੂਪ 17 ਪਰਿਵਰਤਨਾਂ ਦੇ ਇੱਕ ਸੈੱਟ ਵਾਲਾ ਦੱਸਿਆ ਗਿਆ ਹੈ। ਇਸ ਵਾਇਰਸ ਸਪਾਈਕ ਪ੍ਰੋਟੀਨ ਵਿਚ ਫਰਕ ਹੋਣ ਕਰਕੇ ਇਹ ਵਧੇਰੇ ਛੂਤਕਾਰੀ ਤੇ ਖਤਰਨਾਕ ਹੋ ਸਕਦਾ ਹੈ ਅਤੇ ਲੋਕਾਂ ਨੂੰ ਵਧੇਰੇ ਆਸਾਨੀ ਨਾਲ ਆਪਣੀ ਲਪੇਟ ਵਿਚ ਲੈ ਸਕਦਾ ਹੈ।
ਉਨ੍ਹਾਂ ਨੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐੱਸ.ਓ.ਪੀ.) ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਐੱਸ.ਓ.ਪੀ. ਵਿਚ ਉਨ੍ਹਾਂ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦਾ ਜ਼ਿਕਰ ਹੈ, ਜੋ ਪਿਛਲੇ 4 ਹਫਤਿਆਂ ਵਿਚ (25 ਨਵੰਬਰ ਤੋਂ 23 ਦਸੰਬਰ 2020) ਦੌਰਾਨ ਦੇਸ਼ ਵਿਚ ਦਾਖਲੇ ਸਮੇਂ ਅਤੇ ਭੀੜ-ਭੜੱਕੇ ਵਿਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ’ਚ ਸ਼ਾਮਲ ਰਹੇ ਹਨ। ਇਸ ਐੱਸ.ਓ.ਪੀ. ਮੁਤਾਬਕ ਕਰਾਇਆ ਜਾਣ ਵਾਲਾ ਟੈਸਟ ਸਿਰਫ ਆਰਟੀ-ਪੀ.ਸੀ.ਆਰ. ਹੀ ਹੈ।


Share