ਪੰਜਾਬ ‘ਚ 1 ਦਸੰਬਰ ਤੋਂ ਰਾਤ ਦਾ ਕਰਫ਼ਿਊ

91
Share

* ਕੋਰੋਨਾ ਦੇ ਫੈਲਾਅ ਨੂੰ ਵੇਖਦਿਆਂ ਨਵੀਆਂ ਪਾਬੰਦੀਆਂ
ਚੰਡੀਗੜ੍ਹ, 26 ਨਵੰਬਰ (ਪੰਜਾਬ ਮੇਲ)-ਪੰਜਾਬ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਖ਼ਦਸ਼ਿਆਂ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸੂਬੇ ਵਿਚ ਨਵੀਆਂ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ। ਇਨ੍ਹਾਂ ਵਿਚ ਪਹਿਲੀ ਦਸੰਬਰ ਤੋਂ ਸੂਬੇ ਦੇ ਸਾਰੇ ਕਸਬਿਆਂ ਤੇ ਸ਼ਹਿਰਾਂ ‘ਚ ਦੁਬਾਰਾ ਰਾਤ ਦਾ ਕਰਫ਼ਿਊ ਲਾਇਆ ਜਾਣਾ ਅਤੇ ਮਾਸਕ ਨਾ ਪਾਉਣ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਦੁੱਗਣਾ ਜੁਰਮਾਨਾ ਲਾਇਆ ਜਾਣਾ ਸ਼ਾਮਲ ਹਨ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਨ੍ਹਾਂ ਪਾਬੰਦੀਆਂ ਦੀ ਸਮੀਖਿਆ 15 ਦਸੰਬਰ ਨੂੰ ਕੀਤੀ ਜਾਵੇਗੀ ਤੇ ਸਾਰੇ ਹੋਟਲ, ਰੈਸਟੋਰੈਂਟ ਤੇ ਮੈਰਿਜ ਪੈਲੇਸ ਰਾਤ 9.30 ਵਜੇ ਬੰਦ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਰਾਤ ਦਾ ਕਰਫ਼ਿਊ ਰਾਤ 10 ਵਜੇ ਤੋਂ ਸਵੇਰੇ 5:00 ਵਜੇ ਤੱਕ ਲਾਗੂ ਰਹੇਗਾ। ਇਕ ਉੱਚ ਪੱਧਰੀ ਸੂਬਾਈ ਕੋਵਿਡ ਸਮੀਖਿਆ ਮੀਟਿੰਗ ਤੋਂ ਬਾਅਦ ਨਵੀਆਂ ਪਾਬੰਦੀਆਂ ਬਾਰੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਜੁਰਮਾਨਾ ਮੌਜੂਦਾ 500 ਰੁਪਏ ਤੋਂ ਵਧਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ। ਫ਼ੈਸਲਾ ਕੀਤਾ ਗਿਆ ਹੈ ਕਿ ਸੂਬੇ ਦੇ ਨਿੱਜੀ ਹਸਪਤਾਲਾਂ ‘ਚ ਬਿਸਤਰਿਆਂ ਦੀ ਗਿਣਤੀ ‘ਚ ਵਾਧਾ ਕੀਤਾ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਆਕਸੀਜਨ ਤੇ ਆਈ. ਸੀ. ਯੂ. ਬੈੱਡਜ਼ ਦੀ ਉਪਲੱਬਧਤਾ ਨੂੰ ਹੋਰ ਹੁਲਾਰਾ ਦੇਣ ਲਈ ਐੱਲ 99 ਅਤੇ ਐੱਲ 999 ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਹੁਕਮ ਦਿੱਤੇ। ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲਾਂ ਤੇ ਸਿਵਲ ਹਸਪਤਾਲਾਂ ਦੇ ਪ੍ਰਬੰਧਨ ‘ਤੇ ਵੀ ਨਿਗ੍ਹਾ ਰੱਖੀ ਜਾਵੇਗੀ। ਮੁੱਖ ਮੰਤਰੀ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਸਪੈਸ਼ਲਿਸਟਾਂ, ਸੁਪਰ ਸਪੈਸ਼ਲਿਸਟਾਂ, ਨਰਸਾਂ ਤੇ ਪੈਰਾ ਮੈਡਿਕਸ ਦੀਆਂ ਹੰਗਾਮੀ ਭਰਤੀਆਂ ਕਰਨ ਅਤੇ ਚੌਥੇ ਤੇ ਪੰਜਵੇਂ ਵਰ੍ਹੇ ਦੇ ਐੱਮ. ਬੀ. ਬੀ. ਐੱਸ. ਵਿਦਿਆਰਥੀਆਂ ਨੂੰ ਭਵਿੱਖ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਰਾਖਵੇਂ ਤੌਰ ‘ਤੇ ਰੱਖਿਆ ਜਾਵੇ।
ਮੁੱਖ ਮੰਤਰੀ ਨੇ ਜ਼ੋਰ ਦਿੱਤਾ ਕਿ ਰੋਜ਼ਾਨਾ ਦੀ 25,500 ਆਰ. ਟੀ. ਪੀ. ਸੀ. ਆਰ. ਟੈਸਟਿੰਗ ਸਮਰੱਥਾ ਦੀ ਭਰਪੂਰ ਵਰਤੋਂ ਕੀਤੀ ਜਾਵੇ ਅਤੇ ਸਰਕਾਰੀ ਅਧਿਕਾਰੀਆਂ ਦੀ ਨਿਯਮਿਤ ਰੂਪ ਨਾਲ ਟੈਸਟਿੰਗ ਕੀਤੀ ਜਾਵੇ। ਇਹ ਯਕੀਨੀ ਬਣਾਉਣ ਲਈ ਕਿ ਘਰੇਲੂ ਇਕਾਂਤਵਾਸ ਦੌਰਾਨ ਕੋਈ ਮੌਤ ਨਾ ਹੋਵੇ, ਕੈਪਟਨ ਨੇ ਕਿਹਾ ਕਿ ਇਨ੍ਹਾਂ ਕੇਸਾਂ ਜਾਂ ਮਾਮਲਿਆਂ ‘ਤੇ ਨਜ਼ਰ ਰੱਖਣ ਲਈ ਜਿਸ ਏਜੰਸੀ ਦੀਆਂ ਸੇਵਾਵਾਂ ਲਈਆਂ ਜਾਣ ਉਸ ਨੂੰ ਅਜਿਹੇ ਮਰੀਜ਼ਾਂ ‘ਤੇ ਕਰੜੀ ਨਿਗ੍ਹਾ ਰੱਖਣੀ ਚਾਹੀਦੀ ਹੈ। ਕੋਵਿਡ ਦੀ ਵੈਕਸੀਨ (ਦਵਾਈ) ਛੇਤੀ ਆ ਜਾਣ ਦੀਆਂ ਰਿਪੋਰਟਾਂ ਵੱਲ ਇਸ਼ਾਰਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਸਿਹਤ ਕਾਮਿਆਂ ਦਾ ਪੂਰਾ ਡਾਟਾਬੇਸ ਤਿਆਰ ਹੋ ਚੁੱਕਾ ਹੈ ਪਰ ਵਿਭਾਗਾਂ ਨੂੰ ਵਰੰਟਲਾਈਨ ਵਰਕਰਾਂ ਦੀਆਂ ਹੋਰਨਾਂ ਸ਼੍ਰੇਣੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿਨ੍ਹਾਂ ਨੂੰ ਤਰਜੀਹੀ ਆਧਾਰ ‘ਤੇ ਇਹ ਦਵਾਈ ਦਿੱਤੀ ਜਾ ਸਕੇ।


Share