ਪੰਜਾਬ ਵਿਧਾਨ ਸਭਾ ਚੋਣਾਂ; ਟਿਕਟਾਂ ਦੀ ਵੰਡ ‘ਤੇ ਸੰਭਲ ਕੇ ਚੱਲ ਰਹੀ ਹੈ ਕਾਂਗਰਸ

ਚੰਡੀਗੜ੍ਹ, 17 ਅਗਸਤ (ਪੰਜਾਬ ਮੇਲ)- ਪੰਜਾਬ ਪ੍ਰਦੇਸ਼ ਕਾਂਗਰਸ ਇਸ ਵਾਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਅਤੇ ਟਿਕਟਾਂ ਦੀ ਵੰਡ ਵਿਚ ਕਿਸੇ ਕਿਸਮ ਦੀ ਢਿਲ-ਮੱਠ ਅਤੇ ਊਣਤਾਈ ਨਹੀਂ ਰਹਿਣ ਦੇਣਾ ਚਾਹੁੰਦੀ। ਇਸ ਲਈ ਟਿਕਟਾਂ ਦੇਣ ਤੋਂ ਪਹਿਲਾਂ ਪੰਜ ਸਰਵੇਖਣ ਕਰਵਾਏ ਜਾ ਰਹੇ ਹਨ। ਇੱਕ ਸਰਵੇਖਣ ਪੰਜਾਬ ਪ੍ਰਦੇਸ਼ ਵਿਧਾਇਕ ਦਲ ਦੇ ਨੇਤਾ ਚਰਨਜੀਤ ਸਿੰਘ ਚੰਨੀ ਦਿੱਲੀ ਦੀ ਪ੍ਰਾਈਵੇਟ ਕੰਪਨੀ ਕੋਲੋਂ ਕਰਵਾ ਰਹੇ ਹਨ। ਇਸ ਦੇ ਨਾਲ ਹੀ ਕਾਂਗਰਸ ਨੇ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਵਿਚ ਹਾਕਮ ਧਿਰ ਅਕਾਲੀ-ਭਾਜਪਾ ਸਰਕਾਰ ਨੂੰ ਹਰ ਖੇਤਰ ਵਿਚ ਘੇਰਨ ਦੀ ਰਣਨੀਤੀ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਲਈ ਵੱਖ-ਵੱਖ ਵਰਗਾਂ ਦੇ ਆਗੂਆਂ ਨਾਲ ਮੀਟਿੰਗਾਂ ਜਾਰੀ ਹਨ। ਉਮੀਦਵਾਰਾਂ ਦੀ ਚੋਣ ਅਤੇ ਟਿਕਟਾਂ ਦੀ ਵੰਡ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਪਾਰਟੀ ਦੇ ਇੰਚਾਰਜ ਜਨਰਲ ਸਕੱਤਰ, ਵਿਧਾਇਕ ਦਲ ਦੇ ਨੇਤਾ ਤੇ ਹਾਈਕਮਾਂਡ ਦੇ ਇੱਕ ਸੀਨੀਅਰ ਨੇਤਾ ਬੈਠ ਕੇ ਸੂਚੀ ਤਿਆਰ ਕਰਨਗੇ। ਇਸ ਸੂਚੀ ਨੂੰ ਪਾਰਟੀ ਹਾਈਕਮਾਂਡ ਅੰਤਿਮ ਰੂਪ ਦੇਵੇਗੀ। ਕਾਂਗਰਸ ਵਿਧਾਇਕ ਦਲ ਦਾ ਨੇਤਾ ਇਸ ਮੀਟਿੰਗ ‘ਚ ਪੂਰੀ ਤਿਆਰੀ ਨਾਲ ਜਾਣਾ ਚਾਹੁੰਦੇ ਹਨ। ਇਸ ਲਈ ਉਹ ਹਰੇਕ ਹਲਕੇ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ। ਉਹ ਹੁਣ ਤੱਕ 40 ਵਿਧਾਨ ਸਭਾ ਹਲਕਿਆਂ ਦੇ ਨਿੱਜੀ ਦੌਰੇ ‘ਤੇ ਮੀਟਿੰਗਾਂ ਕਰਕੇ ਜਾਣਕਾਰੀ ਇਕੱਠੀ ਕਰ ਚੁੱਕੇ ਹਨ ਤੇ 70 ਹਲਕਿਆਂ ਬਾਰੇ ਪ੍ਰਾਈਵੇਟ ਕੰਪਨੀ ਸ਼ਾਈਨਿੰਗ ਇੰਡੀਆ ਕੋਲੋਂ ਸਰਵੇਖਣ ਕਰਵਾ ਰਹੇ ਹਨ। ਇਹ ਸਰਵੇਖਣ ਸਤੰਬਰ ਦੇ ਅਖੀਰ ਤੱਕ ਆ ਜਾਣ ਦੀ ਸੰਭਾਵਨਾ ਹੈ। ਵਿਧਾਇਕ ਦਲ ਦੇ ਨੇਤਾ ਚਰਨਜੀਤ ਚੰਨੀ ਦਾ ਕਹਿਣਾ ਹੈ ਕਿ ਜਿਹੜੇ ਹਲਕਿਆਂ ਵਿਚ ਉਮੀਦਵਾਰ ਬਦਲੇ ਜਾਣੇ ਹਨ ਜਾਂ ਜਿਥੇ ਆਪਸ ਵਿਚ ਸਖ਼ਤ ਮੁਕਾਬਲਾ ਹੈ, ਉਨ੍ਹਾਂ ਹਲਕਿਆਂ ਵਿਚ ਤਿੰਨ-ਤਿੰਨ ਉਮੀਦਵਾਰਾਂ ਦਾ ਪੈਨਲ ਬਣਾਇਆ ਜਾਵੇਗਾ ਅਤੇ ਬਿਹਤਰ ਉਮੀਦਵਾਰ ਨੂੰ ਹੀ ਟਿਕਟ ਦਿੱਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਮਾਝਾ ਤੇ ਮਾਲਵਾ ਵਿਚ ਕਾਂਗਰਸ ਦੀ ਸਥਿਤੀ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਬਿਹਤਰ ਹੈ।
ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਸਬੰਧੀ ਸ਼੍ਰੀ ਚੰਨੀ ਨੇ ਕਿਹਾ ਕਿ ਹਾਕਮ ਧਿਰ ਹਰ ਫਰੰਟ ‘ਤੇ ਅਸਫਲ ਸਾਬਤ ਹੋ ਚੁੱਕੀ ਹੈ। ਇਸ ਕਰਕੇ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਦੀ ਮਦਦ ਨਾਲ ਧਾਰਮਿਕ ਭਾਵਨਾਵਾਂ ਭੜਕਾ ਕੇ ਲੋਕਾਂ ਨੂੰ ਫਿਰਕੂ ਲੀਹਾਂ ‘ਤੇ ਵੰਡਣਾ ਚਾਹੁੰਦੀ ਹੈ ਪਰ ਕਾਂਗਰਸ ਇਸ ਨੀਤੀ ਨੂੰ ਸਫਲ ਨਹੀਂ ਹੋਣ ਦੇਵੇਗੀ ਤੇ ਡੱਟ ਕੇ ਵਿਰੋਧ ਕਰੇਗੀ।
ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਮੁੱਖ ਮੰਤਰੀ ਦੇ ਪਰਿਵਾਰ ਦਾ ਕਈ ਕਾਰੋਬਾਰਾਂ ‘ਤੇ ਕਬਜ਼ਾ ਹੈ, ਜਿਸ ਕਰਕੇ ਉਨ੍ਹਾਂ ਕਾਰੋਬਾਰਾਂ ਵਾਲੇ ਸਰਕਾਰੀ ਅਦਾਰੇ ਘਾਟੇ ਵਿਚ ਜਾ ਰਹੇ ਹਨ ਤੇ ਇਸ ਮਸਲੇ ਦਾ ਹੱਲ ਨਿਕਲਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਿਸੇ ਵੀ ਵਿਸ਼ੇਸ਼ ਜਾਂਚ ਟੀਮ ਦਾ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਅਮਨ-ਕਾਨੂੰਨ ਦੀ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ। ਖੇਤ ਮਜ਼ਦੂਰ, ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਤੇ ਵਪਾਰ ਠੱਪ ਹੋ ਰਹੇ ਹਨ। ਇਨ੍ਹਾਂ ਮੁੱਦਿਆਂ ‘ਤੇ ਕਾਂਗਰਸ ਪਾਰਟੀ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਵਿਚ ਹਾਕਮ ਧਿਰ ਨੂੰ ਘੇਰੇਗੀ।
117 ਹਲਕਿਆਂ ਲਈ 1600 ਅਰਜ਼ੀਆਂ
ਕਾਂਗਰਸ ਨੂੰ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਲਈ ਲਗਭਗ 1600 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸ ਤੋਂ ਇਲਾਵਾ ਕਰੀਬ ਦੋ ਸੌ ਅਰਜ਼ੀਆਂ ਅਜਿਹੀਆਂ ਹਨ, ਜਿਹੜੀਆਂ ਨੋਟਰੀ ਤੋਂ ਤਸਦੀਕ ਨਹੀਂ ਹਨ। ਹਰੇਕ ਉਮੀਦਵਾਰ ਦੀ ਅਰਜ਼ੀ ਕਰੀਬ ਦੋ ਸੌ ਸਫਿਆਂ ਦੀ ਹੈ। ਇਸ ਲਈ ਕਾਂਗਰਸ ਨੂੰ ਉਮੀਦਵਾਰਾਂ ਦੀ ਸਕਰੀਨਿੰਗ ਸਮੇਂ ਭਾਰੀ ਮੁਸ਼ੱਕਤ ਕਰਨੀ ਪਵੇਗੀ।
There are no comments at the moment, do you want to add one?
Write a comment