ਪੰਜਾਬ ਦੇ ਲੁਧਿਆਣਾ ‘ਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋਣ ਦੇ ਸੰਕੇਤ ਮਿਲਣੇ ਸ਼ੁਰੂ

191
Share

ਲੁਧਿਆਣਾ, 14 ਨਵੰਬਰ (ਪੰਜਾਬ ਮੇਲ)- ਮਹਾਨਗਰ ‘ਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋਣ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ। ਪਿਛਲੇ ਕੁਝ ਦਿਨਾਂ ‘ਚ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਮਰੀਜ਼ ਹਨ, ਜੋ ਬਿਨਾਂ ਟੈਸਟ ਕਰਵਾਏ ਆਪਣਾ ਇਲਾਜ ਨਿੱਜੀ ਡਾਕਟਰਾਂ ਤੋਂ ਕਰਵਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤਿਉਹਾਰਾਂ ਦੇ ਮੱਦੇਨਜ਼ਰ ਭੀੜ ਵਾਲੇ ਸਥਾਨਾਂ ‘ਤੇ ਜਾਣ ਤੋਂ ਪਰਹੇਜ਼ ਕਰਨ, ਜੇਕਰ ਘਰੋਂ ਬਾਹਰ ਜਾਣਾ ਹੈ, ਤਾਂ ਮਾਸਕ ਪਾ ਕੇ ਜਾਣ ਅਤੇ ਸਮਾਜਿਕ ਦੂਰੀ ਦਾ ਪੂਰੀ ਤਰ੍ਹਾਂ ਪਾਲਣ ਕਰਨ। ਜ਼ਿਲ੍ਹੇ ਦੇ ਹਸਪਤਾਲਾਂ ‘ਚ ਬੀਤੇ ਦਿਨੀਂ ਕੋਰੋਨਾ ਕਾਰਨ 3 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 98 ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ‘ਚੋਂ 85 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦਕਿ 13 ਮਰੀਜ਼ ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਹਨ। ਇਸੇ ਤਰ੍ਹਾਂ ਮ੍ਰਿਤਕ ਮਰੀਜ਼ਾਂ ‘ਚ 2 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦਕਿ 1 ਮਰੀਜ਼ ਹੋਰ ਜ਼ਿਲ੍ਹੇ ਨਾਲ ਸਬੰਧਤ ਹੈ। ਜਿਨ੍ਹਾਂ 2 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ‘ਚ ਸਮਰਾਲਾ ਦੀ ਰਹਿਣ ਵਾਲੀ 88 ਸਾਲਾ ਮਹਿਲਾ ਜੋ ਦਯਾਨੰਦ ਹਸਪਤਾਲ ‘ਚ ਦਾਖਲ ਸੀ, ਤੋਂ ਇਲਾਵਾ ਚੰਡੀਗੜ੍ਹ ਰੋਡ ਦਾ ਰਹਿਣ ਵਾਲਾ 45 ਸਾਲਾ ਪੁਰਸ਼ ਮਰੀਜ਼ ਜੋ ਦੀਪ ਹਸਪਤਾਲ ‘ਚ ਦਾਖਲ ਸੀ। ਮਹਾਨਗਰ ‘ਚ ਹੁਣ ਤੱਕ 21,245 ਪਾਜ਼ੀਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚੋਂ 860 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 2955 ਪਾਜ਼ੀਟਿਵ ਮਰੀਜ਼ ਦੂਜੇ ਜ਼ਿਲ੍ਹਿਆਂ ਵਿਚ ਅਤੇ ਰਾਜਾਂ ਦੇ ਰਹਿਣ ਵਾਲੇ ਸਨ। ਇਨ੍ਹਾਂ ‘ਚੋਂ 346 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਅਧਿਕਾਰੀਆਂ ਅਨੁਸਾਰ ਜ਼ਿਲ੍ਹੇ ‘ਚ 1,96,633 ਮਰੀਜ਼ ਠੀਕ ਹੋ ਚੁੱਕੇ ਹਨ।
ਜ਼ਿਲ੍ਹਾ ਸਿਹਤ ਮਹਿਕਮੇ ਨੇ 2076 ‘ਚ ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ, ਜਦਕਿ 2069 ਸੈਂਪਲਾਂ ਦੀ ਰਿਪੋਰਟ ਹਾਲੇ ਪੈਂਡਿੰਗ ਹੈ। ਸਿਹਤ ਮਹਿਕਮੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਪੈਂਡਿੰਗ ਰਿਪੋਰਟ ਦੇ ਮਾਮਲੇ ‘ਚ ਅਧਿਕਾਰੀ ਜਾਣਬੁੱਝ ਕੇ ਦੇਰੀ ਕਰ ਰਹੇ ਹਨ। ਕਈ ਵਾਰ ਰਿਪੋਰਟ ਲੈਬ ਤੋਂ ਸ਼ਾਮ ਤੱਕ ਆ ਵੀ ਜਾਂਦੀ ਹੈ ਪਰ ਉਸ ਨੂੰ ਅਗਲੇ ਦਿਨ ਲਈ ਪੈਂਡਿੰਗ ਰੱਖਿਆ ਜਾਂਦਾ ਹੈ।
ਸਿਹਤ ਮਹਿਕਮੇ ਦੀਆਂ ਟੀਮਾਂ ਨੇ ਸਕ੍ਰੀਨਿੰਗ ਉਪਰੰਤ 166 ਪਾਜ਼ੀਟਿਵ ਮਰੀਜ਼ ਹੋਮ ਕੁਆਰੰਟਾਈਨ ਵਿਚ ਭੇਜੇ ਹਨ, ਜਦੋਂਕਿ 1319 ਪਾਜ਼ੀਟਿਵ ਮਰੀਜ਼ ਹੋਮ ਕੁਆਰੰਟਾਈਨ ਵਿਚ ਰਹਿ ਰਹੇ ਹਨ।


Share