ਪੰਜਾਬ ‘ਚ ਭਾਜਪਾ ਦਾ ਗ੍ਰਾਫ ਲਗਾਤਾਰ ਜਾ ਰਿਹਾ ਡਿੱਗਦਾ

246
Share

ਪਟਿਆਲਾ, 14 ਦਸੰਬਰ (ਪੰਜਾਬ ਮੇਲ)- ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚੱਲਦੇ ਪੰਜਾਬ ‘ਚ ਭਾਜਪਾ ਦਾ ਗ੍ਰਾਫ ਲਗਾਤਾਰ ਡਿੱਗਦਾ ਜਾ ਰਿਹਾ ਹੈ। ਰਾਜਪੁਰਾ ਵਿਖੇ ਭਾਜਪਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਦਰਜਨਾਂ ਪਰਿਵਾਰ ਕਾਂਗਰਸ ‘ਚ ਸ਼ਾਮਿਲ ਹੋ ਗਏ। ਹਲਕੇ ਦੇ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਇਹ ਭਾਜਪਾ ਪਰਿਵਾਰ ਕਾਂਗਰਸ ‘ਚ ਸ਼ਾਮਿਲ ਹੋ ਗਏ। ਨੀਅਰ ਭਾਜਪਾ ਆਗੂ ਅਤੇ ਪੰਜਾਬ ਐਸੋਸੀਏਟ ਵੁਮੈਨ ਇਮਪਾਵਰਮੈਂਟ ਦੇ ਇੰਚਾਰਜ ਨਰਿੰਦਰ ਕੌਰ, ਪ੍ਰਭਜੋਤ ਕੌਰ (ਸੋਸਲ ਮੀਡੀਆ ਇੰਚਾਰਜ), ਮੋਹਿੰਦਰ ਕੌਰ ਤੋਂ ਇਲਾਵਾ ਹੋਰ ਕਈ ਆਗੂਆਂ ਨੇ ਭਾਜਪਾ ਛੱਡਣ ਦਾ ਐਲਾਨ ਕੀਤਾ। ਇਸ ਮੌਕੇ ਹਰਦਿਆਲ ਸਿੰਘ ਕੰਬੋਜ ਨੇ ਉਨ੍ਹਾਂ ਨੂੰ ਸਿਰੋਪਾ ਪਾ ਕੇ ਜੀ ਆਇਆਂ ਨੂੰ ਆਖਿਆ ਅਤੇ ਪਾਰਟੀ ‘ਚ ਪੂਰਾ ਬਣਦਾ ਮਾਣ- ਸਨਮਾਨ ਦੇਣ ਦੀ ਗੱਲ ਆਖੀ। ਹਰਦਿਆਲ ਕੰਬੋਜ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਦੇਸ਼ ਵਿਰੋਧੀ ਕਾਰਜ ਕਰ ਰਹੀ ਹੈ। ਕੇਂਦਰ ਦੀ ਮੋਦੀ ਸਰਕਾਰ ਸੱਤਾ ਦੇ ਨਸ਼ੇ ‘ਚ ਮਦਹੋਸ਼ ਹੋ ਗਈ ਹੈ। ਮੋਦੀ ਅਤੇ ਅਮਿਤ ਸ਼ਾਹ ਹੰਕਾਰ ਨਾਲ ਭਰ ਗਏ ਹਨ, ਜਿਸ ਕਰਕੇ ਉਹ ਕਿਸਾਨਾਂ ਤੇ ਮਜ਼ਦੂਰਾਂ ਦੀ ਗੱਲ ਨਹੀਂ ਸੁਣ ਰਹੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹੱਕ ‘ਚ ਡਟ ਕੇ ਆਵਾਜ਼ ਬੁਲੰਦ ਕੀਤੀ ਹੈ।


Share