ਪੰਜਾਬ ਨਿਵੇਸ਼ ਲਈ ਪਸੰਸੀਦਾ ਥਾਂ-ਸੁਖਬੀਰ ਸਿੰਘ ਬਾਦਲ

ਓਨਟਾਰੀਓ ਅਤੇ ਪੰਜਾਬ ਵਿਚਕਾਰ ਆਰਥਿਕ ਵਿਕਾਸ ਲਈ ਸਮਝੌਤਾ ਸਹੀਬੱਧ
ਆਰਥਿਕ ਸਹਿਯੋਗ, ਸਕਿੱਲ ਡਿਵੈਲਪਮੈਂਟ, ਊਰਜਾ ਅਤੇ ਤਕਨਾਲੋਜੀ ਖੇਤਰਾਂ ਨੂੰ ਤਰਜੀਹ
ਕੈਨੇਡੀਅਨ ਕੰਪਨੀ ‘ਕਿਚਨਰ’ ਆਈ.ਟੀ ਪਾਰਕ ਮੋਹਾਲੀ ਵਿਚ 100 ਮਿਲੀਅਨ ਡਾਲਰ ਦਾ ਕਰੇਗੀ ਨਿਵੇਸ਼
ਚੰਡੀਗੜ, 3 ਫਰਵਰੀ (ਪੰਜਾਬ ਮੇਲ)- ਪੰਜਾਬ ਅਤੇ ਕੈਨੇਡਾ ਦੇ ਓਨਟਾਰੀਓ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਅੱਜ ਪਹਿਲੀ ਮਿਲਣੀ ਦੌਰਾਨ ਆਰਥਿਕ ਸਹਿਯੋਗ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਕੈਨੇਡਾ ਦੀ ਕੰਪਨੀ ‘ਕਿਚਨਰ’ ਵੱਲੋਂ ਆਈ.ਟੀ ਪਾਰਕ ਮੋਹਾਲੀ ਵਿਚ 100 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ ਗਈ। ਇਸ ਕੰਪਨੀ ਵੱਲੋਂ ਇੱਥੇ ਡਾਟਾ ਸੈਂਟਰ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੋਵਾਂ ਸੂਬਿਆਂ ਦੀ ਇਕ ਸਾਂਝੀ ਟੀਮ ਗਠਿਤ ਕੀਤੀ ਗਈ ਹੈ ਜੋ ਮਿਲ ਕੇ ਮੋਹਾਲੀ ਅਤੇ ਨਿਊ ਚੰਡੀਗੜ ਨੂੰ ਸਮਾਰਟ ਸਿਟੀ ਵੱਜੋਂ ਵਿਕਸਿਤ ਕਰਨ ਵਿਚ ਸਹਿਯੋਗ ਕਰਨਗੀਆਂ।
ਆਰਥਿਕ ਸਹਿਯੋਗ, ਸਾਰਥਕ ਦੁਵੱਲੀ ਵਾਰਤਾ ਅਤੇ ਵੱਖ-ਵੱਖ ਖੇਤਰਾਂ ਜਿਨਾਂ ਵਿਚ ਵਪਾਰ ਅਤੇ ਵਣਜ ਦੇ ਖੇਤਰਾਂ ‘ਤੇ ਖਾਸ ਜ਼ੋਰ ਦਿੱਤਾ ਗਿਆ, ਬਾਰੇ ਪੰਜਾਬ ਅਤੇ ਓਨਟਾਰੀਓ (ਕੈਨੇਡਾ) ਸੂਬਿਆਂ ਨੇ ਸਮਝੌਤਾ ਸਹੀਬੱਧ ਕੀਤਾ। ਸਮਝੌਤੇ ਤਹਿਤ ਦੋਵਾਂ ਦੇਸ਼ਾਂ ਦੇ ਸੂਬੇ ਮਿਲ ਕੇ ਦੋਹਾਂ ਖਿੱਤਿਆਂ ਦੀ ਆਰਥਿਕ ਖੁਸ਼ਹਾਲੀ ਲਈ ਮਿਲ ਕੇ ਕੰਮ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਇਹ ਸਮਝੌਤਾ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਓਨਟਾਰੀਓ ਦੀ ਪ੍ਰੀਮੀਅਰ (ਮੁੱਖ ਮੰਤਰੀ) ਕੈਥਲੀਨ ਵੇਅਨ ਦੀ ਹਾਜ਼ਰੀ ਵਿਚ ਪ੍ਰਮੁੱਖ ਸਕੱਤਰ ਉਦਯੋਗ ਅਤੇ ਕਾਮਰਸ ਅਨਿਰੁੱਧ ਤਿਵਾੜੀ ਅਤੇ ਹੈਲੇਨ ਐਗਸ ਡਿਪਟੀ ਮਨਿਸਟਰ, ਮਨਿਸਟਰੀ ਆਫ ਸਿਟੀਜ਼ਨਸ਼ਿਪ ਇੰਮੀਗ੍ਰੇਸ਼ਨ ਐਂਡ ਇੰਟਰਨੈਸ਼ਨਲ ਟਰੇਡ ਵੱਲੋਂ ਇੱਥੇ ਪੰਜਾਬ ਭਵਨ ਵਿਖੇ ਕੀਤਾ ਗਿਆ।
ਸਮਝੌਤੇ ਅਨੁਸਾਰ ਦੋਵੇਂ ਦੇਸ਼ ਵਪਾਰਕ ਮੌਕਿਆਂ ਦੀ ਤਲਾਸ਼ ਕਰਨਗੇ ਅਤੇ ਓਨਟਾਰੀਓ ਤੇ ਪੰਜਾਬ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਉਦਯੋਗਪਤੀਆਂ ਦੇ ਸੈਮੀਨਾਰਾਂ, ਵਿਚਾਰਾਂ ਦਾ ਆਦਾਨ-ਪ੍ਰਦਾਨ ਅਤੇ ਵਫਦਾਂ ਦੇ ਦੌਰਿਆਂ ਰਾਹੀਂ ਪ੍ਰਮੁੱਖ ਖੇਤਰਾਂ ਵਿਚ ਵਪਾਰ ਰਾਹੀਂ ਦੋਵਾਂ ਖਿੱਤਿਆਂ ਦੀ ਤੇਜ਼ ਆਰਥਿਕ ਖੁਸ਼ਹਾਲੀ ‘ਤੇ ਜ਼ੋਰ ਦਿੱਤਾ ਜਾਵੇਗਾ।
ਇਸ ਮੌਕੇ ਬੋਲਦਿਆਂ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਵਫਦ ਦੇ ਦੌਰੇ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਨਿਵੇਸ਼ ਵਿਚ ਵਿਖਾਈ ਰੁਚੀ, ਸਮਾਰਟ ਸਿਟੀ, ਪੰਜਾਬ ਦੇ ਬਿਨਆਦੀ ਢਾਂਚੇ ਵਿਚ ਸਕਾਰਾਤਮ ਤਬਦੀਲੀ ਲਈ ਆਪਸ ਵਿਚ ਤਕਨੀਕ ਸਾਂਝੀ ਕਰਨ ਅਤੇ ਹੋਰ ਵਿਕਾਸ ਮੁਖੀ ਮੁੱਦਿਆਂ ‘ਤੇ ਦੋਵਾਂ ਦੇਸ਼ਾਂ ਵੱਲੋਂ ਮਿਲ ਕੇ ਕੰਮ ਕਰਨ ਬਾਰੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਕਿਹਾ ਕਿ ਇਸ ਸਮਝੌਤੇ ਰਾਹੀਂ ਦੋਵਾਂ ਦੇਸ਼ਾਂ ਵਿਚ ਸਹਿਯੋਗ ਦਾ ਇਕ ਨਵਾਂ ਦੌਰ ਸ਼ੁਰੂ ਹੋਵੇਗਾ। ਉਨਾਂ ਕਿਹਾ ਕਿ ਪੰਜਾਬ ਤੇ ਓਨਟਾਰੀਓ ਸੂਬੇ ਪ੍ਰਮੁੱਖ ਖੇਤਰਾਂ ਜਿਵੇਂ ਸ਼ਹਿਰੀ ਬਿਨਆਦੀ ਢਾਂਚੇ (ਵਾਤਾਵਰਣ ਤਕਨਾਲੋਜੀ, ਸਫਾਈ/ਮੁੜਨਵਿਆਉਣਯੋਗ ਊਰਜਾ ਤਕਨੀਕ,ਆਧੁਨਿਕ ਟਰਾਂਸਪੋਰਟ ਤਕਨਾਲੋਜੀ) ਸੂਚਨਾ ਅਤੇ ਸੰਚਾਰ ਤਕਨਾਲੋਜੀ, ਐਡਵਾਂਸ ਮੈਨੂਫੈਕਚਰਿੰਗ (ਆਟੋਮੋਟਿਵ, ਫੂਡ ਮੈਨੂਫੈਕਚਰਿੰਗ ਅਤੇ ਪ੍ਰੋਸੈਸਿੰਗ), ਖੇਤੀਬਾੜੀ, ਸਿੱਖਿਆ ਅਤੇ ਸਕਿੱਲ ਡਿਵੈਲਪਮੈਂਟ ਖੇਤਰਾਂ ਵੱਲ ਖਾਸ ਤਵੱਜੋਂ ਦੇਣਗੇ।
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਦੋਵੇਂ ਸੂਬੇ ਸਕਿੱਲ ਡਿਵੈਲਪਮੈਂਟ ਖੇਤਰ, ਜਿਸ ਵਿਚ ਕਿ ਪੰਜਾਬ ਤੇਜ਼ੀ ਨਾਲ ਉੱਨਤੀ ਕਰ ਰਿਹਾ ਹੈ, ਬਾਰੇ ਵੀ ਆਪਸ ਵਿਚ ਤਕਨੀਕ ਸਾਂਝੀ ਕਰਨਗੇ। ਉਨਾਂ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਕੈਨੇਡਾ ਵਿਚ ਰਹਿ ਰਿਹਾ ਪੰਜਾਬੀ ਭਾਈਚਾਰਾ ਪੰਜਾਬ ਵਿਚ ਵੱਧ-ਚੜ ਕੇ ਨਿਵੇਸ਼ ਕਰੇਗਾ।
ਉਨਾਂ ਕਿਹਾ ਕਿ ਇਸ ਵੇਲੇ ਪੰਜਾਬ ਨਿਵੇਸ਼ ਲਈ ਪਸੰਸੀਦਾ ਥਾਂ ਹੈ ਅਤੇ ਇੱਥੇ ਸਫਲਤਾ ਨਾਲ ਦੋ ਨਿਵੇਸ਼ ਸੰਮੇਲਨ ਕਰਵਾਏ ਜਾ ਚੁੱਕੇ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਵਪਾਰ ਸ਼ੁਰੂ ਕਰਨ ਲਈ ਖਾਸ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਨਵੇਂ ਵਪਾਰ ਸ਼ੁਰੂ ਕਰਨ ਲਈ ਪ੍ਰਵਾਨਗੀਆਂ ਲੈਣ ਲਈ ਇਕ ਦਫਤਰ “ਇਨਵੈਸਟ ਪੰਜਾਬ“ ਖੋਲਿਆ ਗਿਆ ਹੈ ਜਿੱਥੇ ਸਿਰਫ ਇਕ ਅਰਜ਼ੀ ਦੇਣ ਨਾਲ ਸਾਰੀਆਂ ਜ਼ਰੂਰੀ ਪ੍ਰਵਾਨਗੀਆਂ ਇਕੋ ਥਾਂ ਮਿਲ ਜਾਂਦੀਆਂ ਹਨ ਨਾ ਕਿ ਵੱਖ-ਵੱਖ ਦਫਤਰਾਂ ਦੇ ਗੇੜੇ ਲਾਉਣੇ ਪੈਂਦੇ ਹਨ।
ਇਸ ਸਮਝੌਤੇ ਨੂੰ ਪੰਜਾਬ ਅਤੇ ਓਨਟਾਰੀਓ ਦੇ ਆਰਥਿਕ ਸਹਿਯੋਗ ਲਈ ਇਕ ਇਤਿਹਾਸਕ ਕਦਮ ਦੱਸਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਉਮੀਦ ਪ੍ਰਗਟਾਈ ਕਿ ਅੱਗੋਂ ਵੀ ਅਜਿਹੀ ਸਾਂਝ ਜਾਰੀ ਰਹੇਗੀ ਅਤੇ ਭਵਿੱਖ ਵਿਚ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸਹਿਯੋਗ ਦੀਆਂ ਬੁਲੰਦੀਆਂ ਛੂਹੀਆਂ ਜਾਣਗੀਆਂ।
ਉੱਪ ਮੁੱਖ ਮੰਤਰੀ ਨੇ ਇਸ ਮੌਕੇ ਫੂਡ ਪ੍ਰੋਸੈਸਿੰਗ ਖੇਤਰ ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਅਤੇ ਦੱਸਿਆ ਕਿ ਪੰਜਾਬ ਨੇ ਫੂਡ ਪ੍ਰੋਸੈਸਿੰਗ ਯੂਨਿਟਾਂ ਨੂੰ ਟੈਕਸ ਮੁਆਫ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਨੇ ਨਵੀਆਂ ਸਨਅਤਾਂ ਨੂੰ ਸਭ ਤੋਂ ਸਸਤੀ ਬਿਜਲੀ ਦੇਣ ਤੋਂ ਇਲਾਵਾ ਹੋਰ ਵੀ ਕਈ ਰਿਆਇਤਾਂ ਦਾ ਐਲਾਨ ਕੀਤਾ ਹੈ।
ਇਸ ਮੌਕੇ ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵੇਅਨ ਨੇ ਸੱਦਾ ਦਿੱਤਾ ਕਿ ਦੋਵਾਂ ਸੂਬਿਆਂ ਵੱਲੋਂ ਉਨ੍ਹਾਂ ਖੇਤਰਾਂ ਦੀ ਖੋਜ ਕਰਨੀ ਚਾਹੀਦੀ ਹੈ ਜਿੱਥੇ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਜਿਨ੍ਹਾਂ ਖੇਤਰਾਂ ਵਿਚ ਜਿਸ ਕੋਲ ਮੁਹਾਰਤ ਹੈ ਉਸਨੂੰ ਵੀ ਸਾਂਝਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕੀਤੇ ਪ੍ਰਸ਼ਾਸਕੀ ਸੁਧਾਰਾਂ ਦੀ ਪ੍ਰਸੰਸਾ ਕੀਤੀ ਅਤੇ ਨਵੇਂ ਉਦਯੋਗ ਸ਼ੁਰੂ ਕਰਨ ਲਈ ਚੁੱਕੇ ਕਦਮਾਂ ਤੇ ਸੁਖਾਲੇ ਕੀਤੇ ਤਰੀਕਿਆਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੋਵਾਂ ਸੂਬਿਆਂ ਵਿਚ ਸਬੰਧਾਂ ਦੀ ਮਜ਼ਬੂਤੀ ਲਈ ਵੀ ਸਹਿਯੋਗ ਦੇਣ ਦੀ ਗੱਲ ਆਖੀ।
ਇਸ ਮੌਕੇ ਪ੍ਰਿੰਸ ਐਡਵਰਡ ਆਈਲੈਂਡ ਦਾ ਪ੍ਰੀਮੀਅਰ ਵੇਡ ਮੈਕ ਲਓਚਲਨ, ਮਿਸ਼ੇਲ ਚੇਨ ਮਨਿਸਟਰੀ ਫਾਰ ਸਿਟੀਜ਼ਨਸ਼ਿਪ ਇੰਮੀਗ੍ਰੇਸ਼ਨ ਐਂਡ ਇੰਟਰਨੈਸ਼ਨਲ ਟਰੇਡ, ਕਰੀਮ ਬਾਰਡੇਸੀ ਪ੍ਰੀਮੀਅਰ ਦਾ ਡਿਪਟੀ ਪ੍ਰਿੰਸੀਪਲ ਸਕੱਤਰ, ਲੇਨ ਬੇਟਜ਼ਨਰ ਡਿਪਟੀ ਮਨਿਸਟਰ ਇੰਟਰਗਵਰਨਮੈਂਟਲ ਅਫੇਅਰਜ਼, ਹਰਿੰਦਰ ਤੱਖਰ ਮੈਂਬਰ ਪਾਰਲੀਮੈਂਟ, ਕਰਿਸਟੋਫਰ ਗਿਬਿਨਜ਼ ਕਾਊਂਸਲ ਜਨਰਲ ਆਫ ਕੈਨੇਡਾ ਚੰਡੀਗੜ੍ਹ, ਜੀਨਜ਼ ਮਿਸ਼ੇਲ ਸਚਾਲ ਓਨਟਾਰੀਓ ਦਾ ਭਾਰਤੀ ਨੁਮਾਇੰਦਾ, ਲੈਸਲੀ ਮਰਚੈਂਟ ਡਾਇਰੈਕਟਰ ਇੰਟਰਨੈਸ਼ਨਲ ਰਿਲੇਸ਼ਨਜ਼, ਸਾਬਕਾ ਐਮ.ਪੀ ਗੁਰਮੰਤ ਗਰੇਵਾਲ, ਡਾ. ਪ੍ਰਮੋਦ ਕੁਮਾਰ ਚੇਅਰਮੈਨ ਪ੍ਰਸ਼ਾਸਕੀ ਸੁਧਾਰ ਕਮਿਸ਼ਨ, ਜੰਗਵੀਰ ਸਿੰਘ ਉੱਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ, ਰਾਹੁਲ ਤਿਵਾੜੀ ਤੇ ਮਨਵੇਸ਼ ਸਿੰਘ ਸਿੱਧੂ ਦੋਵੇਂ ਉੱਪ ਮੁੱਖ ਮੰਤਰੀ ਦੇ ਸਪੈਸ਼ਲ ਪ੍ਰਿੰਸੀਪਲ ਸਕੱਤਰ, ਡੀਕੇ ਤਿਵਾੜੀ ਐਮਡੀ ਪੰਜਾਬ ਸੀਵਰੇਜ਼ ਅਤੇ ਵਾਟਰ ਸਪਲਾਈ ਬੋਰਡ ਅਤੇ ਐਨਪੀਐਸ ਰੰਧਾਵਾ ਡਾਇਰੈਕਟਰ ਪੰਜਾਬ ਟੂਰਿਜ਼ਮ ਅਤੇ ਸੱਭਿਆਚਾਰਕ ਮਾਮਲੇ ਵੀ ਹਾਜ਼ਰ ਸਨ।
There are no comments at the moment, do you want to add one?
Write a comment