ਪੰਜਾਬ ਦੀਆਂ 30 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਭਾਰਤੀ ਕਿਸਾਨ ਯੂਨੀਅਨ-ਏਕਤਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿਲ ਦੀ ਪ੍ਰਧਾਨਗੀ ‘ਚ ਹੋਈ

98
Share

ਚੰਡੀਗੜ੍ਹ, 8 ਅਕਤੂਬਰ, (ਪੰਜਾਬ ਮੇਲ)- ਪੰਜਾਬ ਦੀਆਂ 30 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕਿਸਾਨ ਭਵਨ ਚੰਡੀਗੜ੍ਹ ਵਿਖੇ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਾਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿਲ ਦੀ ਪ੍ਰਧਾਨਗੀ ‘ਚ ਹੋਈ, ਜਿਸ ਦੌਰਾਨ ਕੇਂਦਰ ਸਰਕਾਰ ਵਲੋਂ ਭੇਜੇ ਗੱਲਬਾਤ ਦੇ ਸੱਦੇ ਨੂੰ ਰੱਦ ਕਰਦਿਆਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ | ਭਾਰਤੀ ਕਿਸਾਨ ਯੂਨੀਅਨ (ਡਕੌਾਦਾ) ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਸਮੂਹ ਜਥੇਬੰਦੀਆਂ ਵਲੋਂ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ ਹੈ ਕਿ ਰੇਲ ਰੋਕੋ ਅੰਦੋਲਨ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਜਥੇਬੰਦੀਆਂ ਨੇ ਸਲਾਹ ਕਰਨ ਮਗਰੋਂ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਮੰਤਰਾਲੇ ਦੇ ਸਕੱਤਰ ਰਾਕੇਸ਼ ਕੁਮਾਰ ਅਗਰਵਾਲ ਵਲੋਂ ਕਾਨਫ਼ਰੰਸ ਲਈ ਭੇਜੇ ਸੱਦੇ ਨੂੰ ਰੱਦ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਚਿੱਠੀ ਦੀ ਭਾਸ਼ਾ ਹੀ ਦੱਸਦੀ ਸੀ ਕਿ ਇਹ ਸੱਦਾ ਗੱਲਬਾਤ ਲਈ ਨਹੀਂ, ਸਗੋਂ ਖੇਤੀਬਾੜੀ-ਸਕੱਤਰ ਵਲੋਂ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਫ਼ਾਇਦੇ ਸਮਝਾਉਣ ਲਈ ਬੁਲਾਇਆ ਗਿਆ ਸੀ | ਉਨ੍ਹਾਂ ਕਿਹਾ ਜਥੇਬੰਦੀਆਂ ਨਾਲ ਬਿਨਾਂ ਸਲਾਹ-ਮਸ਼ਵਰਾ ਕੀਤੇ ਸੁਪਰੀਮ ਕੋਰਟ ਜਾਣ ਵਾਲੇ ਲੱਖੋਵਾਲ ਗਰੁੱਪ ਨੂੰ ਮੀਟਿੰਗ ‘ਚ ਸ਼ਾਮਿਲ ਨਹੀਂ ਕੀਤਾ ਗਿਆ | ਜਥੇਬੰਦੀ ਵਲੋਂ ਮੀਟਿੰਗ ‘ਚ ਅਜਮੇਰ ਸਿੰਘ ਲੱਖੋਵਾਲ ਨੂੰ ਓਨਾ ਚਿਰ ਤੱਕ ਮੀਟਿੰਗਾਂ ‘ਚੋਂ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਗਿਆ, ਜਿੰਨਾ ਚਿਰ ਤੱਕ ਉਨ੍ਹਾਂ ਵਲੋਂ ਸੁਪਰੀਮ ਕੋਰਟ ਵਿਚ ਪਾਈ ਗਈ ਪਟੀਸ਼ਨ ਨੂੰ ਵਾਪਸ ਲੈਣ ਸਬੰਧੀ ਪੂਰਨ ਦਸਤਾਵੇਜ਼ ਜਥੇਬੰਦੀਆਂ ਸਾਹਮਣੇ ਪੇਸ਼ ਨਹੀਂ ਕੀਤੇ ਜਾਂਦੇ | ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਵਲੋਂ 15 ਅਕਤੂਬਰ ਤੱਕ ਵਿਧਾਨ ਸਭਾ ਇਜਲਾਸ ਬੁਲਾ ਕੇ ਖੇਤੀ-ਕਾਨੂੰਨ ਰੱਦ ਨਾ ਕੀਤੇ ਗਏ ਤਾਂ ਕਾਂਗਰਸ ਦਾ ਵੀ ਭਾਜਪਾ ਦੀ ਤਰ੍ਹਾਂ ਬਾਈਕਾਟ ਕੀਤਾ ਜਾਵੇਗਾ |


Share