PUNJABMAILUSA.COM

ਪੰਜਾਬ ਤੇਰਾ ਰੱਬ ਰਾਖਾ – ਵਿਦੇਸ਼ਾਂ ‘ਚ ਰੁਲੇ ਜਵਾਨੀ

 Breaking News

ਪੰਜਾਬ ਤੇਰਾ ਰੱਬ ਰਾਖਾ – ਵਿਦੇਸ਼ਾਂ ‘ਚ ਰੁਲੇ ਜਵਾਨੀ

ਪੰਜਾਬ ਤੇਰਾ ਰੱਬ ਰਾਖਾ – ਵਿਦੇਸ਼ਾਂ ‘ਚ ਰੁਲੇ ਜਵਾਨੀ
November 27
10:18 2019

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟ, ਕੈਲੀਫੋਰਨੀਆ: 916-320-9444
ਪੰਜਾਬੀ ਦੀ ਕਹਾਵਤ ਹੈ ਕਿ ਘਰਾਂ ‘ਚ ਨੌਜਵਾਨ ਪੀੜ੍ਹੀ ਬਜ਼ੁਰਗਾਂ ਦੀ ਡੰਗੋਰੀ ਬਣਦੀ ਹੈ ਅਤੇ ਦੇਸ਼ਾਂ ਜਾਂ ਕੌਮਾਂ ਨੂੰ ਉਸਾਰਨ ਵਿਚ ਨੌਜਵਾਨ ਪੀੜ੍ਹੀ ਹੀ ਹਮੇਸ਼ਾ ਵੱਡਾ ਯੋਗਦਾਨ ਪਾਉਂਦੀ ਹੈ। ਇਸ ਸੰਦਰਭ ਵਿਚ ਦੇਖਿਆਂ ਇਹ ਕਹਿਣਾ ਗੈਰ-ਵਾਜਿਬ ਨਹੀਂ ਕਿ ਪੰਜਾਬ ਤੇਰਾ ਰੱਬ ਰਾਖਾ! ਸਦੀਆਂ ਤੋਂ ਪੰਜਾਬ ਇਕ ਖੁਸ਼ਹਾਲ ਇਲਾਕੇ ਵਜੋਂ ਵਿਚਰਦਾ ਆ ਰਿਹਾ ਹੈ। ਪੰਜਾਬੀ ਨੌਜਵਾਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਇਸ ਖਿੱਤੇ ਅੰਦਰ ਵਿਸ਼ਾਲ ਇਤਿਹਾਸਕ ਸਿੱਖ ਰਾਜ ਸਥਾਪਤ ਕਰਨ ਦਾ ਕ੍ਰਿਸ਼ਮਾ ਕਰ ਮਾਰਿਆ। ਅੰਗਰੇਜ਼ਾਂ ਦੀ ਗੁਲਾਮੀ ਦਾ ਜੂਲਾ ਲਾਹੁਣ ਲਈ ਪੰਜਾਬੀ ਨੌਜਵਾਨ ਹੀ ਸਭ ਤੋਂ ਅੱਗੇ ਹੋ ਕੇ ਕੁਰਬਾਨੀਆਂ ਕਰਦੇ ਰਹੇ ਅਤੇ ਜਾਨਾਂ ਵਾਰਦੇ ਰਹੇ। ਫਿਰ ਜਦ ਭਾਰਤ ਆਜ਼ਾਦ ਹੋਇਆ, ਤਾਂ ਦੇਸ਼ ਦੀਆਂ ਸਰਹੱਦਾਂ ਉਪਰ ਲੜਨ ਵਾਲਿਆਂ ਵਿਚ ਵੀ ਪੰਜਾਬੀ ਨੌਜਵਾਨ ਹੀ ਮੂਹਰੇ ਸਨ। 70ਵਿਆਂ ਦੇ ਦਹਾਕੇ ਵਿਚ ਜਦ ਭਾਰਤ ਨੂੰ ਵੱਡੇ ਅੰਨ ਸੰਕਟ ਦਾ ਸਾਹਮਣਾ ਕਰਨਾ ਪਿਆ ਅਤੇ ਭਾਰਤ ਦੀ ਹਕੂਮਤ ਅਨਾਜ ਹਾਸਲ ਕਰਨ ਲਈ ਅਮਰੀਕਾ ਵਰਗੇ ਦੇਸ਼ਾਂ ਅੱਗੇ ਠੂਠੇ ਅੱਡੀ ਫਿਰਦੇ ਸਨ, ਤਾਂ ਪੰਜਾਬੀ ਨੌਜਵਾਨ ਕਿਸਾਨ ਹੀ ਸਨ, ਜਿਨ੍ਹਾਂ ਹਿੰਮਤ ਮਾਰ ਕੇ ਭਾਰਤ ਦੇ ਕੁੱਲ੍ਹ ਰਕਬੇ ਦੀ ਮਸਾਂ ਡੇਢ ਕੁ ਫੀਸਦੀ ਜ਼ਮੀਨ ਵਿਚੋਂ ਪੂਰੇ ਦੇਸ਼ ਦਾ ਢਿੱਡ ਭਰਨ ਲਈ ਅਨਾਜ ਪੈਦਾ ਕਰ ਦਿੱਤਾ। ਕੁੱਝ ਹੀ ਸਾਲਾਂ ਵਿਚ ਭਾਰਤ ਅਨਾਜ ਪੱਖੋਂ ਸਵੈ-ਨਿਰਭਰ ਦੇਸ਼ਾਂ ਦੀ ਕਤਾਰ ਵਿਚ ਜਾ ਖੜ੍ਹਾ ਹੋਇਆ। ਇਸ ਤੋਂ ਬਾਅਦ ਪੰਜਾਬ ਨੂੰ ਪਤਾ ਨਹੀਂ ਕਿਹੜੇ ਕਰਮਾਂ ਦੀ ਮਾਰ ਪਈ ਜਾਂ ਨਜ਼ਰ ਲੱਗੀ ਕਿ ਭਾਰਤ ਦੇ ਹੁਕਮਰਾਨਾਂ ਨੂੰ ਪੰਜਾਬ ਦਾ ਸਿਰਕੱਢਵਾਂ ਰੋਲ ਅਤੇ ਵਿਕਾਸ ਚੁੱਭਣ ਲੱਗ ਪਿਆ ਅਤੇ ਇਹ ਚੁੱਭਣ ਕੁੱਝ ਹੀ ਸਾਲਾਂ ਵਿਚ ਖਾਰ ਖਾਣ ਦੀ ਹੱਦ ਤੱਕ ਪਹੁੰਚ ਗਿਆ। ਪੰਜਾਬ ਦੀਆਂ ਸਰਕਾਰਾਂ ਅਤੇ ਭਾਰਤ ਦੀ ਕੇਂਦਰੀ ਹਕੂਮਤ ਦੇ ਵਿਤਕਰੇ ਭਰੇ ਵਤੀਰੇ ਨੇ ਕੁੱਝ ਹੀ ਸਾਲਾਂ ਵਿਚ ਇਕ ਖੁਸ਼ਹਾਲ ਪੰਜਾਬ ਸੂਬੇ ਨੂੰ ਕੰਗਾਲ ਸੂਬੇ ਵਿਚ ਬਦਲ ਕੇ ਰੱਖ ਦਿੱਤਾ। ਇਸੇ ਸਮੇਂ ਦੌਰਾਨ ਵੱਡੀ ਗਿਣਤੀ ਵਿਚ ਪੰਜਾਬ ਵਿਚੋਂ ਵਿਦੇਸ਼ਾਂ ਨੂੰ ਪ੍ਰਵਾਸ ਦੀ ਕਹਾਣੀ ਵੀ ਸ਼ੁਰੂ ਹੋਈ। ਉਨ੍ਹਾਂ ਦਿਨਾਂ ਵਿਚ ਪੰਜਾਬ ਤੋਂ ਵੱਖ-ਵੱਖ ਮੁਲਕਾਂ ਵਿਚ ਆਏ ਨੌਜਵਾਨਾਂ ਨੇ ਅਥਾਹ ਮਿਹਨਤ ਅਤੇ ਲਿਆਕਤ ਹਾਸਲ ਕਰਕੇ ਤਰੱਕੀ ਦੀਆਂ ਸਿਖਰਾਂ ਛੂਹੀਆਂ। ਬਾਹਰ ਆ ਵਸੇ ਪ੍ਰਵਾਸੀ ਪੰਜਾਬੀਆਂ ਨੇ ਵੀ ਪੰਜਾਬ ਦਾ ਦਰਦ ਹੌਲਾ ਕਰਨ ਦੇ ਵੱਡੇ ਯਤਨ ਕੀਤੇ। ਪਰ ਪੰਜਾਬ ਨੂੰ ਲੱਗਦਾ ਹੈ ਕੋਈ ਅਜਿਹੀ ਮਿਆਦੀ ਬਿਮਾਰੀ ਚਿੰਬੜ ਗਈ ਹੈ ਕਿ ਇਲਾਜ ਦੇ ਬਾਵਜੂਦ ਮਰਜ਼ ਵੱਧਦੀ ਜਾ ਰਹੀ ਹੈ।
ਹੁਣ ਕਈ ਸਾਲਾਂ ਤੋਂ ਪੰਜਾਬ ਤੋਂ ਵੱਡੀਆਂ ਰਕਮਾਂ ਖਰਚ ਕੇ ਵਿਦੇਸ਼ਾਂ ਨੂੰ ਆਉਣ ਦੀ ਹੋੜ ਜ਼ੋਰ ਫੜ ਗਈ ਹੈ। ਇਸ ਹੋੜ ਵਿਚ ਪੰਜਾਬ ਦਾ ਮੁੜ ਫਿਰ ਵੱਡਾ ਨੁਕਸਾਨ ਹੋ ਰਿਹਾ ਹੈ। ਇਕ ਪਾਸੇ ਨੌਜਵਾਨਾਂ ਵੱਲੋਂ ਹਰ ਜਾਇਜ਼-ਨਾਜਾਇਜ਼ ਵਸੀਲਾ ਵਰਤ ਕੇ ਅਤੇ ਵੱਡੀਆਂ ਰਕਮਾਂ ਖਰਚ ਕੇ ਅਮਰੀਕਾ ਜਾਂ ਹੋਰ ਯੂਰਪੀਅਨ ਮੁਲਕਾਂ ਨੂੰ ਜਾਣ ਦਾ ਜ਼ੋਖਿਮ ਭਰਿਆ ਰਾਹ ਅਖਤਿਆਰ ਕੀਤਾ ਹੋਇਆ ਹੈ ਤੇ ਦੂਜੇ ਪਾਸੇ ਪੜ੍ਹਾਈ ਦੇ ਨਾਂ ਉਪਰ ਕੈਨੇਡਾ ਆਏ ਕਈ ਨੌਜਵਾਨਾਂ ਦੇ ਵਿਵਹਾਰ ਕਾਰਨ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਹਫਤੇ ਅਮਰੀਕਾ ਦੀ ਸਰਕਾਰ ਨੇ ਗੈਰ ਕਾਨੂੰਨੀ ਤਰੀਕੇ ਦੇਸ਼ ਅੰਦਰ ਦਾਖਲ ਹੋਏ 150 ਭਾਰਤੀਆਂ ਨੂੰ ਡਿਪੋਰਟ ਕਰਕੇ ਵਾਪਸ ਭੇਜਿਆ ਹੈ। ਇਸ ਤੋਂ ਪਹਿਲਾਂ ਵੀ ਵੱਖ-ਵੱਖ ਮੌਕਿਆਂ ਉਪਰ ਅਮਰੀਕਾ ਆਏ 2 ਹਜ਼ਾਰ ਦੇ ਕਰੀਬ ਭਾਰਤੀ ਡਿਪੋਰਟ ਕਰਕੇ ਵਾਪਸ ਭੇਜੇ ਜਾ ਚੁੱਕੇ ਹਨ। ਅਜੇ ਵੀ ਅਮਰੀਕੀ ਜੇਲ੍ਹਾਂ ਵਿਚ 2 ਹਜ਼ਾਰ ਦੇ ਕਰੀਬ ਹੋਰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਆਏ ਭਾਰਤੀ ਰਹਿ ਰਹੇ ਹਨ। ਉਨ੍ਹਾਂ ਦੇ ਕੇਸਾਂ ਦਾ ਨਿਪਟਾਰਾ ਵੀ ਜਲਦੀ ਹੋਣ ਵਾਲਾ ਹੈ। ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਵਿਚ ਜ਼ਿਆਦਾਤਰ ਪੰਜਾਬੀ ਦੱਸੇ ਜਾਂਦੇ ਹਨ। ਵਾਪਸ ਪਰਤੇ ਇਕ ਪੰਜਾਬੀ ਨੌਜਵਾਨ ਨੇ ਦੱਸਿਆ ਕਿ ਉਹ ਇਕ ਏਜੰਟ ਨੂੰ 25 ਲੱਖ ਰੁਪਏ ਦੇ ਕੇ ਆਇਆ ਸੀ। ਉਹ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਵੱਖ-ਵੱਖ ਮੁਲਕਾਂ ਰਾਹੀਂ ਅਮਰੀਕਾ ਪੁੱਜਣ ਦਾ ਯਤਨ ਕਰ ਚੁੱਕਾ ਹੈ। ਚੌਥੀ ਵਾਰ ਉਹ ਕਈ ਦੇਸ਼ਾਂ ਵਿਚੋਂ ਘੁੰਮਦਾ ਹੋਇਆ ਅਮਰੀਕਾ ਵਿਚ ਦਾਖਲ ਹੋਣ ਵਿਚ ਸਫਲ ਤਾਂ ਹੋ ਗਿਆ, ਪਰ ਸਰਹੱਦੀ ਪੁਲਿਸ ਵੱਲੋਂ ਫੜੇ ਜਾਣ ਬਾਅਦ ਹੁਣ ਉਹ ਡਿਪੋਰਟ ਹੋ ਕੇ ਵਾਪਸ ਪਰਤ ਆਇਆ ਹੈ। ਇਸੇ ਤਰ੍ਹਾਂ ਇਕ ਮਕੈਨੀਕਲ ਇੰਜੀਨੀਅਰ ਵੀ ਇਨ੍ਹਾਂ ਵਾਪਸ ਪਰਤੇ ਪੰਜਾਬੀਆਂ ਵਿਚ ਸ਼ਾਮਲ ਸੀ। ਇਸ ਤੋਂ ਪਹਿਲਾਂ ਇਕ ਮਾਂ 6 ਸਾਲ ਦੀ ਬੱਚੀ ਨਾਲ ਅਮਰੀਕਾ ਦਾਖਲ ਹੋਣ ਸਮੇਂ ਫੜੀ ਗਈ ਸੀ ਅਤੇ ਇਹ 6 ਸਾਲ ਦੀ ਬੱਚੀ ਐਰੀਜ਼ੋਨਾ ਦੇ ਮਾਰੂਥਲ ਵਿਚ ਲੂ ਲੱਗਣ ਕਾਰਨ ਮੌਤ ਦੇ ਮੂੰਹ ਜਾ ਪਈ ਸੀ। ਹੁਣੇ-ਹੁਣੇ ਕੈਨੇਡਾ ਦੇ ਸਭ ਤੋਂ ਵੱਡੀ ਪੰਜਾਬੀ ਵਸੋਂ ਵਾਲੇ ਸ਼ਹਿਰ ਵਿਚ ਪੜ੍ਹਨ ਗਈ ਇਕ ਪੰਜਾਬੀ ਨੌਜਵਾਨ ਮੁਟਿਆਰ ਦਾ ਦਰਦਨਾਕ ਭਰੇ ਢੰਗ ਨਾਲ ਕਤਲ ਹੋਣ ਦੀ ਘਟਨਾ ਸਾਹਮਣੇ ਆਈ ਹੈ। ਕੁੱਝ ਸਮਾਂ ਪਹਿਲਾਂ ਕੈਨੇਡਾ ਦੇ ਬਰੈਂਪਟਨ ਵਿਖੇ ਭਾਰਤੀ ਵਿਦਿਆਰਥੀਆਂ ਦੇ ਗਰੁੱਪਾਂ ਵਿਚ ਇਕ ਪੈਟਰੋਲ ਪੰਪ ਉਪਰ ਭਿੜਨ ਦੀ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਵਿਚ ਕੁੱਝ ਲੜਕੀਆਂ ਵੀ ਉਲਝੀਆਂ ਹੋਈਆਂ ਨਜ਼ਰ ਆ ਰਹੀਆਂ ਸਨ। ਬਰੈਂਪਟਨ ਵਿਖੇ ਹੋਏ ਇਸ ਝਗੜੇ ਦੇ ਦੋਸ਼ੀ ਪਾਏ ਗਏ 3 ਵਿਦਿਆਰਥੀ ਡਿਪੋਰਟ ਕਰਕੇ ਭਾਰਤ ਭੇਜ ਦਿੱਤੇ ਗਏ ਹਨ ਅਤੇ ਦਰਜਨ ਤੋਂ ਵੱਧ ਇਸ ਹੁੱਲੜਬਾਜ਼ੀ ਵਿਚ ਸ਼ਾਮਲ ਵਿਦਿਆਰਥੀਆਂ ਬਾਰੇ ਜਾਂਚ ਚੱਲ ਰਹੀ ਹੈ। ਇਹ ਘਟਨਾਵਾਂ ਦੱਸਦੀਆਂ ਹਨ ਕਿ ਪੰਜਾਬ ਦੇ ਲੋਕ ਜੋ ਕਿਸੇ ਸਮੇਂ ਆਪਣੇ ਸੂਬੇ ਤੋਂ ਜਾਨਾਂ ਵਾਰਦੇ ਸਨ, ਉਹ ਹੁਣ ਉਥੋਂ ਕਿਸੇ ਵੀ ਹੀਲੇ-ਵਸੀਲੇ ਬਾਹਰ ਨਿਕਲਣ ਨੂੰ ਕਾਹਲੇ ਪਏ ਹੋਏ ਹਨ। ਅਮਰੀਕਾ ਤੋਂ ਕੱਢੇ ਗਏ ਇਕੱਲੇ-ਇਕੱਲੇ ਨੌਜਵਾਨ ਦੀਆਂ ਲੰਮੀਆਂ ਕਹਾਣੀਆਂ ਪ੍ਰਕਾਸ਼ਿਤ ਹੋਈਆਂ ਹਨ। ਇਨ੍ਹਾਂ ਨੌਜਵਾਨਾਂ ਨੇ ਦੱਸਿਆ ਹੈ ਕਿ ਪੰਜਾਬ ਵਿਚ ਉਨ੍ਹਾਂ ਨੂੰ ਕਿਧਰੇ ਵੀ ਢੋਈ ਨਹੀਂ ਮਿਲਦੀ, ਨਾ ਰੁਜ਼ਗਾਰ ਮਿਲਦਾ ਹੈ, ਨਾ ਕਿਧਰੇ ਇਨਸਾਫ ਮਿਲਦਾ ਹੈ। ਅਜਿਹੀ ਬਦਤਰ ਹਾਲਤ ਵਿਚ ਉਹ ਆਪਣਾ ਦੇਸ਼ ਅਤੇ ਪਰਿਵਾਰ ਛੱਡ ਕੇ ਵਿਦੇਸ਼ਾਂ ਵੱਲ ਭੱਜਣ ਨੂੰ ਤਿਆਰ ਹੋ ਰਹੇ ਹਨ। ਅਮਰੀਕਾ ਆਏ ਇਨ੍ਹਾਂ ਨੌਜਵਾਨਾਂ ਨੇ ਗੈਰ ਕਾਨੂੰਨੀ ਤਰੀਕੇ ਰਾਹੀਂ ਅਮਰੀਕਾ ਜਾਣ ਲਈ 25 ਤੋਂ 30 ਲੱਖ ਰੁਪਏ ਤੱਕ ਹਰੇਕ ਨੌਜਵਾਨ ਨੇ ਏਜੰਟਾਂ ਨੂੰ ਅਦਾ ਕੀਤੇ ਸਨ। ਖਾਲੀ ਹੱਥੀਂ ਵਾਪਸ ਪਰਤ ਜਾਣ ਕਾਰਨ ਹੁਣ ਇਹ ਨੌਜਵਾਨ ਘਰ-ਬਾਰ ਵੀ ਲੁਟਾ ਚੁੱਕੇ ਹਨ। ਇਨ੍ਹਾਂ ਨੌਜਵਾਨਾਂ ਨੂੰ ਹੁਣ ਸਿਰ ਚੜ੍ਹੇ ਕਰਜ਼ੇ ਵਾਪਸ ਕਰਨ ਦੀ ਚਿੰਤਾ ਮਾਰ ਰਹੀ ਹੈ। ਇਸੇ ਤਰ੍ਹਾਂ ਭੁਲੱਥ ਅਤੇ ਮੁਕੇਰੀਆਂ ਹਲਕੇ ਤੋਂ ਪਿਛਲੇ ਸਾਲ ਏਜੰਟਾਂ ਰਾਹੀਂ ਵੱਡੀਆਂ ਰਕਮਾਂ ਲੈ ਕੇ ਭੇਜੇ 6 ਨੌਜਵਾਨਾਂ ਦਾ ਅਜੇ ਤੱਕ ਵੀ ਕੋਈ ਅਤਾ-ਪਤਾ ਨਹੀਂ ਲੱਗ ਰਿਹਾ। ਇਨ੍ਹਾਂ ਦੇ ਮਾਪੇ ਅੱਜ ਵੀ ਏਜੰਟਾਂ ਖਿਲਾਫ ਕਾਰਵਾਈ ਕਰਵਾਉਣ ਅਤੇ ਆਪਣੇ ਬੱਚਿਆਂ ਦੀ ਭਾਲ ਲਈ ਦਰ-ਦਰ ਭਟਕਦੇ ਫਿਰ ਰਹੇ ਹਨ। ਵਿਦੇਸ਼ ਨੂੰ ਨੌਜਵਾਨਾਂ ਦੀ ਦੌੜ ਕਾਰਨ ਪੰਜਾਬ ਇਸ ਵੇਲੇ ਵੱਡੇ ਆਰਥਿਕ ਸੰਕਟ ਵਿਚ ਫਸਿਆ ਨਜ਼ਰ ਆ ਰਿਹਾ ਹੈ। ਨੌਜਵਾਨ ਟਿਕ ਕੇ ਮਿਹਨਤ ਕਰਨ ਦੀ ਬਜਾਏ ਆਈਲੈਟਸ ਕਰਨ ਵੱਲ ਨੂੰ ਵਧੇਰੇ ਦੌੜ ਰਹੇ ਹਨ। ਇਸ ਵੇਲੇ ਪੰਜਾਬ ਦੇ ਕਾਲਜ ਅਤੇ ਯੂਨੀਵਰਸਿਟੀਆਂ ਖਾਲੀ ਹੋ ਰਹੀਆਂ ਹਨ ਅਤੇ ਆਈਲੈਟਸ ਅਕੈਡਮੀਆਂ ਦੀਆਂ ਪੌਂ ਬਾਰ੍ਹਾਂ ਹਨ। ਇਸ ਤਰ੍ਹਾਂ ਪੰਜਾਬ ਦੀ ਜਵਾਨੀ ਵੱਲੋਂ ਲਗਾਤਾਰ ਆਪਣੇ ਸੂਬੇ ਤੋਂ ਪਲਾਇਨ ਹੋਣ ਨਾਲ ਰਾਜ ਦੀਆਂ ਮੁਸ਼ਕਿਲਾਂ ਹੋਰ ਵੱਧ ਰਹੀਆਂ ਹਨ। ਵੱਡੀ ਸਮੱਸਿਆ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਨੂੰ ਆਉਣ ਕਾਰਨ ਹੋ ਰਹੀ ਹੈ। ਜਿਹੜੇ ਨੌਜਵਾਨ 30 ਲੱਖ ਰੁਪਏ ਰੋੜ ਕੇ ਕਿਸੇ ਦੇਸ਼ ਤੋਂ ਡਿਪੋਰਟ ਹੋ ਗਏ, ਉਨ੍ਹਾਂ ਦੀ ਹਾਲਤ ‘ਨਾ ਘਰ ਦੇ ਰਹੇ ਨਾ ਘਾਟ ਦੇ’ ਵਰਗੀ ਬਣੀ ਹੋਈ ਹੈ। 30-30 ਲੱਖ ਰੁਪਏ ਲਾ ਕੇ ਪਰਤੇ ਇਹ ਨੌਜਵਾਨ ਹੁਣ ਮੁੜ ਵਿਦੇਸ਼ ਵੀ ਨਹੀਂ ਜਾ ਸਕਦੇ ਅਤੇ ਦੇਸ਼ ਅੰਦਰ ਉਨ੍ਹਾਂ ਲਈ ਰੁਜ਼ਗਾਰ ਦੇ ਐਨੇ ਚੰਗੇ ਸਾਧਨ ਨਹੀਂ ਹਨ, ਜਿਨ੍ਹਾਂ ਦੇ ਸਿਰ ‘ਤੇ ਉਹ ਆਪਣੇ ‘ਤੇ ਚੜ੍ਹੇ ਕਰਜ਼ੇ ਉਤਾਰ ਸਕਣ।
ਪੰਜਾਬ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਪੜ੍ਹਾਈ ਲਈ ਕੈਨੇਡਾ ਨੂੰ ਆ ਰਹੇ ਹਨ। ਇੱਥੇ ਆ ਕੇ ਪੜ੍ਹਾਈ ਦੇ ਨਾਲ-ਨਾਲ ਉਹ ਕੰਮ ਵੀ ਕਰਦੇ ਹਨ ਅਤੇ ਵਰਕ ਪਰਮਿਟਾਂ ਦੀ ਮਿਆਦ ਵਧਾ ਕੇ ਪੱਕੇ ਹੋਣ ਦਾ ਜੁਗਾੜ ਵੀ ਕਰ ਲੈਂਦੇ ਹਨ। ਪਰ ਕੁੱਝ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਹੁੱਲੜਬਾਜ਼ੀ ਅਤੇ ਹਿੰਸਾ ਦੀਆਂ ਘਟਨਾਵਾਂ ਸਮੁੱਚੇ ਭਾਈਚਾਰੇ ਦਾ ਅਕਸ ਵਿਗਾੜਨ ਦਾ ਕਾਰਨ ਬਣਦੀਆਂ ਹਨ। ਵਿਦੇਸ਼ਾਂ ਵਿਚ ਆਉਣ ਵਾਲੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਸੱਭਿਅਕ ਤਰੀਕੇ ਨਾਲ ਇਨ੍ਹਾਂ ਦੇਸ਼ਾਂ ਦੇ ਕਾਨੂੰਨੀ ਦਾਇਰੇ ਵਿਚ ਰਹਿੰਦਿਆਂ ਆਪਣੇ ਕੰਮਕਾਰ ਕਰਨ ਅਤੇ ਕਿਸੇ ਵੀ ਤਰ੍ਹਾਂ ਖਰੂਦ ਪਾਉਣ ਤੋਂ ਦੂਰ ਰਹਿਣ। ਨਾਲ ਹੀ ਸਾਡਾ ਮਸ਼ਵਰਾ ਹੈ ਕਿ ਪੰਜਾਬ ਤੋਂ ਨੌਜਵਾਨ ਭਾਵੇਂ ਜੀ ਸਦਕੇ ਅਮਰੀਕਾ ਸਮੇਤ ਹੋਰਨਾਂ ਦੇਸ਼ਾਂ ਨੂੰ ਆਉਣ ਅਤੇ ਆਪਣਾ ਜੀਵਨ ਪੱਧਰ ਸੁਧਾਰਨ ਦਾ ਯਤਨ ਕਰਨ। ਪਰ ਜ਼ਿੰਦਗੀ ਜ਼ੋਖਿਮ ਵਿਚ ਪਾ ਕੇ ਅਤੇ ਵੱਡੀਆਂ ਰਕਮਾਂ ਖਰਚ ਕਰਕੇ ਗੈਰ ਕਾਨੂੰਨੀ ਤਰੀਕੇ ਆਉਣ ਦਾ ਯਤਨ ਨਾ ਕਰਨ। ਅਜਿਹਾ ਕਰਨ ਦੇ ਭਿਆਨਕ ਨਤੀਜਿਆਂ ਦਾ ਖਾਮਿਆਜ਼ਾ ਅਜਿਹੇ ਬਹੁਤ ਸਾਰੇ ਨੌਜਵਾਨ ਖੁਦ ਭੁਗਤ ਚੁੱਕੇ ਹਨ। ਭਾਰਤ ਅਤੇ ਪੰਜਾਬ ਦੀ ਸਰਕਾਰ ਅਤੇ ਰਾਜਸੀ ਨੇਤਾਵਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਵੱਲ ਧਿਆਨ ਦੇਣ। ਪੰਜਾਬ ਦੀ ਜਵਾਨੀ ਬਗੈਰ ਨਾ ਖੁਸ਼ਹਾਲ ਪੰਜਾਬ ਹੋਣਾ ਹੈ ਅਤੇ ਨਾ ਹੀ ਸਾਡਾ ਧਰਮ ਤੇ ਵਿਰਸਾ ਬਚਣਾ ਹੈ। ਸੋ ਸਭਨਾਂ ਨੂੰ ਰਲ ਕੇ ਇਸ ਗੰਭੀਰ ਮੁੱਦੇ ਉਪਰ ਵਿਚਾਰ-ਚਰਚਾ ਕਰਨੀ ਚਾਹੀਦੀ ਹੈ ਅਤੇ ਸੁਧਾਰ ਲਈ ਕਦਮ ਚੁੱਕਣੇ ਚਾਹੀਦੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕੀ ਸੰਸਦ ਮੈਂਬਰਾਂ ਨੇ ਟਰੰਪ ਖਿਲਾਫ 2 ਦੋਸ਼ਾਂ ਨੂੰ ਦਿੱਤੀ ਮਨਜ਼ੂਰੀ

ਅਮਰੀਕੀ ਸੰਸਦ ਮੈਂਬਰਾਂ ਨੇ ਟਰੰਪ ਖਿਲਾਫ 2 ਦੋਸ਼ਾਂ ਨੂੰ ਦਿੱਤੀ ਮਨਜ਼ੂਰੀ

Read Full Article
    ਅਮਰੀਕੀ ਸਾਂਸਦ ਵੱਲੋਂ ਭਾਰਤ ਨੂੰ ਨਾਟੋ ਪਲੱਸ 5 ਦੇਸ਼ਾਂ ਦੇ ਸਮੂਹ ‘ਚ ਸ਼ਾਮਲ ਕਰਨ ਦਾ ਸਮਰਥਨ

ਅਮਰੀਕੀ ਸਾਂਸਦ ਵੱਲੋਂ ਭਾਰਤ ਨੂੰ ਨਾਟੋ ਪਲੱਸ 5 ਦੇਸ਼ਾਂ ਦੇ ਸਮੂਹ ‘ਚ ਸ਼ਾਮਲ ਕਰਨ ਦਾ ਸਮਰਥਨ

Read Full Article
    ਅਮਰੀਕਾ-ਚੀਨ ਵਿਚਾਲੇ ਜਲਦ ਹੋ ਸਕਦੈ ਵਪਾਰ ਸਮਝੌਤੇ ਦਾ ਰਸਮੀ ਐਲਾਨ

ਅਮਰੀਕਾ-ਚੀਨ ਵਿਚਾਲੇ ਜਲਦ ਹੋ ਸਕਦੈ ਵਪਾਰ ਸਮਝੌਤੇ ਦਾ ਰਸਮੀ ਐਲਾਨ

Read Full Article
    ਅਮਰੀਕਾ ਵੱਲੋਂ ਮੱਧਮ ਦੂਰੀ ਤਕ ਮਾਰ ਕਰਨ ਵਾਲੀ ਮਿਜ਼ਾਈਲ ਦਾ ਪ੍ਰੀਖਣ

ਅਮਰੀਕਾ ਵੱਲੋਂ ਮੱਧਮ ਦੂਰੀ ਤਕ ਮਾਰ ਕਰਨ ਵਾਲੀ ਮਿਜ਼ਾਈਲ ਦਾ ਪ੍ਰੀਖਣ

Read Full Article
    ਸਵੀਡਨ ਦੀ 16 ਸਾਲ ਦੀ ਗ੍ਰੇਟਾ ਥਨਬਰਗ ਬਣੀ ਟਾਈਮ ਮੈਗਜ਼ੀਨ ਦੀ ‘ਪਰਸਨ ਆਫ ਦਿ ਈਅਰ’

ਸਵੀਡਨ ਦੀ 16 ਸਾਲ ਦੀ ਗ੍ਰੇਟਾ ਥਨਬਰਗ ਬਣੀ ਟਾਈਮ ਮੈਗਜ਼ੀਨ ਦੀ ‘ਪਰਸਨ ਆਫ ਦਿ ਈਅਰ’

Read Full Article
    ਟਰੰਪ ਪ੍ਰਸ਼ਾਸਨ ਨੇ ਈਰਾਨ ‘ਤੇ ਲਗਾਈਆਂ ਨਵੀਆਂ ਪਾਬੰਦੀਆਂ

ਟਰੰਪ ਪ੍ਰਸ਼ਾਸਨ ਨੇ ਈਰਾਨ ‘ਤੇ ਲਗਾਈਆਂ ਨਵੀਆਂ ਪਾਬੰਦੀਆਂ

Read Full Article
    ਟਰੰਪ ਦੇ ਮੈਕਸਿਕੋ ਸਰਹੱਦ ‘ਤੇ 450 ਮੀਲ ਲੰਬੀ ਦੀਵਾਰ ਬਣਾਉਣ ਦੇ ਯਤਨਾਂ ਨੂੰ ਜ਼ੋਰਦਾਰ ਝਟਕਾ

ਟਰੰਪ ਦੇ ਮੈਕਸਿਕੋ ਸਰਹੱਦ ‘ਤੇ 450 ਮੀਲ ਲੰਬੀ ਦੀਵਾਰ ਬਣਾਉਣ ਦੇ ਯਤਨਾਂ ਨੂੰ ਜ਼ੋਰਦਾਰ ਝਟਕਾ

Read Full Article
    ਕੈਪਟਨ ਸਰਕਾਰ ਸੰਕਟ ‘ਚ ਫਸੀ; ਸਿੱਧੂ ਉਭਰਨ ਲੱਗੇ

ਕੈਪਟਨ ਸਰਕਾਰ ਸੰਕਟ ‘ਚ ਫਸੀ; ਸਿੱਧੂ ਉਭਰਨ ਲੱਗੇ

Read Full Article
    ਕੈਲੀਫੋਰਨੀਆ ‘ਚ ਦਸਤਾਰਧਾਰੀ ਸਿੱਖ ਪਰਗਟ ਸੰਧੂ ਬਣੇ ਗਾਲਟ ਸਿਟੀ ਦੇ ਮੇਅਰ

ਕੈਲੀਫੋਰਨੀਆ ‘ਚ ਦਸਤਾਰਧਾਰੀ ਸਿੱਖ ਪਰਗਟ ਸੰਧੂ ਬਣੇ ਗਾਲਟ ਸਿਟੀ ਦੇ ਮੇਅਰ

Read Full Article
    ਅਮਰੀਕੀ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰਾਂ ਦੀ ਸੂਚੀ ਜਾਰੀ

ਅਮਰੀਕੀ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰਾਂ ਦੀ ਸੂਚੀ ਜਾਰੀ

Read Full Article
    ਰੋਜ਼ਵਿਲ ਸਿਟੀ ਵੱਲੋਂ ਨਵੰਬਰ ਮਹੀਨੇ ਸਿੱਖ ਜਾਗਰੂਕਤਾ ਅਤੇ ਧੰਨਵਾਦ ਮਹੀਨੇ ਵਜੋਂ ਮਿਲੀ ਮਾਨਤਾ

ਰੋਜ਼ਵਿਲ ਸਿਟੀ ਵੱਲੋਂ ਨਵੰਬਰ ਮਹੀਨੇ ਸਿੱਖ ਜਾਗਰੂਕਤਾ ਅਤੇ ਧੰਨਵਾਦ ਮਹੀਨੇ ਵਜੋਂ ਮਿਲੀ ਮਾਨਤਾ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ; ਉਮੀਦਵਾਰੀ ਦੀ ਦੌੜ ‘ਚ ਬਿਡੇਨ ਸਭ ਤੋਂ ਅੱਗੇ

ਅਮਰੀਕੀ ਰਾਸ਼ਟਰਪਤੀ ਚੋਣਾਂ; ਉਮੀਦਵਾਰੀ ਦੀ ਦੌੜ ‘ਚ ਬਿਡੇਨ ਸਭ ਤੋਂ ਅੱਗੇ

Read Full Article
    ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਜਗਪਾਲ ਸਿੰਘ ਪਾਲ ਨੂੰ 3 ਸਾਲ ਦੀ ਸਜ਼ਾ

ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਜਗਪਾਲ ਸਿੰਘ ਪਾਲ ਨੂੰ 3 ਸਾਲ ਦੀ ਸਜ਼ਾ

Read Full Article
    ਅਮਰੀਕਾ ਵਿੱਚ ਸਿੱਖ ਡਰਾਈਵਰ ਨਸਲੀ ਹਮਲੇ ਦਾ ਹੋਇਆ ਸ਼ਿਕਾਰ

ਅਮਰੀਕਾ ਵਿੱਚ ਸਿੱਖ ਡਰਾਈਵਰ ਨਸਲੀ ਹਮਲੇ ਦਾ ਹੋਇਆ ਸ਼ਿਕਾਰ

Read Full Article
    ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਪੰਜਾਬੀ ਵਿਅਕਤੀ ਨੂੰ 3 ਸਾਲ ਦੀ ਸਜ਼ਾ

ਲਾਸ ਏਂਜਲਸ ‘ਚ ਰਿਸ਼ਵਤ ਦੇਣ ਦੇ ਮਾਮਲੇ ‘ਚ ਪੰਜਾਬੀ ਵਿਅਕਤੀ ਨੂੰ 3 ਸਾਲ ਦੀ ਸਜ਼ਾ

Read Full Article