ਪੰਜਾਬ ਵਿਧਾਨ ਸਭਾ ਚੋਣਾਂ : ਸਾਰੇ ਉਮੀਦਵਾਰਾਂ ਨੂੰ ਸ਼ਕਤੀ ਤੇ ਨਸ਼ੇ ਦੀ ਵਰਤੋਂ ਨਾ ਕਰਨ ਲਈ ਚੁੱਕਣੀ ਪਵੇਗੀ ਸਹੁੰ!

ਚੰਡੀਗੜ੍ਹ, 14 ਅਕਤੂਬਰ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਦੀਆਂ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੇ ਸਾਰੇ ਉਮੀਦਵਾਰਾਂ ਨੂੰ ਐਫੀਡੇਵਿਟ ਦਾਖਲ ਕਰਨਾ ਹੋਵੇਗਾ ਅਤੇ ਉਹ ਚੋਣਾਂ ਵਿੱਚ ਵੋਟਰਾਂ ਉੱਤੇ ਪ੍ਰਭਾਵ ਪਾਉਣ ਲਈ ਪੈਸੇ ਅਤੇ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਪ੍ਰਯੋਗ ਨਾ ਕਰਨ ਦੀ ਸਹੁੰ ਚੁੱਕਣਗੇ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀ ਕੇ ਸਿੰਘ ਨੇ ਕੱਲ੍ਹ ਇਥੇ ਦੱਸਿਆ ਕਿ ਸਹੁੰ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਚੁੱਕਣੀ ਹੋਵੇਗੀ। ਚੋਣ ਕਮਿਸ਼ਨ ਇਹ ਗੱਲ ਯਕੀਨੀ ਕਰਨ ਦਾ ਹਰ ਯਤਨ ਕਰ ਰਿਹਾ ਹੈ ਕਿ ਚੋਣਾਂ ਵਿੱਚ ਪੈਸੇ ਅਤੇ ਬਾਹੂ-ਬਲ ਦਾ ਪ੍ਰਭਾਵ ਘੱਟ ਤੋਂ ਘੱਟ ਕੀਤਾ ਜਾਵੇ। ਇਸੇ ਸਿਲਸਿਲੇ ਵਿੱਚ ਚੋਣ ਕਮਿਸ਼ਨ ਨੇ ਇੱਕ ਵੈੱਬਸਾਈਟ ਲਾਂਚ ਕੀਤੀ ਹੈ, ਜਿਸ Ḕਤੇ ਕੋਈ ਵੀ ਵਿਅਕਤੀ ਪੈਸੇ, ਬਲ ਜਾਂ ਨਸ਼ਿਆਂ ਦੇ ਪ੍ਰਯੋਗ ਬਾਰੇ ਸ਼ਿਕਾਇਤ ਕਰ ਸਕਦਾ ਹੈ ਅਤੇ ਸਬੂਤ ਵਜੋਂ ਉਨ੍ਹਾਂ ਕੋਲ ਮੌਜੂਦ ਵੀਡੀਓ ਜਾਂ ਫੋਟੋ ਨੂੰ ਵੈੱਬਸਾਈਟ Ḕਤੇ ਅਪਲੋਡ ਕੀਤਾ ਜਾ ਸਕਦਾ ਹੈ। ਵੀ ਕੇ ਸਿੰਘ ਨੇ ਕਿਹਾ ਕਿ ਇਸ ਵਾਰ ਚੋਣ ਕਮਿਸ਼ਨ ਸੂਚਨਾ ਤਕਨੀਕ ਦੀ ਵੱਡੇ ਪੱਧਰ Ḕਤੇ ਵਰਤੋਂ ਕਰੇਗਾ, ਜਿਸ ਵਿੱਚ ਵਟਸਐਪ, ਫੇਸਬੁਕ, ਟਵਿੱਟਰ ਦੀ ਵਰਤੋਂ ਹੋਵੇਗੀ। ਇਨ੍ਹਾਂ ਰਾਹੀਂ ਹਰ ਤਰ੍ਹਾਂ ਦੀ ਦੁਰ-ਵਰਤੋਂ ਦੀ ਸੂਚਨਾ ਮਿਲਦੇ ਸਾਰ ਚੋਣ ਕਮਿਸ਼ਨ ਦੇ ਫਲਾਇੰਗ ਸਕੂਐਡ ਮੌਕੇ Ḕਤੇ ਪਹੁੰਚ ਕੇ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਹਵਾਈ ਅੱਡਿਆਂ ਉੱਤੇ ਟੀਮਾਂ ਤੈਨਾਤ ਕਰ ਦਿੱਤੀਆਂ ਹਨ, ਜਿਨ੍ਹਾਂ ਨੇ ਵਿਸ਼ੇਸ਼ ਤੌਰ Ḕਤੇ ਕੈਸ਼ ਦੀ ਆਵਾਜਾਈ ਉੱਤੇ ਨਜ਼ਰ ਰੱਖੀ ਹੋਈ ਹੈ। ਇਸੇ ਤਰ੍ਹਾਂ ਸੜਕੀ ਤੇ ਰੇਲ ਮਾਰਗਾਂ ਉੱਤੇ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਚੋਣਾਂ ਵਿੱਚ ਪੈਸੇ ਤੇ ਨਸ਼ਿਆਂ ਦੀ ਵਧਦੀ ਵਰਤੋਂ ਬਾਰੇ ਸਾਰੇ ਸਿਆਸੀ ਦਲਾਂ ਵਿੱਚ ਇੱਕ ਰਾਏ ਮਿਲਦੀ ਹੈ। ਇਸ ਦੀ ਰੋਕਥਾਮ ਲਈ ਸਾਰਿਆਂ ਨੇ ਚੋਣ ਕਮਿਸ਼ਨ ਨੂੰ ਆਪਣੇ ਸਹਿਯੋਗ ਦਾ ਵਿਸ਼ਵਾਸ ਦਿਵਾਇਆ ਹੈ।
There are no comments at the moment, do you want to add one?
Write a comment