ਪੰਜਾਬ ਵਿੱਚ ਦੋ ਦਿਨਾਂ ‘ਚ ਝੱਖੜ ਤੇ ਗੜਿਆਂ ਨੇ ਕੀਤੀ 30 ਹਜ਼ਾਰ ਏਕੜ ਫ਼ਸਲ ਖਰਾਬ

ਚੰਡੀਗੜ੍ਹ, 7 ਅਪ੍ਰੈਲ (ਪੰਜਾਬ ਮੇਲ)- ਪੰਜਾਬ ਵਿੱਚ ਪਿਛਲੇ ਦੋ ਦਿਨਾਂ ਵਿੱਚ ਪਏ ਮੀਂਹ ਤੇ ਗੜ੍ਹਿਆਂ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਹੈ। ਇੱਕ ਅੰਦਾਜੇ ਮੁਤਾਬਿਕ ਪੰਜਾਬ ਵਿੱਚ 30 ਹਜ਼ਾਰ ਏਕੜ ਤੋਂ ਵੱਧ ਫਸਲ ਦਾ ਨੁਕਸਾਨ ਹੋਇਆ ਹੈ। ਇਸ ਸੰਬਧੀ ਖੇਤੀਬਾੜੀ ਵਿਭਾਗ ਨੇ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਪ ਦਿੱਤੀ ਹੈ। ਇਸਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਫਸਲਾਂ ਦੀ ਗਿਰਦਾਵਰੀ ਦੇ ਹੁਕਮ ਦੇ ਦਿੱਤੇ ਹਨ। ਸਰਕਾਰ ਵੱਲੋਂ ਗਿਰਦਾਵਰੀ ਰਿਪੋਰਟ ਨੂੰ ਆਧਾਰ ਬਣਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਨੇ ਅਗਲੇ ਦਿਨੀਂ ਮੌਸਮ ਸਾਫ ਹੋਣ ਦੀ ਭਵਿੱਖਬਾਣੀ ਕੀਤੀ ਹੈ।
ਮੁਢਲੀ ਰਿਪੋਰਟ ਮੁਤਾਬਿਕ ਸਭ ਤੋਂ ਵੱਧ ਨੁਕਸਾਨ ਪਟਿਆਲਾ ਵਿੱਚ ਹੋਇਆ ਹੈ। ਇੱਥੇ ਅਠਾਰਾਂ ਹਜ਼ਾਰ ਏਕੜ ਫ਼ਸਲ ਦਾ 25 ਤੋਂ 75 ਫ਼ੀਸਦ ਨੁਕਸਾਨ ਦਾ ਅੰਦਾਜਾ ਹੈ। ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਰਿਪੋਰਟ ਜ਼ਿਲ੍ਹਾ ਖੇਤੀਬਾੜੀ ਅਫਸਰਾਂ ਵੱਲੋਂ ਮੌਕੇ ’ਤੇ ਜਾ ਕੇ ਲਏ ਜਾਇਜ਼ੇ ਨੂੰ ਆਧਾਰ ਬਣਾ ਕੇ ਤਿਆਰ ਕੀਤੀ ਹੈ। ਮੁਢਲੇ ਅਨੁਮਾਨ ਮੁਤਾਬਕ ਪਟਿਆਲਾ ਜ਼ਿਲ੍ਹੇ ਵਿੱਚ ਮੀਂਹ ਤੇ ਗੜਿਆਂ ਨਾਲ ਅਠਾਰਾਂ ਹਜ਼ਾਰ ਏਕੜ ਫ਼ਸਲ ਦਾ 25 ਤੋਂ 75 ਫ਼ੀਸਦ ਨੁਕਸਾਨ ਹੋਇਆ ਹੈ। ਸੰਗਰੂਰ ਵਿੱਚ ਢਾਈ ਹਜ਼ਾਰ ਏਕੜ ਫਸਲ ਨੂੰ ਨੁਕਸਾਨ ਪੁੱਜਾ ਹੈ। ਸੰਗਰੂਰ ਵਿੱਚ ਨੁਕਸਾਨ 15 ਤੋਂ 25 ਫ਼ੀਸਦ ਦੱਸਿਆ ਗਿਆ ਹੈ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਜ਼ਿਲ੍ਹੇ ਮੁਕਤਸਰ ਵਿੱਚ ਸਾਢੇ ਅੱਠ ਸੌ ਏਕੜ ਫਸਲ ਨੂੰ 15 ਤੋਂ 20 ਪ੍ਰਤੀਸ਼ਤ ਨੁਕਸਾਨ ਹੋਇਆ ਹੈ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਦੋ ਹਜ਼ਾਰ ਏਕੜ ਕਣਕ 10 ਤੋਂ 15 ਫ਼ੀਸਦ ਤੱਕ ਨੁਕਸਾਨੀ ਗਈ ਹੈ। ਕਈ ਨੀਵੇਂ ਥਾਵਾਂ ’ਤੇ ਪਾਣੀ ਖੜ੍ਹ ਗਿਆ ਹੈ। ਫਾਜ਼ਲਿਕਾ ਵਿੱਚ ਸਾਢੇ ਚਾਰ ਸੌ ਏਕੜ ਵਿੱਚ ਗੜੇਮਾਰੀ ਹੋਈ ਹੈ ਅਤੇ ਕਣਕ ਦੀ ਫਸਲ ਨੂੰ 10 ਤੋਂ 20 ਫ਼ੀਸਦ ਤਕ ਨੁਕਸਾਨ ਪੁੱਜਾ ਹੈ।
ਲੁਧਿਆਣਾ, ਫ਼ਰੀਦਕੋਟ, ਅੰਮ੍ਰਿਤਸਰ ਤੇ ਫ਼ਿਰੋਜ਼ਪੁਰ ਵਿੱਚ ਵੀ ਗੜਿਆਂ ਤੇ ਹਨੇਰੀ ਨਾਲ ਫ਼ਸਲ ਵਿਛ ਗਈ ਹੈ ਪਰ ਇਸ ਨੂੰ ਹਾਲ ਦੀ ਘੜੀ ਨੁਕਸਾਨ ਵਾਲੇ ਏਰੀਏ ਵਿੱਚ ਨਹੀਂ ਜੋੜਿਆ ਗਿਆ। ਵਿਭਾਗ ਨੇ ਫਸਲ ਦੇ ਮੁੜ ਖੜ੍ਹੀ ਹੋਣ ਦੀ ਸੰਭਾਵਨਾ ਦੱਸੀ ਹੈ। ਸਰ੍ਹੋਂ ਦੀ ਫ਼ਸਲ ਤਾਂ 70 ਫ਼ੀਸਦ ਤੋਂ ਵੱਧ ਖ਼ਰਾਬ ਹੋ ਗਈ ਹੈ ਤੇ ਕੱਟੀ ਹੋਈ ਫ਼ਸਲ ਦੇ ਦਾਣੇ ਕਿਰ ਗਏ ਹਨ। ਮੀਂਹ ਕਾਰਨ ਕਣਕ ਦੀ ਕਟਾਈ ਹਾਲ ਦੀ ਘੜੀ ਰੁਕ ਗਈ ਹੈ। ਵਿਛੀ ਫਸਲ ਨੂੰ ਕੰਬਾਈਨਾਂ ਦੀ ਥਾਂ ਹੁਣ ਹੱਥੀਂ ਵੱਢਣਾ ਪੈ ਸਕਦਾ ਹੈ, ਜੋ ਕਿਸਾਨਾਂ ਲਈ ਨਵੀਂ ਮੁਸੀਬਤ ਹੈ ਕਿਉਂਕਿ ਪਰਵਾਸੀ ਮਜ਼ਦੂਰਾਂ ਦੀ ਆਮਦ ਪਹਿਲਾਂ ਨਾਲੋਂ ਘੱਟ ਹੈ।
There are no comments at the moment, do you want to add one?
Write a comment