ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਰਾਲੀ ਸਾੜਨ ਦੀਆਂ 460 ਘਟਨਾਵਾਂ ‘ਚ 12.25 ਲੱਖ ਦਾ ਜੁਰਮਾਨਾ

74
Share

ਚੰਡੀਗੜ੍ਹ, 9 ਅਕਤੂਬਰ (ਪੰਜਾਬ ਮੇਲ)- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰਾਜ ਵਿਚ ਪਰਾਲੀ ਸਾੜਨ ਦੀਆਂ 460 ਘਟਨਾਵਾਂ ਵਿਚ 12.25 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਮਹੀਨੇ ਦੇ ਅੰਤ ਤਕ ਇਕ ਸਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੀ ਪਰਾਲੀ ਸਾੜਨ ਦੀਆਂ ਘਟਨਾਵਾਂ ਪਿਛਲੇ ਸਾਲ ਦੇ ਮੁਕਾਬਲੇ ਵਧੀਆਂ ਜਾਂ ਘਟੀਆਂ ਹਨ। ਪੀ.ਪੀ.ਸੀ.ਬੀ. ਦੇ ਮੈਂਬਰ ਕਰੁਨੇਸ਼ ਗਰਗ ਨੇ ਦੱਸਿਆ, ”21 ਸਤੰਬਰ ਤੋਂ 7 ਅਕਤੂਬਰ ਦਰਮਿਆਨ ਪਰਾਲੀ ਸਾੜਨ ਦੀਆਂ 460 ਘਟਨਾਵਾਂ ਵਿਚ 12.25 ਲੱਖ ਰੁਪਏ ਦਾ ਜੁਰਮਾਨਾ (ਵਾਤਾਵਰਣ ਮੁਆਵਜ਼ਾ) ਲਗਾਇਆ ਗਿਆ, ਜਿਸ ਵਿਚੋਂ 70 ਹਜ਼ਾਰ ਰੁਪਏ ਦੀ ਵਸੂਲੀ ਹੋ ਚੁੱਕੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਸ ਸਾਲ 21 ਸਤੰਬਰ ਤੋਂ 7 ਅਕਤੂਬਰ ਦੇ ਦਰਮਿਆਨ ਪਰਾਲੀ ਸਾੜਨ ਦੀਆਂ 1,692 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜੋ ਪਿਛਲੇ ਸਾਲ ਨਾਲੋਂ ਅਜਿਹੀਆਂ ਘਟਨਾਵਾਂ ਵਿਚ ਪੰਜ ਗੁਣਾ ਵਾਧਾ ਦਰਸਾਉਂਦੀਆਂ ਹਨ, ਤਾਂ ਸ਼੍ਰੀ ਗਰਗ ਨੇ ਕਿਹਾ, ”ਇਹ ਕੋਈ ਉਚਿਤ ਤੁਲਨਾ ਨਹੀਂ ਹੈ। ਅਜੇ ਇਹ ਸੀਜ਼ਨ ਦੀ ਸ਼ੁਰੂਆਤ ਹੈ।” ਅਧਿਕਾਰੀ ਨੇ ਕਿਹਾ ਕਿ ਸੈਟੇਲਾਈਟ ਮੁਤਾਬਕ ਸੱਤ ਅਕਤੂਬਰ ਤੱਕ ਪਰਾਲੀ ਸਾੜਨ ਦੀਆਂ 1,692 ਘਟਨਾਵਾਂ ਹੋਈਆਂ ਜਦ ਕਿ ਪੀ.ਪੀ.ਸੀ.ਬੀ. ਦੇ ਅਧਿਕਾਰੀ ਮੌਕੇ ‘ਤੇ ਗਏ ਤਾਂ 763 ਘਟਨਾਵਾਂ ਦੀ ਪੁਸ਼ਟੀ ਹੋਈ।


Share