ਪੰਜਾਬ ਪ੍ਰੋਡਕਸ਼ਨਜ਼ ਤੇ ਪੰਜਾਬੀ ਮੀਡੀਆ ਯੂ.ਐੱਸ.ਏ. ਵੱਲੋਂ ਇੰਟਰਨੈਸ਼ਨਲ ‘ਦਸਤਾਰ ਮੁਕਾਬਲਾ’ ਕਰਵਾਇਆ ਗਿਆ  

256
ਜੇਤੂਆਂ ਦਾ ਐਲਾਨ ਕਰਦੇ ਹੋਏ ਕਮੇਟੀ ਮੈਂਬਰ।
Share

ਸੈਕਰਾਮੈਂਟੋ, 5 ਅਗਸਤ (ਦਲਜੀਤ ਢੰਡਾ/ਪੰਜਾਬ ਮੇਲ)- ਦੁਨੀਆਂ ਭਰ ‘ਚ ਦਸਤਾਰ ਪ੍ਰਤੀ ਨੌਜਵਾਨਾਂ ‘ਚ ਰੁਝਾਨ ਵਧਾਉਣ ਲਈ ਤੇ ਦਸਤਾਰਧਾਰੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਪ੍ਰੋਡਕਸ਼ਨਜ਼ ਤੇ ਪੰਜਾਬੀ ਮੀਡੀਆ ਯੂ.ਐੱਸ.ਏ. ਵੱਲੋਂ ਆਨਲਾਈਨ ਇੰਟਰਨੈਸ਼ਨਲ ‘ਦਸਤਾਰ ਮੁਕਾਬਲਾ’ ਕਰਵਾਇਆ ਗਿਆ। ਇਹ ਮੁਕਾਬਲਾ ਪੂਰਾ ਇਕ ਮਹੀਨਾ ਪੰਜਾਬੀ ਮੀਡੀਆ ਯੂ.ਐੱਸ.ਏ. ਦੇ ਯੂ-ਟਿਊਬ ਚੈਨਲ ‘ਤੇ ਚੱਲਿਆ। ਉਪਰੰਤ ਪੰਜਾਬ ਪ੍ਰੋਡਕਸ਼ਨਜ਼ ਤੇ ਪੰਜਾਬੀ ਮੀਡੀਆ ਯੂ.ਐੱਸ.ਏ. ਦੀ ਟੀਮ ਵੱਲੋਂ ਗੁਰਦੁਆਰਾ ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਵਿਖੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਉਪਰੰਤ ਨਤੀਜੇ ਐਲਾਨੇ ਗਏ। ਸ਼ੁਰੂਆਤ ‘ਚ ਗੁਰੂਘਰ ਦੇ ਸੇਵਾਦਾਰ ਸ਼ੀਤਲ ਸਿੰਘ ਨਿੱਜਰ ਨੇ ਮੁਕਾਬਲਾ ਕਰਾਉਣ ਵਾਲੀਆ ਸੰਸਥਾਵਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਇਸ ਚੰਗੇ ਕਰਮ ਕਰਨ ‘ਤੇ ਧੰਨਵਾਦ ਕੀਤਾ। ਪੰਜਾਬ ਪ੍ਰੋਡਕਸ਼ਨਜ਼ ਤੇ ਪੰਜਾਬੀ ਮੀਡੀਆ ਯੂ.ਐੱਸ.ਏ. ਦੀ ਟੀਮ ਵੱਲੋਂ ਦਲਜੀਤ ਸਿੰਘ ਢੰਡਾ ਅਤੇ ਜਗਦੇਵ ਸਿੰਘ ਭੰਡਾਲ ਵੱਲੋਂ ਮੁਕਾਬਲਾ ਕਰਵਾਉਣ ਵਾਲੀ ਪੂਰੀ ਟੀਮ, ਮੁਕਾਬਲੇ ਵਿਚ ਭਾਗ ਲੈਣ ਵਾਲੇ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਧੰਨਵਾਦ ਕੀਤਾ। ਉਪਰੰਤ ਦਸਤਾਰ ਕੋਚ ਸਿਮਰਜੀਤ ਸਿੰਘ ਨੇ ਪਹਿਲੇ ਪੰਜ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ। ਮੁਕਾਬਲੇ ‘ਚ ਜਸਕਰਨਦੀਪ ਸਿੰਘ ਨੇ ਪਹਿਲਾ, ਸਰਬਜੀਤ ਸਿੰਘ ਨੇ ਦੂਜਾ, ਮਨਜਿੰਦਰ ਸਿੰਘ ਨੇ ਤੀਜਾ, ਹਰਵੀਰ ਸਿੰਘ ਨੇ ਚੌਥਾ ਅਤੇ ਸਮਰਜੀਤ ਸਿੰਘ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ ਪਹਿਲਾ ਇਨਾਮ 500 ਡਾਲਰ, ਦੂਜਾ 400 ਡਾਲਰ, ਤੀਜਾ 300 ਡਾਲਰ, ਚੌਥਾ 200 ਡਾਲਰ, ਪੰਜਵਾਂ 100 ਡਾਲਰ ਦਿੱਤਾ ਜਾਵੇਗਾ। ਮੁਕਾਬਲੇ ਦੇ ਨਤੀਜਿਆਂ ਦਾ ਐਲਾਨ ਕਰਨ ਵੇਲੇ ਦਲਜੀਤ ਸਿੰਘ ਢੰਡਾ, ਜਤਿੰਦਰ ਸੋਨੂੰ ਹੁੰਦਲ, ਗੁਰਪਿੰਦਰ ਤੁੰਗ, ਜਗਦੇਵ ਸਿੰਘ ਭੰਡਾਲ, ਸਰਪੰਚ ਗੁਰਦੇਵ ਸਿੰਘ ਹੁੰਦਲ, ਟੀ.ਜੇ. ਹੁੰਦਲ, ਸਿਮਰਜੀਤ ਸਿੰਘ, ਹਰਮਨਜੋਤ ਸਿੰਘ, ਹਰਪ ਗਿੱਲ, ਹਰਵੀ ਕਾਹਲੋਂ ਤੇ ਸੀਤਲ ਸਿੰਘ ਨਿੱਜਰ ਆਦਿ ਹਾਜ਼ਰ ਸਨ।


Share