ਪੰਜਾਬ ‘ਚ ਘਰੋਂ ਬਾਹਰ ਨਿਕਲਣ ‘ਤੇ ਮਾਸਕ ਪਹਿਨਣਾ ਲਾਜ਼ਮੀ ਹੋਇਆ

244
Share

ਚੰਡੀਗੜ੍ਹ, 9 ਅਪ੍ਰੈਲ (ਪੰਜਾਬ ਮੇਲ)- ਪੰਜਾਬ ‘ਚ ਹੁਣ ਘਰੋਂ ਬਾਹਰ ਨਿਕਲਣ ‘ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਇਸ ਸਬੰਧੀ ਸਿਹਤ ਵਿਭਾਗ ਨੂੰ ਐਡਵਾਇਜ਼ਰੀ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਜਨਤਾ ਨੂੰ ਬੇਨਤੀ ਕੀਤੀ ਕਿ ਲੋਕ ਕੱਪੜੇ ਨਾਲ ਬਣੇ ਮਾਸਕ ਵੀ ਪਹਿਨ ਸਕਦੇ ਹਨ। ਲੋਕ ਆਪਣੇ ਕੱਪੜੇ ਦੇ ਮਾਸਕ ਨੂੰ ਰੋਜ਼ਾਨਾ ਸਾਬਣ ਤੇ ਡਿਟਰਜੈਂਟ ਨਾਲ ਧੋਣ ਤੇ ਜਦੋਂ ਵੀ ਘਰੋਂ ਬਾਹਰ ਨਿਕਲਣ, ਮਾਸਕ ਪਹਿਨਕੇ ਨਿਕਲਣ। ਇਸੇ ਰਾਹੀਂ ਹੀ ਅਸੀ ਸਭ ਮਿਲ ਕੇ ਆਪਣੀ ਸੁਰੱਖਿਆ ਤੇ ਸਫ਼ਾਈ ਨੂੰ ਪੁਖਤਾ ਕਰ ਕੇ ਕੋਵਿਡ-19 ਤੋਂ ਬਚਾਅ ਕਰ ਸਕਦੇ ਹਾਂ।
ਪੰਜਾਬ ਸਰਕਾਰ ਨੇ ਵੀਰਵਾਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਜੇਕਰ ਕੋਈ ਵੀ ਵਿਅਕਤੀ ਘਰੋਂ ਬਾਹਰ ਬਿਨਾਂ ਮਾਸਕ ਪਹਿਨੇ ਨਿਕਲਦਾ ਹੈ, ਤਾਂ ਉਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ। ਪ੍ਰਸ਼ਾਸਨ ਨੇ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਦੇ ਹੁਕਮ ਦਿੱਤੇ ਹਨ। ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਵਿਸ਼ਵ ਮਹਾਮਾਰੀ ਐਲਾਨਿਆ ਹੋਇਆ ਹੈ। ਭਾਰਤ ਸਰਕਾਰ ਨੇ 25 ਮਾਰਚ ਤੋਂ 14 ਅਪ੍ਰੈਲ ਅੱਧੀ ਰਾਤ ਤੱਕ ਲਾਕਡਾਊਨ ਦਾ ਐਲਾਨ ਕੀਤਾ ਹੈ। ਵੱਖ-ਵੱਖ ਤਰ੍ਹਾਂ ਦੀ ਸਟੱਡੀ ‘ਚ ਸਾਹਮਣੇ ਆਇਆ ਹੈ ਕਿ ਚਿਹਰੇ ਦਾ ਮਾਸਕ ਕੋਰੋਨਾ ਵਾਇਰਸ ਦੇ ਖਤਰੇ ਨੂੰ ਕਾਫ਼ੀ ਘੱਟ ਕਰ ਦਿੰਦਾ ਹੈ। ਸੋਸ਼ਲ ਡਿਸਟੈਂਸਿੰਗ ਤੋਂ ਇਲਾਵਾ ਕੋਰੋਨਾ ਨੂੰ ਰੋਕਣ ‘ਚ ਇਹ ਕਾਫ਼ੀ ਮੱਦਦਗਾਰ ਸਾਬਤ ਹੁੰਦਾ ਹੈ। ਇਸ ਲਈ ਪ੍ਰਸ਼ਾਸਨ ਨੇ ਫ਼ੈਸਲਾ ਲਿਆ ਹੈ ਕਿ ਸ਼ਹਿਰ ਦੇ ਹਰ ਇਕ ਵਿਅਕਤੀ ਨੂੰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।


Share