ਨਵਾਂਸ਼ਹਿਰ, 26 ਮਾਰਚ (ਪੰਜਾਬ ਮੇਲ)- ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 32 ਕੇਸ ਪਾਜ਼ੀਟਿਵ ਪਾਏ ਹਨ। ਇਨ੍ਹਾਂ ‘ਚੋਂ ਸਭ ਤੋਂ ਵੱਧ ਕੇਸ ਨਵਾਂਸ਼ਹਿਰ ‘ਚੋਂ ਪਾਜ਼ੀਟਿਵ ਪਾਏ ਗਏ ਹਨ। ਇਥੇ ਦੱਸ ਦੇਈਏ ਕਿ ਨਵਾਂਸ਼ਹਿਰ ‘ਚੋਂ ਹੀ ਕੋਰੋਨਾ ਵਾਇਰਸ ਦੇ ਕਾਰਨ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਸਮੇਤ ਕਈ ਹੋਰ ਲੋਕ ਪਾਜ਼ੀਟਿਵ ਪਾਏ ਗਏ ਹਨ, ਜੋ ਉਸ ਦੇ ਸੰਪਰਕ ‘ਚ ਰਹੇ ਹਨ।
ਕੋਰੋਨਾ ਵਾਇਰਸ ਦੇ ਨਾਲ ਮਰੇ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ‘ਚ ਸਾਫ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬਲਦੇਵ ਸਿੰਘ ਬੇਖੌਫ ਘੁੰਮ ਰਹੇ ਹਨ। ਵਾਇਰਲ ਹੋ ਰਹੀਆਂ ਬਲਦੇਵ ਸਿੰਘ ਦੀਆਂ ਦੋ ਵੀਡੀਓਜ਼ ‘ਚ ਇਕ ਪੰਜਾਬ ਅਤੇ ਇਟਲੀ ਦੀ ਦੱਸੀ ਜਾ ਰਹੀ ਹੈ। ਬਲਦੇਵ ਸਿੰਘ ਦੇ ਨਾਲ ਉਨ੍ਹਾਂ ਦੇ ਦੋ ਸਾਥੀ ਵੀ ਹਨ, ਜਿਸ ‘ਚੋਂ ਇਕ ਕੋਰੋਨਾ ਵਾਇਰਸ ਨਾਲ ਇਨਫੈਕਟਡ ਵੀ ਹੈ। ਇਹ ਦੋਵੇਂ ਸਾਥੀ ਗੜ੍ਹਸ਼ੰਕਰ ਅਤੇ ਮੋਰਾਂਵਾਲੀ ਦੇ ਹਨ।
ਇਹ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵੀ ਖੂਬ ਵਾਇਰਲ ਹੋ ਰਹੀਆਂ ਹਨ। ਸਿਹਤ ਵਿਭਾਗ ਵੱਲੋਂ ਜਦੋਂ ਵਾਇਰਲ ਵੀਡੀਓ ‘ਚ ਬਲਦੇਵ ਸਿੰਘ ਨਾਲ ਨਜ਼ਰ ਆ ਰਹੇ ਗੜ੍ਹਸ਼ੰਕਰ ਦੇ ਰਹਿਣ ਵਾਲੇ ਨੌਜਵਾਨ ਦੇ ਘਰ ਜਾ ਕੇ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਹ ਵੀਡੀਓ ਇਟਲੀ ਦੀ ਹੈ ਅਤੇ ਵੀਡੀਓ ‘ਚ ਨਜ਼ਰ ਆ ਰਿਹਾ ਇਕ ਨੌਜਵਾਨ ਵੀ ਅਜੇ ਵਿਦੇਸ਼ ‘ਚ ਹੀ ਹੈ। ਇਹ ਵੀਡੀਓ ਕਿਸੇ ਧਾਰਮਿਕ ਸਮਾਗਮ ਦੀ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸੰਪਰਕ ‘ਚ 37 ਪਰਿਵਾਰਾਂ ਦੇ ਕਰੀਬ 200 ਤੋਂ ਵੱਧ ਲੋਕ ਆਏ ਸਨ, ਜਿਸ ਕਰਕੇ ਆਸ ਪਾਸ ਦੇ ਜ਼ਿਲਿਆਂ ‘ਚ ਵੀ ਖੌਫ ਬਣਿਆ ਹੋਇਆ ਹੈ।