PUNJABMAILUSA.COM

ਪੰਜਾਬ ‘ਚ ਮਚਿਆ ਸਿਆਸੀ ਘਮਸਾਨ

ਪੰਜਾਬ ‘ਚ ਮਚਿਆ ਸਿਆਸੀ ਘਮਸਾਨ

ਪੰਜਾਬ ‘ਚ ਮਚਿਆ ਸਿਆਸੀ ਘਮਸਾਨ
December 07
10:01 2016

16
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਹੁਣ ਜਦ ਦੋ ਕੁ ਮਹੀਨੇ ਦਾ ਹੀ ਸਮਾਂ ਬਾਕੀ ਰਹਿ ਗਿਆ ਹੈ, ਤਾਂ ਰਾਜਸੀ ਪਾਰਟੀਆਂ ਵੱਲੋਂ ਟਿਕਟਾਂ ਦੀ ਵੰਡ ਦਾ ਸਿਲਸਿਲਾ ਸ਼ੁਰੂ ਕਰਨ ਨਾਲ ਹਰ ਪਾਸੇ ਸਿਆਸੀ ਘਮਸਾਨ ਮਚਿਆ ਨਜ਼ਰ ਆ ਰਿਹਾ ਹੈ। ਉਂਝ ਤਾਂ ਹਰ ਵਾਰ ਹੁੰਦੀਆਂ ਚੋਣਾਂ ਸਮੇਂ ਹੀ ਵੱਖ-ਵੱਖ ਰਾਜਸੀ ਪਾਰਟੀਆਂ ਦੇ ਕਈ ਆਗੂ ਆਪਣਾ ਰਾਜਸੀ ਪਾਲਾ ਬਦਲਦੇ ਰਹਿੰਦੇ ਰਹੇ ਹਨ ਅਤੇ ਰਾਜਸੀ ਆਗੂਆਂ ਵੱਲੋਂ ਆਪਣੀਆਂ ਵਫਾਦਾਰੀਆਂ ਤਬਦੀਲ ਕੀਤੀਆਂ ਜਾਂਦੀਆਂ ਰਹੀਆਂ ਹਨ, ਪਰ ਇਸ ਵਾਰ ਲਗਭਗ ਸਾਰੀ ਹੀ ਰਾਜਸੀ ਪਾਰਟੀਆਂ ਵਿਚ ਟਿਕਟਾਂ ਦੀ ਵੰਡ ਨੂੰ ਲੈ ਕੇ ਘਮਸਾਨ ਮਚਿਆ ਨਜ਼ਰ ਆ ਰਿਹਾ ਹੈ। ਪੰਜਾਬ ਦੇ ਸਿਆਸੀ ਮੰਚ ਉਪਰ ਨਵੀਂ ਉਭਰੀ ਪਾਰਟੀ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਟਿਕਟਾਂ ਦੀ ਵੰਡ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਆਮ ਆਦਮੀ ਪਾਰਟੀ ਨੂੰ ਇਸ ਵੇਲੇ ਲਗਭਗ ਸਾਰੇ ਹੀ ਹਲਕਿਆਂ ਵਿਚ ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਖਿਲਾਫ ਵੱਡੀ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਆਦਮੀ ਪਾਰਟੀ ਅੰਦਰ ਟਿਕਟਾਂ ਦੀ ਵੰਡ ਨੂੰ ਲੈ ਕੇ ਇੰਨਾ ਘਮਸਾਨ ਮਚਿਆ ਹੈ ਕਿ ਇਕ ਹਲਕੇ ਵਿਚ ਹੀ 10-10, 15-15 ਅਤੇ ਕਈ ਥਾਈਂ 20 ਤੋਂ ਵੱਧ ਟਿਕਟਾਂ ਦੇ ਚਾਹਵਾਨ ਉਮੀਦਵਾਰ ਸਰਗਰਮੀ ਨਾਲ ਲੱਗੇ ਹੋਏ ਸਨ। ਹੁਣ ਜਦ ਪਾਰਟੀ ਨੇ ਕਿਸੇ ਇਕ ਦੇ ਹੱਕ ਵਿਚ ਫਤਵਾ ਦਿੱਤਾ ਹੈ, ਤਾਂ ਪਾਰਟੀ ਦੇ ਦੂਸਰੇ ਟਿਕਟਾਂ ਦੇ ਚਾਹਵਾਨਾਂ ਵੱਲੋਂ ਬਗਾਵਤੀ ਸੁਰਾਂ ਆਰੰਭ ਦਿੱਤੀਆਂ ਗਈਆਂ ਹਨ। ਆਮ ਆਦਮੀ ਪਾਰਟੀ ਪੰਜਾਬ ਦੀ ਧਰਤੀ ਉਪਰ ਭ੍ਰਿਸ਼ਟਾਚਾਰ ਖਤਮ ਕਰਨ ਦੇ ਨਾਅਰੇ ਨਾਲ ਉਭਰੀ ਸੀ। ਪਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਹੀ ਇਨ੍ਹਾਂ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਉਨ੍ਹਾਂ ਵੱਲੋਂ ਟਿਕਟਾਂ ਦੀ ਵੰਡ ਲਈ ਮੋਟੀਆਂ ਰਕਮਾਂ ਲਈਆਂ ਜਾ ਰਹੀਆਂ ਹਨ। ਇਕ ਨਹੀਂ, ਅਜਿਹੇ ਦੋਸ਼ ਵੱਡੀ ਪੱਧਰ ਉੱਤੇ ਲੱਗ ਰਹੇ ਹਨ ਅਤੇ ਆਮ ਆਦਮੀ ਪਾਰਟੀ ਲੀਡਰਸ਼ਿਪ ਅਜਿਹੇ ਦੋਸ਼ਾਂ ਦਾ ਜਵਾਬ ਦੇਣ ਤੋਂ ਵੀ ਕੰਨੀਂ ਕਤਰਾਉਂਦੀ ਹੈ। ਆਮ ਆਦਮੀ ਪਾਰਟੀ ਅੰਦਰ ਟਿਕਟਾਂ ਦੀ ਵੰਡ ਨੂੰ ਲੈ ਕੇ ਸਭ ਤੋਂ ਪਹਿਲਾਂ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਹੀ ਵਿਰੋਧ ਦਾ ਪਿੜ ਆ ਮੱਲਿਆ ਸੀ। ਪਰ ਕੁਝ ਦਿਨਾਂ ਬਾਅਦ ਹੀ ਰਿਸ਼ਵਤ ਦੇ ਕਥਿਤ ਦੋਸ਼ਾਂ ਹੇਠ ਪਾਰਟੀ ਵਿਚੋਂ ਚੱਲਦਾ ਕਰ ਦਿੱਤੇ ਜਾਣ ਤੋਂ ਬਾਅਦ ਵੀ ਇਹ ਰੋਸ ਲਹਿਰ ਨਾ ਤਾਂ ਘਟੀ ਹੈ ਅਤੇ ਨਾ ਹੀ ਮੱਠੀ ਪਈ ਹੈ, ਸਗੋਂ ਉਲਟਾ ਉਸ ਤੋਂ ਬਾਅਦ ਉਮੀਦਵਾਰਾਂ ਦੀਆਂ ਜਿੰਨੀਆਂ ਵੀ ਹੋਰ ਸੂਚੀਆਂ ਜਾਰੀ ਹੋਈਆਂ ਹਨ, ਉਨ੍ਹਾਂ ਨਾਲ ਪਾਰਟੀ ਅੰਦਰ ਰੋਸ ਹੋਰ ਵਧੇਰੇ ਵੱਧ ਰਿਹਾ ਹੈ। ਇਸ ਵੇਲੇ ਹਾਲਤ ਇਹ ਹੈ ਕਿ ਹੁਣ ਤੱਕ ਐਲਾਨ ਕੀਤੇ ਗਏ 98 ਹਲਕਿਆਂ ਦੇ ਉਮੀਦਵਾਰਾਂ ਵਿਚੋਂ ਲਗਭਗ 90 ਹਲਕਿਆਂ ਵਿਚ ਪਾਰਟੀ ਵਲੰਟੀਅਰਾਂ ਵੱਲੋਂ ਵੱਡੀ ਪੱਧਰ ‘ਤੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਬਗਾਵਤੀ ਸੁਰਾਂ ਅਲਾਪ ਰਹੇ ਵਲੰਟੀਅਰਾਂ ਨੇ ਰਾਜ ਪੱਧਰ ਉੱਤੇ ਪਲੇਟਫਾਰਮ ਖੜ੍ਹਾ ਕਰਨ ਦਾ ਯਤਨ ਵੀ ਆਰੰਭ ਦਿੱਤਾ ਹੈ। ਪਿਛਲੇ ਦਿਨੀਂ ਚੰਡੀਗੜ੍ਹ ਅਤੇ ਜਲੰਧਰ ਵਿਖੇ ਅਜਿਹੇ ਵਲੰਟੀਅਰਾਂ ਨੇ ਮੀਟਿੰਗਾਂ ਕਰਕੇ 117 ਹਲਕਿਆਂ ਤੋਂ ‘ਆਪ’ ਦੇ ਬਾਗੀ ਉਮੀਦਵਾਰ ਮੈਦਾਨ ਵਿਚ ਉਤਾਰਨ ਦਾ ਵੀ ਫੈਸਲਾ ਕੀਤਾ ਹੈ। ਪੰਜਾਬ ਦੇ ਲੋਕਾਂ ਅੰਦਰ ਹੀ ਨਹੀਂ, ਸਗੋਂ ਪਰਵਾਸੀ ਪੰਜਾਬੀਆਂ ਅੰਦਰ ਵੀ ਆਮ ਆਦਮੀ ਪਾਰਟੀ ਤੋਂ ਇਕ ਨਵੀਂ ਆਸ ਬੱਝੀ ਸੀ ਅਤੇ ਲੋਕ ਆਮ ਆਦਮੀ ਪਾਰਟੀ ਨੂੰ ਇਕ ਨਵੀਂ ਉਮੀਦ ਨਾਲ ਵੇਖਣ ਲੱਗੇ ਸਨ। ਪਰ ਹੁਣ ਪਾਰਟੀ ਅੰਦਰੋਂ ਉੱਠੇ ਇਸ ਵੱਡੇ ਵਿਵਾਦ ਨੇ ‘ਆਪ’ ਦੀ ਕਾਰਗੁਜ਼ਾਰੀ ਉਪਰ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ।
ਆਮ ਆਦਮੀ ਪਾਰਟੀ ਤੋਂ ਬਾਅਦ ਅਕਾਲੀ ਦਲ ਨੇ ਪਿਛਲੇ ਦਿਨਾਂ ਵਿਚ ਉਮੀਦਵਾਰਾਂ ਦੀਆਂ 3 ਸੂਚੀਆਂ ਜਾਰੀ ਕੀਤੀਆਂ ਹਨ। ਅਕਾਲੀ ਦਲ ਨੂੰ ਵੀ ਵੱਡੀ ਪੱਧਰ ‘ਤੇ ਐਲਾਨੇ ਉਮੀਦਵਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਤੱਕ ਪਾਰਟੀ ਦੇ 7 ਵਿਧਾਇਕ ਅਸਤੀਫਾ ਦੇ ਚੁੱਕੇ ਹਨ। ਇਨ੍ਹਾਂ ਸਾਰੇ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਅਕਾਲੀ ਦਲ ਨੇ ਬਹੁਤ ਸਾਰੇ ਵਿਧਾਇਕਾਂ ਦੇ ਹਲਕਿਆਂ ਵਿਚ ਤਬਦੀਲੀ ਕਰ ਦਿੱਤੀ ਹੈ। ਇਸ ਕਾਰਨ ਵੱਖ-ਵੱਖ ਹਲਕਿਆਂ ਦੇ ਪਾਰਟੀ ਆਗੂਆਂ ਵਿਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਇੱਥੋਂ ਤੱਕ ਕਿ ਫਿਰੋਜ਼ਪੁਰ ਦੇ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦਾ ਪਰਿਵਾਰ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਚਲਾ ਗਿਆ ਹੈ। ਸ਼ੇਰ ਸਿੰਘ ਘੁਬਾਇਆ ਭਾਵੇਂ ਆਪਣੀ ਲੋਕ ਸਭਾ ਮੈਂਬਰੀ ਬਚਾਉਣ ਲਈ ਤਕਨੀਕੀ ਤੌਰ ‘ਤੇ ਅਕਾਲੀ ਦਲ ਨਹੀਂ ਛੱਡ ਰਹੇ, ਪਰ ਅਮਲੀ ਤੌਰ ‘ਤੇ ਉਹ ਅਕਾਲੀ ਦਲ ਖਿਲਾਫ ਪੂਰੀ ਸਰਗਰਮੀ ਨਾਲ ਲੱਗੇ ਹੋਏ ਹਨ ਅਤੇ ਉਨ੍ਹਾਂ ਦਾ ਕਾਂਗਰਸ ਵਿਚ ਸ਼ਾਮਲ ਹੋਇਆ ਸਪੁੱਤਰ ਫਾਜ਼ਿਲਕਾ ਹਲਕੇ ਤੋਂ ਚੋਣ ਲੜਨ ਲਈ ਤਿਆਰੀ ਵਿੱਢੀ ਬੈਠਾ ਹੈ। ਇਸੇ ਤਰ੍ਹਾਂ ਮਾਝਾ ਤੇ ਮਾਲਵੇ ਦੇ ਕਈ ਹੋਰ ਖੇਤਰਾਂ ਵਿਚ ਵੀ ਅਕਾਲੀ ਦਲ ਦੇ ਬਹੁਤ ਸਾਰੇ ਅਹਿਮ ਨੇਤਾ ਪਾਰਟੀ ਛੱਡ ਕੇ ਕਾਂਗਰਸ ਵੱਲ ਮੂੰਹ ਕਰ ਰਹੇ ਹਨ। ਪਰ ਅਕਾਲੀ ਦਲ ਦੇ ਆਗੂਆਂ ਦਾ ਕਾਂਗਰਸ ਵਿਚ ਹੋ ਰਿਹਾ ਜਮਘਟਾ ਪਾਰਟੀ ਅੰਦਰ ਅੰਦਰੂਨੀ ਵਿਰੋਧਤਾਈਆਂ ਵੀ ਪੈਦਾ ਕਰ ਰਿਹਾ ਹੈ। ਦੋਆਬੇ ਦੇ ਸੀਨੀਅਰ ਅਕਾਲੀ ਆਗੂ ਸਰਵਣ ਸਿੰਘ ਫਿਲੌਰ ਦੇ ਪਾਰਟੀ ਛੱਡ ਕੇ ਕਾਂਗਰਸ ਵਿਚ ਚਲੇ ਜਾਣ ਨਾਲ ਦੋਆਬੇ ਦੇ ਕਾਂਗਰਸੀ ਆਗੂਆਂ ਵਿਚ ਕਾਫੀ ਹਿਲਜੁੱਲ ਮਚੀ ਹੋਈ ਹੈ। ਪਾਰਟੀ ਅੰਦਰ ਮਚੀ ਇਸੇ ਹਿਲਜੁੱਲ ਕਾਰਨ ਅਕਾਲੀ ਦਲ ਤੋਂ ਅਸਤੀਫਾ ਦੇਣ ਵਾਲੇ ਅਵਿਨਾਸ਼ ਚੰਦਰ ਨੂੰ ਕਾਂਗਰਸ ਨੇ ਪਾਰਟੀ ਵਿਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕਾਂਗਰਸ ਪਾਰਟੀ ਨੇ ਹਾਲੇ ਭਾਵੇਂ ਆਪਣੇ ਉਮੀਦਵਾਰਾਂ ਦੀ ਟਿਕਟਾਂ ਦਾ ਐਲਾਨ ਕਰਨਾ ਹੈ, ਪਰ ਪਾਰਟੀ ਅੰਦਰ ਟਿਕਟਾਂ ਲਈ ਦੌੜ ਨੂੰ ਲੈ ਕੇ ਵੱਡਾ ਘੜਮੱਸ ਮਚਿਆ ਹੋਇਆ ਹੈ। ਅਕਾਲੀ ਵਿਧਾਇਕ ਸ. ਪਰਗਟ ਸਿੰਘ ਅਤੇ ਭਾਜਪਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਦੇ ਕਾਂਗਰਸ ਵਿਚ ਸ਼ਾਮਲ ਹੋਣ ਬਾਅਦ ਇਨ੍ਹਾਂ ਦੋਹਾਂ ਆਗੂਆਂ ਨੂੰ ਜਲੰਧਰ ਛਾਉਣੀ ਅਤੇ ਅੰਮ੍ਰਿਤਸਰ ਪੂਰਬੀ ਤੋਂ ਟਿਕਟ ਦਿੱਤੇ ਜਾਣਾ ਲਗਭਗ ਤੈਅ ਹੈ। ਇਸ ਗੱਲ ਨੂੰ ਲੈ ਕੇ ਕਾਂਗਰਸ ਦੇ ਇਨ੍ਹਾਂ ਖੇਤਰਾਂ ਵਿਚ ਪਹਿਲਾਂ ਤੋਂ ਸਰਗਰਮ ਅਤੇ ਉਮੀਦਵਾਰ ਬਣਨ ਦੀ ਆਸ ਲਾਈਂ ਬੈਠੇ ਬਹੁਤ ਸਾਰੇ ਆਗੂਆਂ ਵੱਲੋਂ ਸਖਤ ਵਿਰੋਧ ਕੀਤਾ ਜਾਣਾ ਸ਼ੁਰੂ ਹੋ ਗਿਆ ਹੈ। ਇਸੇ ਤਰ੍ਹਾਂ ਪੰਜਾਬ ਦੇ ਹੋਰ ਬਹੁਤ ਸਾਰੇ ਹਲਕਿਆਂ ਵਿਚ ਪਾਰਟੀ ਉਮੀਦਵਾਰ ਬਣਨ ਲਈ ਕਾਂਗਰਸ ਪਾਰਟੀ ਅੰਦਰ ਤਿੱਖੀ ਦੌੜ ਲੱਗੀ ਹੋਈ ਹੈ। ਸਿਆਸੀ ਹਲਕਿਆਂ ਵਿਚ ਇਹ ਆਮ ਪ੍ਰਭਾਵ ਹੈ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਹੁੰਦਿਆਂ ਹੀ ਪਾਰਟੀ ਨੂੰ ਆਪਣੇ ਆਗੂਆਂ ਨੂੰ ਕਾਬੂ ਰੱਖਣ ਵਿਚ ਵੱਡੀ ਮੁਸ਼ਕਿਲ ਆਵੇਗੀ। ਕਾਂਗਰਸ ਪਾਰਟੀ ਨੇ ਪਹਿਲਾਂ ਐਲਾਨ ਕੀਤਾ ਸੀ ਕਿ 3 ਦਸੰਬਰ ਨੂੰ ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ, ਪਰ ਉਮੀਦਵਾਰ ਬਣਨ ਦੇ ਚਾਹਵਾਨਾਂ ਦੀ ਹੋੜ ਕਾਰਨ ਉਮੀਦਵਾਰਾਂ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ। ਫਿਰ ਪਾਰਟੀ ਨੇ ਕਿਹਾ ਸੀ ਕਿ 8 ਦਸੰਬਰ ਨੂੰ ਉਮੀਦਵਾਰਾਂ ਦਾ ਐਲਾਨ ਹੋ ਜਾਵੇਗਾ, ਪਰ ਲੱਗਦਾ ਹੈ ਕਿ ਹਾਲੇ ਵੀ ਉਮੀਦਵਾਰਾਂ ਦੇ ਐਲਾਨ ਦੀ ਬਹੁਤੀ ਸੰਭਾਵਨਾ ਨਹੀਂ। ਰਾਜਸੀ ਪਾਰਟੀਆਂ ਅੰਦਰ ਵੱਧ ਰਹੀ ਇਸ ਟੁੱਟ-ਭੱਜ ਕਾਰਨ ਆਮ ਲੋਕੀਂ ਵੀ ਬਦਜਨ ਹੋ ਰਹੇ ਹਨ। ਜਿੱਥੇ ਰਾਜਸੀ ਪਾਰਟੀਆਂ ਅੰਦਰ ਹੋ ਰਹੀ ਅਦਲਾ-ਬਦਲੀ ਰਾਜਸੀ ਪਾਰਟੀਆਂ ਦੇ ਵਰਕਰਾਂ ਅਤੇ ਹਮਾਇਤੀਆਂ ਵਿਚ ਭੰਬਲਭੂਸਾ ਪੈਦਾ ਕਰ ਰਹੀ ਹੈ, ਉੱਥੇ ਆਮ ਰਾਜਸੀ ਵੋਟਰ ਵੀ ਇਨ੍ਹਾਂ ਤੋਂ ਉਤਸ਼ਾਹਿਤ ਨਹੀਂ ਹਨ। ਅਸਲ ਵਿਚ ਦੇਖਿਆ ਜਾਵੇ, ਤਾਂ ਪੰਜਾਬ ਅੰਦਰ ਚੋਣ ਅਖਾੜੇ ਵਿਚ ਕੁੱਦੀਆਂ ਰਾਜਸੀ ਪਾਰਟੀਆਂ ਅਹਿਮ ਰਾਜਸੀ ਮੁੱਦਿਆਂ ਦੁਆਲੇ ਸਰਗਰਮ ਹੋਣ ਜਾਂ ਪੰਜਾਬ ਦੇ ਭੱਖਦੇ ਮਸਲਿਆਂ ਬਾਰੇ ਕੋਈ ਭਰਵੀਂ ਸੋਚ ਵਿਚਾਰ ਜਾਂ ਬਹਿਸ-ਵਟਾਂਦਰਾ ਕਰਨ ਦੀ ਬਜਾਏ, ਆਪਸੀ ਕਲੇਸ਼ ਅਤੇ ਗੁੱਟਬੰਦੀਆਂ ਵਿਚ ਹੀ ਉਲਝ ਕੇ ਰਹਿ ਰਹੀਆਂ ਨਜ਼ਰ ਆ ਰਹੀਆਂ ਹਨ। ਹਾਲਾਂਕਿ ਪੰਜਾਬ ਦੇ ਲੋਕ ਅਤੇ ਖਾਸ ਕਰ ਪਰਵਾਸੀ ਪੰਜਾਬੀ ਇਨ੍ਹਾਂ ਚੋਣਾਂ ਦੇ ਨਤੀਜਿਆਂ ਉਪਰ ਕਾਫੀ ਆਸ ਨਾਲ ਨਿਗਾਹਾਂ ਟਿਕਾਈ ਬੈਠੇ ਸਨ। ਪਰ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਰਾਜਸੀ ਮਾਹੌਲ ਅਤੇ ਸਿਆਸੀ ਧੜੇਬੰਦੀਆਂ ਉਭਰ ਰਹੀਆਂ ਹਨ, ਉਸ ਨਾਲ ਪੰਜਾਬ ਅੰਦਰ ਕੋਈ ਨਵਾਂ ਸਿਆਸੀ ਪਿੜ ਬੱਝਣ ਦੀ ਗੁੰਜਾਇਸ਼ ਘੱਟ ਹੀ ਨਜ਼ਰ ਆ ਰਹੀ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article