ਪੰਜਾਬ ਦੀਆਂ ਜੇਲ੍ਹਾਂ ਵਿੱਚ ਕੋਵਿਡ ਦੀ ਸਥਿਤੀ ਵਿਰੁੱਧ ਸੁਚੱਜੇ ਢੰਗ ਨਾਲ ਨਜਿੱਠਣ ਲਈ ਤਿੰਨ ਪੱਖੀ ਰਣਨੀਤੀ ਤਿਆਰ

313
Share

5479 ਕੈਦੀਆਂ ਵਿੱਚੋਂ 4287 ਪਾਏ ਗਏ ਕਰੋਨਾ ਨੈਗੇਟਿਵ
ਚੰਡੀਗੜ੍ਹ, 20 ਜੁਲਾਈ (ਪੰਜਾਬ ਮੇਲ)- ਪੰਜਾਬ ਦੇ ਜੇਲ੍ਹ ਵਿਭਾਗ ਵਲੋਂ ਸੂਬੇ ਭਰ ਦੀਆਂ ਜੇਲ੍ਹਾਂ ਵਿੱਚ ਕਰੋਨਾ ਸੰਕਟ ਵਿਰੁੱਧ ਸੁਚੱਜੇ ਢੰਗ ਨਾਲ ਨਜਿੱਠਣ ਲਈ ਤਿੰਨ ਪੱਖੀ ਰਣਨੀਤੀ ਉਲੀਕੀ ਗਈ ਹੈ। ਇਸ ਰਣਨੀਤੀ ਵਿੱਚ ਰੋਕਥਾਮ, ਸਕ੍ਰੀਨਿੰਗ ਤੇ ਜਾਂਚ ਅਤੇ ਇਲਾਜ ਤੇ ਫੈਲਾਅ ਨੂੰ ਰੋਕਣਾ ਸ਼ਾਮਲ ਹੈ।
ਰਾਜ ਪੱਧਰ ਦੀ ਨਿਗਰਾਨ ਟੀਮ ਅਤੇ ਜ਼ਿਲ੍ਹਾ ਪੱਧਰੀ ਨਿਗਰਾਨ ਟੀਮਾਂ ਪਹਿਲਾਂ ਹੀ ਗਠਿਤ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਸਥਿਤੀ ਦੀ ਨਿਗਰਾਨੀ ਕੀਤੀ ਜਾ ਸਕੇ ਅਤੇ ਜ਼ਮੀਨੀ ਪੱਧਰ ‘ਤੇ ਸਟਾਫ ਤੇ ਕੈਦੀਆਂ ਨੂੰ ਰੋਜ਼ਮਰ੍ਹਾ ਦੇ ਕੰਮਾਂ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਵਿੱਚ ਮਦਦ ਕੀਤੀ ਜਾ ਸਕੇ ।
ਢੁਕਵੀਂ ਰਣਨੀਤੀ ਤਹਿਤ ਚੁੱਕੇ ਜਾ ਰਹੇ ਰੋਕਥਾਮ ਕਦਮਾਂ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਉੱਚ ਪੱਧਰੀ ਸਿਫ਼ਾਰਸ਼ਾਂ ਮੁਤਾਬਕ ਮਾਰਚ, 2020 ਤੋਂ ਹੁਣ ਤੱਕ ਲਗਭਗ 11,500 ਕੈਦੀਆਂ ਨੂੰ ਪੈਰੋਲ / ਅੰਤਰਿਮ ਜ਼ਮਾਨਤ ‘ਤੇ ਰਿਹਾ ਕੀਤਾ ਗਿਆ ਹੈ। ਸੁਪਰੀਮ ਕੋਰਟ ਦੁਆਰਾ ਗਠਿਤ ਉਚ ਤਾਕਤੀ ਕਮੇਟੀ ਵਲੋਂ ਉਕਤ ਸਿਫਾਰਸ਼ਾਂ ਕੀਤੀ ਗਈਆਂ ਹਨ। ਇਸ ਤੋਂ ਇਲਾਵਾ, ਕੋਵਿਡ ਦਾ ਟੈਸਟ ਕਰਵਾਉਣ ਤੋਂ ਬਾਅਦ ਹੀ ਸਾਰੇ ਨਵੇਂ ਕੈਦੀਆਂ ਨੂੰ ਦਾਖਲ ਕਰਨ ਲਈ 6 ਵਿਸ਼ੇਸ਼ ਜੇਲ੍ਹਾਂ (ਬਠਿੰਡਾ, ਬਰਨਾਲਾ, ਪੱਟੀ, ਪਠਾਨਕੋਟ, ਲੁਧਿਆਣਾ, ਮਹਿਲਾ ਜੇਲ੍ਹ ਲੁਧਿਆਣਾ) ਬਣਾਈਆਂ ਗਈਆਂ ਹਨ। ਵਿਸ਼ੇਸ਼ ਜੇਲ੍ਹਾਂ ਵਿਚ 14 ਦਿਨਾਂ ਲਈ ਇਕਾਂਤਵਾਸ ‘ਚ ਰਹਿਣ ਤੋਂ ਬਾਅਦ, ਉਨ੍ਹਾਂ ਦੀ ਦੁਬਾਰਾ ਜਾਂਚ ਕੀਤੀ ਜਾਂਦੀ ਹੈ, ਅਤੇ ਜੇਕਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਨ੍ਹਾਂ ਨੂੰ ਨਿਯਮਤ ਜੇਲ੍ਹਾਂ ਵਿਚ ਭੇਜਿਆ ਜਾਂਦਾ ਹੈ। ਕਾਮਨਵੈਲਥ ਹਿਉਮਨ ਰਾਈਟਜ਼ ਇਨੀਸ਼ੀਏਟਿਵ (ਸੀਐਚਆਰਆਈ) ਵੱਲੋਂ ਆਯੋਜਿਤ ਕੀਤੀ ਗਈ ਭਾਰਤ ਦੇ ਜੇਲ੍ਹਾਂ ਦੇ ਮੁਖੀਆਂ ਦੀ ਵੀਡੀਓ ਕਾਨਫਰੰਸਿੰਗ ਦੌਰਾਨ ਇਸ ਨਵੇਕਲੇ ਉਪਾਅ ਦੀ ਸ਼ਲਾਘਾ ਕੀਤੀ ਗਈ।
ਬੁਲਾਰੇ ਨੇ ਅੱਗੇ ਦੱਸਿਆ ਕਿ ਲੁਧਿਆਣਾ ਵਿਚ ਵੱਧ ਰਹੇ ਕੋਵਿਡ ਕੇਸਾਂ ਦੇ ਮੱਦੇਨਜ਼ਰ ਜ਼ਿਲ੍ਹਾ ਜੇਲ੍ਹ ਸੰਗਰੂਰ ਨੂੰ ਖਾਲੀ ਕਰ ਦਿੱਤਾ ਗਿਆ ਹੈ ਤਾਂ ਜੋ ਵਿਸ਼ੇਸ਼ ਜੇਲ੍ਹ ਲੁਧਿਆਣਾ ਦੇ ਸਾਰੇ ਕੈਦੀਆਂ ਨੂੰ 14 ਦਿਨਾਂ ਲਈ ਇਸ ਥਾਂ ‘ਤੇ ਕੁਅਰੰਟੀਨ ਕੀਤਾ ਸਕੇ। ਫਿਰ ਜੇਕਰ ਉਹ ਤਿੰਨ ਵਾਰ ਟੈਸਟ ਕਰਨ ਉਪਰੰਤ ਨੈਗੇਟਿਵ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਨਿਯਮਤ ਜੇਲ੍ਹਾਂ ਵਿੱਚ ਭੇਜਿਆ ਜਾਵੇ। ਕੈਦੀਆਂ ਵਿਚ ਜਾਗਰੂਕਤਾ ਫੈਲਾਉਣ ਦੇ ਇਕ ਹਿੱਸੇ ਵਜੋਂ, ਜੇਲ੍ਹਾਂ ਵਿਚ ਕਰੋਨਾ ਦੇ ਕਾਰਨਾਂ, ਲੱਛਣਾਂ, ਰੋਕਥਾਮ, ਜਾਂਚ ਅਤੇ ਇਲਾਜ ਨੂੰ ਦਰਸਾਉਂਦੇ ਪੋਸਟਰ ਅਤੇ ਬੈਨਰ ਲਗਾਏ ਜਾਣੇ ਚਾਹੀਦੇ ਹਨ। ਜੇਲ੍ਹਾਂ ਦੇ ਸਟਾਫ ਅਤੇ ਮੈਡੀਕਲ ਅਫਸਰਾਂ ਨੂੰ ਢੁਕਵੀਂ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਕੈਦੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੇਲ੍ਹ ਨੂੰ ਨਿਯਮਤ ਤੌਰ ‘ਤੇ ਰੋਗਾਣੂ ਮੁਕਤ ਕੀਤਾ ਜਾਂਦਾ ਹੈ।
ਕੋਵਿਡ ਨਾਲ ਨਜਿੱਠਣ ਲਈ ਢੁਕਵੇਂ ਉਪਕਰਣ / ਸਮੱਗਰੀ ਉਪਲਬਧ ਕਰਵਾਈ ਗਈ ਹੈ ਜਿਸ ਵਿੱਚ ਜੇਲ੍ਹਾਂ ਵਿੱਚ ਬਣੇ 50,000 ਮਾਸਕ ਅਤੇ ਹੋਰ ਸੰਸਥਾਵਾਂ, ਐਨ.ਜੀ.ਓਜ਼ ਆਦਿ ਵਲੋਂ ਇੰਨੀ ਹੀ ਗਿਣਤੀ ਵਿੱਚ ਦਿੱਤੇ ਮਾਸਕ ਸ਼ਾਮਲ ਹਨ। ਲਗਭਗ 7000 ਲੀਟਰ ਸੈਨੀਟਾਈਜ਼ਰ ਅਤੇ ਆਕਸੀਮੀਟਰ ਵੀ ਸਾਰੀਆਂ ਜੇਲ੍ਹਾਂ ਨੂੰ ਪ੍ਰਦਾਨ ਕੀਤੇ ਗਏ ਹਨ। ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀ.ਆਰ.ਡੀ.ਓ.), ਚੰਡੀਗੜ੍ਹ ਵਲੋਂ 50 ਪੀਪੀਈ ਕਿੱਟਾਂ ਦਾਨ ਕੀਤੀਆਂ ਅਤੇ ਖਾਲਸਾ ਏਡ ਵਲੋਂ ਲਗਭਗ 920 ਬਾਡੀ ਸੂਟ ਦਿੱਤੇ ਗਏ ਹਨ।
ਬੁਲਾਰੇ ਨੇ ਅੱਗੇ ਕਿਹਾ ਕਿ ਹਰੇਕ ਕੈਦੀ ਨੂੰ ਘੱਟੋ ਘੱਟ 2 ਮਾਸਕ ਪ੍ਰਦਾਨ ਕੀਤੇ ਗਏ ਹਨ ਅਤੇ ਉੱਚ ਜੋਖਮ ਵਾਲੇ ਕੈਦੀਆਂ ਦੀ ਵਿਸ਼ੇਸ਼ ਦੇਖਭਾਲ ਕੀਤੀ ਜਾ ਰਹੀ ਹੈ। ਛੂਤ ਦੇ ਹੋਰ ਫੈਲਣ ਤੋਂ ਰੋਕਣ ਲਈ, ਇੰਟਰਵਿਊ (ਮੁਲਾਕਤਾਂ) ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਅਤੇ ਇਹ ਹੁਣ ਵਟਸਐਪ ਵੀਡੀਓ ਕਾਲਿੰਗ ਦੁਆਰਾ ਜਾਂ ਈਪ੍ਰਿਜ਼ਨ ਸਾੱਫਟਵੇਅਰ ਦੇ ਈਮੂਲਾਕਾਤ ਰਾਹੀਂ ਮੁਲਾਕਾਤਾਂ ਕਰਵਾਈ ਜਾ ਰਹੀ ਹੈ। ਜੇਲ੍ਹ ਦੇ ਸਾਰੇ ਅਧਿਕਾਰੀਆਂ ਨੂੰ ਪਹਿਲਾਂ ਹੀ ਵਿਸਥਾਰਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਛੁੱਟੀ ਵੇਲੇ ਆਪਣੇ ਘਰਾਂ ਤੋਂ ਇਲਾਵਾ ਹੋਰ ਥਾਵਾਂ ਤੇ ਜਾਣ ਤੋਂ ਬੱਚਣ, ਅਤੇ ਮਜਬੂਰੀ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਜੇਲ੍ਹ ਦੇ ਮੁਖੀ ਨੂੰ ਸੂਚਿਤ ਕਰਨਾ ਪੈਂਦਾ ਹੈ।
ਸਕ੍ਰੀਨਿੰਗ ਅਤੇ ਪਛਾਣ ਸਬੰਧੀ ਪੱਖ ਬਾਰੇ ਬੋਲਦਿਆਂ ਬੁਲਾਰੇ ਨੇ ਕਿਹਾ ਕਿ ਸਾਰੇ ਕੈਦੀਆਂ ਨੂੰ ਕਿਸੇ ਵੀ ਵਿਸ਼ੇਸ਼ ਜੇਲ੍ਹਾਂ ਵਿਚ ਦਾਖਲ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਕਰੋਨਾ ਜਾਂਚ ਕੀਤੀ ਜਾਂਦੀ ਹੈ। ਰਾਜ ਦੀਆਂ ਵੱਖ-ਵੱਖ ਇਮਾਰਤਾਂ / ਥਾਣਿਆਂ ਨੂੰ ਅਸਥਾਈ ਜੇਲ੍ਹਾਂ ਬਣਾਇਆ ਗਿਆ ਹੈ ਤਾਂ ਜੋ ਨਵੇਂ ਦਾਖਲਾ ਵਾਲੇ ਕੈਦੀਆਂ ਦੇ ਨਮੂਨੇ ਲੈ ਕੇ ਟੈਸਟ ਕਰਵਾਉਣ ਅਤੇ ਟੈਸਟ ਦੀ ਰਿਪੋਰਟ ਆਉਣ ਤੱਕ ਉੱਥੇ ਰੱਖਿਆ ਜਾ ਸਕੇ। ਇਸੇ ਤਰ੍ਹਾਂ ਹਾਲ ਹੀ ਵਿਚ ਸਾਰੇ ਅਧਿਕਾਰੀਆਂ ਦੀ ਜਾਂਚ ਲਾਜ਼ਮੀ ਕਰ ਦਿੱਤੀ ਗਈ ਹੈ। 19 ਜੁਲਾਈ ਨੂੰ, ਤਕਰੀਬਨ 1362 ਅਧਿਕਾਰੀਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 564 ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਅਤੇ 7 ਪਾਜ਼ੇਟਿਵ ਪਾਏ ਗਏ ਹਨ ਅਤੇ 821 ਕਰਮਚਾਰੀਆਂ ਦੀਆਂ ਰਿਪੋਰਟਾਂ ਹਾਲੇ ਆਉਣੀਆਂ ਬਾਕੀ ਹਨ।
ਪੰਜਾਬ ਦੀਆਂ ਜੇਲ੍ਹਾਂ ਵਿੱਚ ਤਕਰੀਬਨ 70 ਕੈਦੀ ਪਾਜ਼ੇਟਿਵ ਪਾਏ ਗਏ ਹਨ। ਹਾਲਾਂਕਿ, ਹੁਣ ਤੱਕ ਦੇ ਨਤੀਜਿਆਂ ਮੁਤਾਬਕ, ਜੇਲ੍ਹਾਂ ਦੇ ਅੰਦਰ ਕੋਈ ਵੀ ਕੈਦੀ ਕਿਸੇ ਕੋਵਿਡ ਮਰੀਜ਼ ਦੇ ਸੰਪਰਕ ਵਿਚ ਆਇਆ ਨਹੀਂ ਲੱਗ ਰਿਹਾ ਪਰ ਫਿਰ ਵੀ ਨਵੇਂ ਦਾਖਲੇ ਵਾਲੇ ਕੈਦੀ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਉਹ ਕਿਸੇ ਕਰੋਨਾ ਮਰੀਜ਼ ਦਾ ਸੰਪਰਕ ਤਾਂ ਨਹੀਂ ਰਹੇ। ਜੇਲ੍ਹਾਂ ਵਿੱਚ 19 ਜੁਲਾਈ ਤੋਂ ਕੈਦੀਆਂ ਦੀ ਰੈਂਡਮ ਟੈਸਟਿੰਗ ਸ਼ੁਰੂ ਹੋ ਚੁੱਕੀ ਹੈ। ਨਤੀਜੇ ਵਜੋਂ, 5479 ਕੈਦੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ 4287 ਕੈਦੀਆਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ ਅਤੇ ਬਾਕੀ ਕੈਦੀਆਂ ਦੀਆਂ ਰਿਪੋਰਟਾਂ ਦੀ ਉਡੀਕ ਹੈ।
ਇਲਾਜ ਅਤੇ ਰੋਕਥਾਮ ਨੂੰ ਤਿੰਨ-ਪੱਖੀ ਰਣਨੀਤੀ ਦੇ ਇਕ ਹਿੱਸੇ ਵਜੋਂ ਉਜਾਗਰ ਕਰਦਿਆਂ, ਬੁਲਾਰੇ ਨੇ ਕਿਹਾ ਕਿ ਰਾਜ ਭਰ ਵਿਚ ਬਦਲਵੀਆਂ ਇਕਾਂਤਵਾਸ ਸਹੂਲਤਾਂ ਰੱਖੀਆਂ ਗਈਆਂ ਹਨ। ਜੇ ਇਕ ਕੈਦੀ ਕਿਸੇ ਵੀ ਜੇਲ੍ਹ ਵਿਚ ਪਾਜ਼ੇਟਿਵ ਪਾਇਆ ਜਾਂਦਾ ਹੈ, ਤਾਂ ਉਸ ਨੂੰ ਸਥਾਨਕ ਆਈਸੋਲੇਸ਼ਨ ਕੇਂਦਰ ਭੇਜਿਆ ਜਾਂਦਾ ਹੈ। ਪ੍ਰਭਾਵਿਤ ਕੈਦੀ ਨਾਲ ਬੈਰਕ ਸਾਂਝੇ ਕਰਨ ਵਾਲੇ ਸਾਰੇ ਕੈਦੀਆਂ ਨੂੰ ਤੁਰੰਤ ਸਬੰਧਤ ਅਲਟਰਨੇਟ ਆਈਸੋਲੇਸ਼ਨ ਸਹੂਲਤ ਵਿੱਚ ਭੇਜ ਦਿੱਤਾ ਜਾਂਦਾ ਹੈ ਤਾ ਜੋ ਆਪਣੀ ਸਿਹਤ ਦਾ ਧਿਆਨ ਰੱਖ ਸਕਣ ਅਤੇ ਬਾਕੀ ਕੈਦੀਆਂ ਤੋਂ ਆਪਣੇ ਆਪ ਨੂੰ ਅਲੱਗ ਕਰ ਸਕਣ।
ਇਨ੍ਹਾਂ ਸਹੂਲਤਾਂ ਨੂੰ ਉਕਤ ਮੰਤਵ ਲਈ ਆਰਜ਼ੀ ਜੇਲ੍ਹਾਂ ਵਜੋਂ ਘੋਸ਼ਿਤ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਸਾਰੀਆਂ ਜੇਲ੍ਹਾਂ ਵਿੱਚ ਇੱਕ ਸਟੈਂਡਰਡ ਪ੍ਰੋਟੋਕੋਲ ਤਿਆਰ ਅਤੇ ਪ੍ਰਸਾਰਿਤ ਕੀਤਾ ਗਿਆ ਹੈ ਅਤੇ ਜੇਕਰ ਕੋਈ ਕੈਦੀ / ਅਮਲਾ ਜੇਲ੍ਹ ਦੇ ਅੰਦਰ ਪ੍ਰਭਾਵਿਤ ਪਾਇਆ ਜਾਂਦਾ ਹੈ ਤਾਂ ਇਸ ਦੀ ਪਾਲਣਾ ਕੀਤੀ ਜਾ ਸਕੇ।


Share