ਪੰਜਾਬ ਵਿਚ ਕੜਾਕੇ ਦੀ ਠੰਢ, ਸ਼ਿਮਲਾ ਤੇ ਧਰਮਸ਼ਾਲਾ ਤੋਂ ਵੀ ਹੇਠਾਂ ਤਾਪਮਾਨ

165
Share

ਚੰਡੀਗੜ, 20 ਦਸੰਬਰ (ਪੰਜਾਬ ਮੇਲ)- ਪੰਜਾਬ ਵਿਚ ਕੜਾਕੇ ਦੀ ਠੰਢ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ। ਇੱਥੋਂ ਦੇ ਕਈ ਸ਼ਹਿਰਾਂ ਦਾ ਤਾਪਮਾਨ ਸ਼ਿਮਲਾ ਤੇ ਧਰਮਸ਼ਾਲਾ ਤੋਂ ਵੀ ਹੇਠਾਂ ਚੱਲ ਰਿਹਾ ਹੈ। ਆਦਮਪੁਰ ’ਚ ਪਾਰਾ ਸਿਫ਼ਰ ਤੋਂ 1.9 ਡਿਗਰੀ ਸੈਲਸਿਅਸ ਹੇਠਾ ਰਹਿਣ ਦੇ ਨਾਲ ਪੰਜਾਬ ਅਤੇ ਹਰਿਆਣਾ ਸਨਿਚਰਵਾਰ ਨੂੰ ਸ਼ੀਤਲਹਿਰ ਦੀ ਚਪੇਟ ’ਚ ਰਿਹਾ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਤਿੰਨ ਦਿਨ ਅਜਿਹੀ ਹੀ ਕੜਾਕੇ ਦੀ ਠੰਢ ਪੈਣ ਦੇ ਆਸਾਰ ਹਨ। ਦੋਨਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਘੱਟੋ ਘੱਟ ਤਾਪਮਾਨ 4.3 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲ ਦੋ ਡਿਗਰੀ ਘੱਟ ਹੈ। ਵਿਭਾਗ ਮੁਤਾਬਕ ਪੰਜਾਬ ’ਚ ਸਿਫ਼ਰ ਤੋਂ 1.9 ਡਿਗਰੀ ਹੇਠਾ ਤਾਪਮਾਨ ਦੇ ਨਾਲ ਆਦਮਪੁਰ ਸੱਭ ਤੋਂ ਠੰਢਾ ਇਲਾਕਾ ਰਿਹਾ। ਉਥੇ ਹੀ ਅਮਿ੍ਰੰਤਸਰ ਦਾ ਘੱਟੋ ਘੱਟ ਤਾਪਮਾਨ 0.6 ਡਿਗਰੀ ਸੈਲਸਿਅਸ ਅਤੇ ਹਲਵਾੜਾ ’ਚ ਇਹ 0.8 ਡਿਗਰੀ ਦਰਜ ਕੀਤਾ ਗਿਆ। ਫਰੀਦਕੋਟ, ਪਠਾਨਕੋਟ, ਬਠਿੰਡਾ, ਲੁਧਿਆਣਾ, ਪਟਿਆਲਾ ਅਤੇ ਗੁਰਦਾਸਪੁਰ ਦਾ ਘੱਟੋ ਘੱਟ ਤਾਪਮਾਨ 1.0,2.2, 2.6,2.8,4 ਅਤੇ 4.1 ਡਿਗਰੀ ਸੈਲਸੀਅਸ ਰਿਹਾ। ਹਰਿਆਣਾ ’ਚ ਅੰਬਾਲਾ ਦਾ ਘੱਟੋ ਘੱਟ ਤਾਪਮਾਨ 4.0 ਡਿਗਰੀ ਦਰਜ ਕੀਤਾ ਗਿਆ, ਜਦਕਿ ਹਿਸਾਰ ਅਤੇ ਕਰਨਾਲ ਦਾ 2.8,2.3 ਡਿਗਰੀ ਸੈਲਸਿਅਸ ਰਿਹਾ।

Share