ਪੰਜਾਬ’ ‘ਚ 28-29 ਨੂੰ ਹੋਵੇਗਾ ‘ਕੋਵਿਡ ਟੀਕੇ’ ਦਾ ਟ੍ਰਾਇਲ

105
Share

ਚੰਡੀਗੜ੍ਹ, 25 ਦਸੰਬਰ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਕੋਵਿਡ ਦੇ ਟੀਕੇ ਦੇ ਟ੍ਰਾਇਲ ਲਈ ਪੰਜਾਬ ਨੂੰ ਚੁਣਿਆ ਹੈ, ਜਿਸ ਦੇ ਮੱਦੇਨਜ਼ਰ 28 ਅਤੇ 29 ਦਸੰਬਰ ਨੂੰ ਕੋਵਿਡ ਦੇ ਟੀਕੇ ਦਾ ਟ੍ਰਾਇਲ ਸ਼ੁਰੂ ਕੀਤਾ ਜਾਵੇਗਾ। ਇਸ ਦੇ ਲਈ ਪੰਜਾਬ ਦੇ 2 ਜ਼ਿਲ੍ਹਿਆਂ ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ ਨਗਰ ‘ਚ ਟ੍ਰਾਇਲ ਸਬੰਧੀ 5-5 ਥਾਵਾਂ ਦੀ ਪਛਾਣ ਕੀਤੀ ਜਾਵੇਗੀ। ਸਿਹਤ ਮੰਤਰੀ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਸ ਟ੍ਰਾਇਲ ਦਾ ਮਕਸਦ ਸਿਹਤ ਪ੍ਰਣਾਲੀ ‘ਚ ਕੋਵਿਡ-19 ਟੀਕਾਕਰਣ ਸ਼ੁਰੂ ਕਰਨ ਲਈ ਨਿਰਧਾਰਿਤ ਤਾਰੀਖਾਂ ਦੀ ਜਾਂਚ ਕਰਨਾ ਹੈ। ਇਹ ਕੋਵਿਡ-19 ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਅੰਦਰੂਨੀ ਕਮੀਆਂ ਜਾਂ ਰੁਕਾਵਟਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਵੇਗਾ ਤਾਂ ਜੋ ਸਮਾਂ ਰਹਿੰਦੇ ਉਨ੍ਹਾਂ ਨੂੰ ਹੱਲ ਕੀਤਾ ਜਾ ਸਕੇ। ਇਹ ਟੈਸਟਿੰਗ 2 ਜ਼ਿਲ੍ਹਿਆਂ ‘ਚ ਜ਼ਿਲ੍ਹਾ ਕੁਲੈਕਟਰ/ਮੈਜਿਸਟ੍ਰੇਟ ਦੀ ਅਗਵਾਈ ‘ਚ ਕੀਤੀ ਜਾਵੇਗੀ। ਸਿਹਤ ਮੰਤਰੀ ਨੇ ਦੱਸਿਆ ਕਿ ਟੀਕਾਕਰਣ ਹਿੱਸੇਦਾਰ ਯੂ. ਐਨ. ਡੀ. ਪੀ. ਅਤੇ ਸੂਬਾ ਪੱਧਰ ‘ਤੇ ਵਿਸ਼ਵ ਸਿਹਤ ਸੰਗਠਨ ਇਸ ਗਤੀਵਿਧੀ ਦਾ ਸਮਰਥਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਟ੍ਰਾਇਲ ਦੌਰਾਨ ਕੋਵਿਡ-19 ਟੀਕਾਕਰਣ ਪ੍ਰਕਿਰਿਆ ਦੀ ਐਂਡ-ਟੂ-ਐਂਡ ਟੈਸਟਿੰਗ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਇਕ ਇਲੈਕਟ੍ਰਾਨਿਕ ਐਪਲੀਕੇਸ਼ਨ ਰਾਹੀਂ ਸਹਿਯੋਗੀ ਗਰੁੱਪਾਂ ਵੱਲੋਂ ਪਹਿਲਾਂ ਤੋਂ ਪਛਾਣ ਕੀਤੇ ਗਏ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਜਾਵੇਗਾ। ਟੀਕੇ ਦਾ ਇਹ ਪ੍ਰੀਖਣ 4 ਸੂਬਿਆਂ ਜਿਵੇਂ ਕਿ ਆਂਧਰਾ ਪ੍ਰਦੇਸ਼, ਆਸਾਮ, ਗੁਜਰਾਤ ਅਤੇ ਪੰਜਾਬ ‘ਚ ਕੀਤੇ ਜਾਣ ਦਾ ਪ੍ਰਸਤਾਵ ਹੈ।


Share