PUNJABMAILUSA.COM

ਪੰਜਾਬ ‘ਚ ਮੁੱਦਿਆਂ ਤੋਂ ਧਿਆਨ ਲਾਂਭੇ ਕਰਨ ਲਈ ਰੈਲੀਆਂ ਦਾ ਰੌਲਾ

 Breaking News

ਪੰਜਾਬ ‘ਚ ਮੁੱਦਿਆਂ ਤੋਂ ਧਿਆਨ ਲਾਂਭੇ ਕਰਨ ਲਈ ਰੈਲੀਆਂ ਦਾ ਰੌਲਾ

ਪੰਜਾਬ ‘ਚ ਮੁੱਦਿਆਂ ਤੋਂ ਧਿਆਨ ਲਾਂਭੇ ਕਰਨ ਲਈ ਰੈਲੀਆਂ ਦਾ ਰੌਲਾ
October 10
12:10 2018

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪਿਛਲੇ ਐਤਵਾਰ ਹੁਕਮਰਾਨ ਪਾਰਟੀ ਕਾਂਗਰਸ ਅਤੇ ਸੱਤਾ ਤੋਂ ਲੱਥੇ ਅਕਾਲੀ ਦਲ ਨੇ ਪੰਜਾਬ ‘ਚ ਵੱਡੀਆਂ ਰੈਲੀਆਂ ਕੀਤੀਆਂ ਹਨ ਅਤੇ ਇਕ ਦੂਜੇ ਤੋਂ ਵੱਡੇ ਤੇ ਤਾਕਤਵਰ ਹੋਣ ਦਾ ਦਿਖਾਵਾ ਕਰਨ ਦਾ ਯਤਨ ਕੀਤਾ ਹੈ। ਇਨ੍ਹਾਂ ਰੈਲੀਆਂ ਵਿਚ ਦੋਵਾਂ ਪਾਰਟੀਆਂ ਦੇ ਆਗੂਆਂ ਵੱਲੋਂ ਇਕ ਦੂਜੇ ਖਿਲਾਫ ਚਿੱਕੜ ਉਛਾਲੀ ਵੀ ਕੀਤੀ ਗਈ। ਅਕਾਲੀ ਦਲ ਦੀ ਪਟਿਆਲੇ ਅਤੇ ਕਾਂਗਰਸ ਦੀ ਬਾਦਲਾਂ ਦਾ ਕਿਲ੍ਹਾ ਸਮਝੇ ਜਾਂਦੇ ਲੰਬੀ ਹਲਕੇ ਦੇ ਕਸਬਾ ਕਿੱਲ੍ਹਿਆਂਵਾਲੀ ‘ਚ ਕੀਤੀ ਗਈ ਕਾਨਫਰੰਸ ਲਈ ਦੋਵਾਂ ਹੀ ਪਾਰਟੀਆਂ ਵੱਲੋਂ ਪੈਸੇ ਅਤੇ ਸਾਧਨਾਂ ਦੇ ਜ਼ੋਰ ‘ਤੇ ਇਹ ਰੈਲੀਆਂ ਕੀਤੀਆਂ ਗਈਆਂ ਹਨ। ਉਸੇ ਦਿਨ ਬਰਗਾੜੀ ਵਿਖੇ ਮੋਰਚਾ ਲਗਾ ਕੇ ਬੈਠੀਆਂ ਕੁੱਝ ਪੰਥਕ ਧਿਰਾਂ ਅਤੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠਲੇ ‘ਆਪ’ ਦੇ ਬਾਗੀ ਧੜੇ ਅਤੇ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਵੱਲੋਂ ਕੋਟਕਪੂਰਾ ਤੋਂ ਬਰਗਾੜੀ ਤੱਕ ਇਨਸਾਫ ਮਾਰਚ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਅਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਚ ਰੋਸ ਪ੍ਰਗਟ ਕਰ ਰਹੀ ਸੰਗਤ ਉਪਰ ਗੋਲੀ ਚਲਾਉਣ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਇਸ ਮਾਰਚ ਦਾ ਸੱਦਾ ਦਿੱਤਾ ਗਿਆ ਸੀ। ਇਨਸਾਫ ਅਤੇ ਧਾਰਮਿਕ ਭਾਵਨਾਵਾਂ ਤਹਿਤ ਵਿਸ਼ਾਲ ਗਿਣਤੀ ਲੋਕਾਂ ਨੇ ਇਸ ਮਾਰਚ ਵਿਚ ਆਪ ਮੁਹਾਰੇ ਭਾਗ ਲਿਆ। ਮੀਲਾਂ ਤੱਕ ਇਹ ਮਾਰਚ ਫੈਲਿਆ ਹੋਇਆ ਸੀ ਅਤੇ ਆਲੇ-ਦੁਆਲੇ ਦੇ ਸੈਂਕੜੇ ਪਿੰਡਾਂ ‘ਚ ਮਾਰਚ ਵਿਚ ਸ਼ਾਮਲ ਹੋਣ ਲਈ ਆਏ ਲੋਕਾਂ ਲਈ ਲੰਗਰ ਦੇ ਪ੍ਰਬੰਧ ਕੀਤੇ ਗਏ ਸਨ। ਅਸਲ ਵਿਚ 1 ਜੂਨ ਤੋਂ ਬਰਗਾੜੀ ਵਿਖੇ ਕੁਝ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਮੋਰਚਾ ਆਰੰਭ ਕੀਤਾ ਸੀ। ਉਨ੍ਹਾਂ ਨੇ ਮੰਗ ਕੀਤੀ ਸੀ ਕਿ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਬਾਅਦ ਇਹ ਮੁੱਦਾ ਮੁੜ ਫਿਰ 2015 ਵਾਂਗ ਹੀ ਬੜੇ ਜ਼ੋਰ ਨਾਲ ਉੱਭਰ ਆਇਆ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਜਿੱਥੇ ਕਾਂਗਰਸ ਆਗੂਆਂ ਵੱਲੋਂ ਅਕਾਲੀ ਲੀਡਰਸ਼ਿਪ ਖਿਲਾਫ ਦੂਸ਼ਣਬਾਜ਼ੀ ਸ਼ੁਰੂ ਹੋ ਗਈ, ਉਥੇ ਅਕਾਲੀ ਆਗੂਆਂ ਨੇ ਬੇਅਦਬੀ ਅਤੇ ਗੋਲੀ ਚਲਾਏ ਜਾਣ ਦੇ ਲੱਗੇ ਧੱਬੇ ਨੂੰ ਹਟਾਉਣ ਲਈ ਹੋ-ਹੱਲਾ ਸ਼ੁਰੂ ਕਰ ਦਿੱਤਾ। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਅਕਾਲੀ ਲੀਡਰਸ਼ਿਪ ਦੋਸ਼ਾਂ ਦਾ ਸਾਹਮਣਾ ਨਾ ਕਰ ਸਕੀ ਅਤੇ ਵਿਧਾਨ ਸਭਾ ਵਿਚੋਂ ਵਾਕਆਊਟ ਕਰ ਗਈ। ਦੂਜੇ ਪਾਸੇ ਕਾਂਗਰਸ ਅਤੇ ਵਿਰੋਧੀ ਧਿਰ ‘ਆਪ’ ਦੇ ਦੋਵਾਂ ਧੜਿਆਂ ਨੇ ਰੱਜ ਕੇ ਅਕਾਲੀਆਂ ਖਿਲਾਫ ਬਿਆਨਬਾਜ਼ੀ ਕੀਤੀ। ਰਾਜਸੀ ਅਤੇ ਧਾਰਮਿਕ ਸੰਕਟ ਵਿਚ ਘਿਰੀ ਅਕਾਲੀ ਲੀਡਰਸ਼ਿਪ ਨੇ ਫਿਰ ਸਾਰੇ ਦੋਸ਼ਾਂ ਦਾ ਤਹੱਮਲ ਨਾਲ ਜਵਾਬ ਦੇਣ ਜਾਂ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰਨ ਦੀ ਨੀਤੀ ਅਪਣਾਉਣ ਦੀ ਬਜਾਏ ਵਿਰੋਧੀਆਂ ਖਿਲਾਫ ਹਮਲਾਵਰ ਰੁਖ਼ ਅਪਣਾ ਕੇ ਸਾਰੀ ਗੱਲ ਆਈ-ਗਈ ਕਰ ਦੇਣ ਦਾ ਰੁਖ਼ ਅਪਣਾ ਲਿਆ। ਇਸ ਰੁਖ਼ ਦੇ ਤਹਿਤ ਅਕਾਲੀ ਦਲ ਨੇ ਪਹਿਲੀ ਰੈਲੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਪਿੰਡ ਅਬੋਹਰ ਵਿਖੇ ਕੀਤੀ ਅਤੇ ਫਿਰ ਫਰੀਦਕੋਟ ਵਿਚ ਰੈਲੀ ਕਰਕੇ ਵੰਗਾਰਿਆ ਕਿ ਉਹ ਹੁਣ ਕੈਪਟਨ ਦੇ ਜੱਦੀ ਹਲਕੇ ਪਟਿਆਲਾ ਵਿਖੇ ਰੈਲੀ ਕਰਕੇ ਉਨ੍ਹਾਂ ਨੂੰ ਵੰਗਾਰਨਗੇ। ਇਸ ਦੇ ਜਵਾਬ ਵਿਚ ਕੈਪਟਨ ਨੇ ਵੀ ਬਾਦਲਾਂ ਦੇ ਕਿਲ੍ਹਾ ਸਮਝੇ ਜਾਂਦੇ ਹਲਕਾ ਲੰਬੀ ਵਿਚ ਰੈਲੀ ਕਰਨ ਦਾ ਐਲਾਨ ਕਰ ਦਿੱਤਾ। ਦੇਖਿਆ ਜਾਵੇ ਤਾਂ ਮਸਲਾ ਤਾਂ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਦੀ ਸ਼ਨਾਖਤ ਕਰਨ ਅਤੇ ਫਿਰ ਉਨ੍ਹਾਂ ਖਿਲਾਫ ਕਾਰਵਾਈ ਕਰਨ ਦਾ ਹੈ। ਪਰ ਉਕਤ ਦੋਹਾਂ ਪਾਰਟੀਆਂ ਨੇ ਇਨ੍ਹਾਂ ਮਾਮਲਿਆਂ ਵਿਚ ਇਨਸਾਫ ਦੇਣ ਜਾਂ ਦਿਵਾਉਣ ਦੀ ਬਜਾਏ ਰੈਲੀਆਂ ਦਾ ਸ਼ੋਰ-ਸ਼ਰਾਬਾ ਸ਼ੁਰੂ ਕਰ ਲਿਆ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਵੇਲੇ ਤਾਕਤ ਦਿਖਾਉਣ ਦਾ ਕੋਈ ਮਸਲਾ ਨਹੀਂ ਹੈ। ਅਕਾਲੀਆਂ ਅੱਗੇ ਸਵਾਲ ਇਹ ਹੈ ਕਿ ਉਹ ਜਵਾਬ ਦੇਣ ਕਿ ਉਨ੍ਹਾਂ ਦੇ ਰਾਜ-ਭਾਗ ਵਿਚ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਅਤੇ ਫਿਰ ਗੋਲੀਕਾਂਡ ਹੋਏ। ਇਨ੍ਹਾਂ ਘਟਨਾਵਾਂ ਦੇ ਵਾਪਰਨ ਲਈ ਕਸੂਰਵਾਰ ਕੌਣ ਸਨ ? ਇਸੇ ਤਰ੍ਹਾਂ ਅਕਾਲੀਆਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਰਾਜ-ਭਾਗ ਵਿਚ ਫਿਰ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਦਿੱਤੀਆਂ ਗਈਆਂ ਅਤੇ ਨਾਲ ਹੀ ਡੇਰਾ ਸਿਰਸਾ ਦੇ ਮੁਖੀ ਨੂੰ ਉਸ ਦੀ ਫਿਲਮ ਰਿਲੀਜ਼ ਕਰਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਬਾਅ ਪਾ ਕੇ ਕਾਹਲੀ ਵਿਚ ਮੁਆਫੀ ਦਿਵਾਉਣ ਪਿੱਛੇ ਕਾਰਨ ਕੀ ਸਨ ? ਪਰ ਅਕਾਲੀ ਲੀਡਰਸ਼ਿਪ ਆਪਣੀ ਇਸ ਦੁਖਦੀ ਰੱਗ ਉਪਰ ਹੱਥ ਧਰਨ ਨੂੰ ਤਿਆਰ ਨਹੀਂ।
ਦੂਜੇ ਪਾਸੇ, ਇਸ ਵੇਲੇ ਪੰਜਾਬ ਵਿਚ ਕਾਂਗਰਸ ਦਾ ਰਾਜ ਹੈ। ਉਸ ਨੂੰ ਰੈਲੀਆਂ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਜਾਂ ਸਜ਼ਾਵਾਂ ਬਾਰੇ ਗੱਲ ਕਰਨ ਦਾ ਕੋਈ ਹੱਕ ਨਹੀਂ। ਉਸ ਦੀ ਆਪਣੀ ਸਰਕਾਰ ਹੈ। ਚਾਹੀਦਾ ਤਾਂ ਇਹ ਸੀ ਕਿ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਜਾਣ ਬਾਅਦ ਅਗਲੇ ਦਿਨ ਉਸ ਉਪਰ ਅਮਲ ਕੀਤਾ ਜਾਂਦਾ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਲਈ ਸੰਬੰਧਤ ਏਜੰਸੀਆਂ ਨੂੰ ਆਜ਼ਾਦ ਢੰਗ ਨਾਲ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ। ਪਰ ਕੈਪਟਨ ਸਰਕਾਰ ਨੇ ਵੀ ਸਿਰਫ ਬਿਆਨਬਾਜ਼ੀ ਤੋਂ ਸਿਵਾਏ ਅਜੇ ਤੱਕ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆ ਵਿਰੁੱਧ ਕਾਰਵਾਈ ਕਰਨ ਦਾ ਕੋਈ ਕਦਮ ਨਹੀਂ ਚੁੱਕਿਆ, ਸਗੋਂ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਦੋਸ਼ੀਆਂ ਨੂੰ ਬਚਾਉਣ ਲਈ ਸਮਾਂ ਦਿੱਤਾ ਜਾ ਰਿਹਾ ਹੈ, ਤਾਂਕਿ ਉਹ ਇਸ ਸਾਰੇ ਮਾਮਲੇ ਨੂੰ ਕਾਨੂੰਨੀ ਝਮੇਲੇ ‘ਚ ਉਲਝਾ ਦੇਣ।
ਵਿਕਸਿਤ ਮੁਲਕਾਂ ਵਿਚ ਅਸੀਂ ਦੇਖਦੇ ਹਾਂ ਕਿ ਇਥੋਂ ਦੀਆਂ ਰਾਜਸੀ ਪਾਰਟੀਆਂ ਕਦੇ ਵੀ ਨਾ ਤਾਂ ਇਹ ਦਾਅਵੇ ਕਰਦੀਆਂ ਹਨ ਕਿ ਉਨ੍ਹਾਂ ਨੇ ਗਲੀਆਂ-ਨਾਲੀਆਂ ਪੱਕੀਆਂ ਕਰ ਦਿੱਤੀਆਂ, ਜਾਂ ਸੜਕਾਂ ਬਣਾ ਦਿੱਤੀਆਂ। ਇਹ ਕੰਮ ਤਾਂ ਸਰਕਾਰਾਂ ਲੋਕਾਂ ਦੇ ਟੈਕਸ ਰਾਹੀਂ ਆਏ ਪੈਸੇ ਨਾਲ ਕਰਦੀਆਂ ਹਨ, ਜਿਸ ਦਾ ਸਿੱਧਾ ਮਤਲਬ ਹੈ ਕਿ ਵਿਕਾਸ ਕਾਰਜ ਕਿਸੇ ਵੀ ਹਕੂਮਤੀ ਪਾਰਟੀ ਜਾਂ ਸਰਕਾਰ ਵੱਲੋਂ ਦਿੱਤੀ ਗਈ ਖਿਰਾਜ ਨਹੀਂ, ਸਗੋਂ ਲੋਕਾਂ ਦੇ ਆਪਣੇ ਪੈਸੇ ਨਾਲ ਕੀਤਾ ਗਿਆ ਵਿਕਾਸ ਹੈ। ਨਾ ਹੀ ਵਿਕਸਿਤ ਮੁਲਕਾਂ ਵਿਚ ਰਾਜਸੀ ਪਾਰਟੀਆਂ ਵੱਡੇ ਇਕੱਠ ਕਰਕੇ ਅਤੇ ਇਕ ਦੂਜੇ ਉਪਰ ਚਿੱਕੜ ਉਛਾਲੀ ਕਰਕੇ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਭਟਕਾਉਣ ਦਾ ਯਤਨ ਹੀ ਕਰਦੀਆਂ ਹਨ। ਸਗੋਂ ਇਨ੍ਹਾਂ ਮੁਲਕਾਂ ਵਿਚ ਅਸਲ ਮੁੱਦਿਆਂ ‘ਤੇ ਲੰਬੀ ਬਹਿਸ-ਵਿਚਾਰ ਹੁੰਦੀ ਹੈ, ਲੋਕਾਂ ਤੋਂ ਵੀ ਵਿਚਾਰ ਲਏ ਜਾਂਦੇ ਹਨ ਅਤੇ ਉਸ ਤੋਂ ਬਾਅਦ ਹੀ ਕਿਸੇ ਨਿਰਣੇ ਉਪਰ ਅੱਪੜਿਆ ਜਾਂਦਾ ਹੈ। ਪਰ ਆਰਥਿਕ ਤੌਰ ‘ਤੇ ਬੇਹੱਦ ਮੰਦੀ ਹਾਲਤ ਵਿਚ ਫਸੇ ਪੰਜਾਬ ਨੂੰ ਅੱਗੇ ਵਧਾਉਣ ਲਈ ਦੋਵੇਂ ਪ੍ਰਮੁੱਖ ਪਾਰਟੀਆਂ ਨਾ ਤਾਂ ਕੋਈ ਬਹਿਸ-ਵਿਚਾਰ ਕਰ ਰਹੀਆਂ ਹਨ ਅਤੇ ਨਾ ਹੀ ਇਸ ਨੂੰ ਹੱਲ ਕਰਨ ਲਈ ਗੰਭੀਰ ਰੁਖ਼ ਅਪਣਾ ਰਹੀਆਂ ਹਨ। ਸਗੋਂ ਉਲਟਾ ਲੋਕਾਂ ਦਾ ਧਿਆਨ ਲਾਂਬੇ ਕਰਨ ਲਈ ਇਨ੍ਹਾਂ ਜਜ਼ਬਾਤੀ ਮਸਲਿਆਂ ਉਪਰ ਬਿਆਨਬਾਜ਼ੀ ਕਰਕੇ ਬਿਨਾਂ ਵਜ੍ਹਾ ਦੀ ਗਰੁੱਪਬਾਜ਼ੀ ਖੜ੍ਹੀ ਕੀਤੀ ਜਾ ਰਹੀ ਹੈ।
ਪੰਜਾਬ ਦਾ ਕਿਸਾਨ ਇਸ ਵੇਲੇ ਬੁਰੀ ਤਰ੍ਹਾਂ ਕਰਜ਼ੇ ਦੇ ਜਾਲ ਵਿਚ ਫਸਿਆ ਹੋਇਆ ਹੈ। ਖੇਤ ਮਜ਼ਦੂਰ ਮੰਦੇਹਾਲੀ ਹਨ। ਬੇਰੁਜ਼ਗਾਰ ਅਤੇ ਮੁਲਾਜ਼ਮ ਸੜਕਾਂ ਉਪਰ ਤੁਰੇ ਹੋਏ ਹਨ। ਸਨੱਅਤ ਅਤੇ ਵਪਾਰ ਲਗਾਤਾਰ ਮੰਦਹਾਲੀ ਦੇ ਦੌਰ ਵਿਚ ਡਿੱਗ ਰਹੀ ਹੈ। ਅਜਿਹੀ ਹਾਲਤ ਵਿਚ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਪੰਜਾਬ ਦੀ ਇਸ ਨਿੱਘਰ ਰਹੀ ਹਾਲਤ ਤੋਂ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਪਰ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਇਸ ਵੇਲੇ ਆਪਸੀ ਸ਼ਰੀਕੇਬਾਜ਼ੀ ਵਿਚ ਹੀ ਉਲਝੇ ਹੋਏ ਹਨ। ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ ਦਿਨੀਂ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਖੋਹਣ ਵਾਲਾ ਫੈਸਲਾ ਕਰ ਦਿੱਤਾ ਹੈ। ਚੰਡੀਗੜ੍ਹ ਵਿਚ ਲੱਗਦੇ 60 ਫੀਸਦੀ ਪੰਜਾਬੀ ਅਫਸਰ ਹੁਣ ਅੱਗੇ ਤੋਂ ਉਥੇ ਨਹੀਂ ਜਾਣਗੇ, ਸਗੋਂ ਹੁਣ ਉਥੋਂ ਦੀ ਅਫਸਰਸ਼ਾਹੀ ਕੇਂਦਰ ਸਰਕਾਰ ਵੱਲੋਂ ਭਰਤੀ ਕੀਤੇ ਅਧਿਕਾਰੀਆਂ ਵਿਚੋਂ ਹੀ ਹੋਇਆ ਕਰੇਗੀ। ਮੋਦੀ ਸਰਕਾਰ ਦੇ ਇਸ ਵੱਡੇ ਪੰਜਾਬ ਵਿਰੋਧੀ ਫੈਸਲੇ ਖਿਲਾਫ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਮੂੰਹ ਨਹੀਂ ਖੋਲ੍ਹਿਆ। ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਦਾ ਦਾਅਵਾ ਕਰਨ ਵਾਲੇ ਅਕਾਲੀ ਆਗੂ ਵੀ ਕੇਂਦਰ ਵਿਚ ਆਪਣੀ ਇਕ ਵਜ਼ੀਰੀ ਬਚਾਉਣ ਲਈ ਮੂੰਹ ਵਿਚ ਘੁੰਗਣੀਆਂ ਪਾਈ ਬੈਠੇ ਹਨ।
ਸਾਡਾ ਵਿਚਾਰ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਦੋਸ਼ੀ ਕੋਈ ਵੀ ਹੋਵੇ, ਸਰਕਾਰ ਨੂੰ ਉਸ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਇਨਸਾਫ ਦੇਣ ਨਾਲ ਹੀ ਲੋਕਾਂ ਦਾ ਸਰਕਾਰ ਅਤੇ ਇਸ ਦੇ ਪ੍ਰਬੰਧਕੀ ਢਾਂਚੇ ਉਪਰ ਵਿਸ਼ਵਾਸ ਬੱਝੇਗਾ। ਜੇਕਰ ਸਰਕਾਰ ਨੇ ਸਿਰਫ ਡੰਗ ਟਪਾਊ ਨੀਤੀ ਹੀ ਅਪਣਾਈ ਰੱਖੀ, ਤਾਂ ਉਸ ਨੂੰ ਮੁਸ਼ਕਲ ਹਾਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 7 ਅਕਤੂਬਰ ਨੂੰ ਬਰਗਾੜੀ ਦੇ ਰੋਸ ਮਾਰਚ ਵਿਚ ਲੋਕਾਂ ਦੀ ਉਮੜੀ ਭੀੜ ਨੇ ਇਸ ਦਾ ਸਪੱਸ਼ਟ ਰੂਪ ਵਿਚ ਸੰਕੇਤ ਦੇ ਦਿੱਤਾ ਹੈ। ਇਸ ਕਰਕੇ ਸਰਕਾਰ ਅਤੇ ਅਕਾਲੀਆਂ ਨੂੰ ਇਸ ਕੰਧ ਉਪਰ ਲਿਖੇ ਨੂੰ ਪੜ੍ਹ ਕੇ ਹੀ ਅਗਲੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ

ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ

Read Full Article
    ਕੈਲੀਫੋਰਨੀਆ ਦੀ ਵੋਟਰ ਸੂਚੀ ਪੰਜਾਬੀ ਜ਼ੁਬਾਨ ਵਿਚ ਕਰਾਉਣ ਲਈ ਏਜੰਡਾ ਪੇਸ਼

ਕੈਲੀਫੋਰਨੀਆ ਦੀ ਵੋਟਰ ਸੂਚੀ ਪੰਜਾਬੀ ਜ਼ੁਬਾਨ ਵਿਚ ਕਰਾਉਣ ਲਈ ਏਜੰਡਾ ਪੇਸ਼

Read Full Article
    ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਈਸਟਰ ਮੌਕੇ ਸ੍ਰੀਲੰਕਾ ‘ਚ ਹੋਏ ਹਮਲਿਆਂ ਦੀ ਨਿੰਦਾ

ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਈਸਟਰ ਮੌਕੇ ਸ੍ਰੀਲੰਕਾ ‘ਚ ਹੋਏ ਹਮਲਿਆਂ ਦੀ ਨਿੰਦਾ

Read Full Article
    ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ 19ਵੀਂ ਅੰਤਰਰਾਸ਼ਟਰੀ ਕਾਨਫਰੰਸ 28 ਅਪ੍ਰੈਲ ਨੂੰ

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ 19ਵੀਂ ਅੰਤਰਰਾਸ਼ਟਰੀ ਕਾਨਫਰੰਸ 28 ਅਪ੍ਰੈਲ ਨੂੰ

Read Full Article
    ਸਿਆਟਲ ਵਿਚ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 4 ਮਈ ਨੂੰ; ਤਿਆਰੀਆਂ ਮੁਕੰਮਲ

ਸਿਆਟਲ ਵਿਚ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 4 ਮਈ ਨੂੰ; ਤਿਆਰੀਆਂ ਮੁਕੰਮਲ

Read Full Article
    ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ 2 ਪੰਜਾਬੀ ਗ੍ਰਿਫ਼ਤਾਰ

ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ 2 ਪੰਜਾਬੀ ਗ੍ਰਿਫ਼ਤਾਰ

Read Full Article
    ਹੈਲਥ ਕੇਅਰ ਫਰਾਡ ‘ਚ ਭਾਰਤੀ ਮੂਲ ਦੀ ਡਾਕਟਰ ਨੂੰ 2 ਸਾਲ ਦੀ ਕੈਦ

ਹੈਲਥ ਕੇਅਰ ਫਰਾਡ ‘ਚ ਭਾਰਤੀ ਮੂਲ ਦੀ ਡਾਕਟਰ ਨੂੰ 2 ਸਾਲ ਦੀ ਕੈਦ

Read Full Article
    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article