ਪੰਜਾਬ ‘ਚ ਆਜ਼ਾਦੀ ਦਿਹਾੜੇ ਮੌਕੇ ਕਈ ਥਾਈਂ ਲਹਿਰਾਏ ਗਏ ਕੇਸਰੀ ਝੰਡੇ

550
ਪਿੰਡ ਢੁੱਡੀਕੇ ਵਿਚ ਝੁਲਾਇਆ ਗਿਆ ਖਾਲਿਸਤਾਨੀ ਝੰਡਾ।
Share

* ਪੁਲਿਸ ਨੇ ਕਾਰਵਾਈ ਕਰਦਿਆਂ ਝੰਡੇ ਕਬਜ਼ੇ ‘ਚ ਲਏ

ਚੰਡੀਗੜ੍ਹ, 19 ਅਗਸਤ (ਪੰਜਾਬ ਮੇਲ)-ਮੋਗਾ ਜ਼ਿਲ੍ਹੇ ਦੇ ਸਕੱਤਰੇਤ ਦੀ ਇਮਾਰਤ ‘ਤੇ ਖਾਲਿਸਤਾਨੀ ਝੰਡਾ ਲਹਿਰਾਏ ਜਾਣ ਤੋਂ ਬਾਅਦ ਜ਼ਿਲ੍ਹੇ ਦੇ ਪਿੰਡ ਮਾਣੂੰਕੇ, ਨਿਹਾਲ ਸਿੰਘ ਵਾਲਾ, ਪਿੰਡ ਢੁੱਡੀਕੇ ਅਤੇ ਗਿੱਦੜਬਾਹਾ ਦੇ ਪਿੰਡ ਹੁਸਨਰ ਅਤੇ ਬਾਬਾ ਬਕਾਲਾ ‘ਚ ਵੀ ਕੇਸਰੀ ਝੰਡੇ ਲਹਿਰਾਏ ਜਾਣ ਦੀਆਂ ਘਟਨਾਵਾਂ ਵਾਪਰੀਆਂ ਹਨ। ਜ਼ਿਲ੍ਹਾ ਸਕੱਤਰੇਤ ਦੀ ਇਮਾਰਤ ‘ਤੇ ਖ਼ਾਲਿਸਤਾਨੀ ਝੰਡਾ ਝੁਲਾਏ ਜਾਣ ਤੇ ਤਿਰੰਗੇ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਸੰਤਰੀ ਵਜੋਂ ਤਾਇਨਾਤ ਤਿੰਨੋਂ ਥਾਣੇਦਾਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ ਏ.ਐੱਸ.ਆਈ. ਦੀ ਅਗਵਾਈ ਵਿਚ ਕੁਇੱਕ ਰਿਐਕਸ਼ਨ ਟੀਮ (ਕਿਊ.ਆਰ.ਟੀ.) ਦੇ 4 ਸਿਪਾਹੀ ਤਾਇਨਾਤ ਕੀਤੇ ਹਨ। ਜ਼ਿਲ੍ਹੇ ‘ਚ ਹੋਰ ਕਈ ਥਾਵਾਂ ‘ਤੇ ਵੀ ਕੇਸਰੀ ਝੰਡੇ ਝੁਲਾਏ ਜਾਣ ਤੋਂ ਬਾਅਦ ਪੁਲਿਸ ਨੇ ਝੰਡਿਆਂ ਨੂੰ ਉਤਾਰ ਕੇ ਆਪਣੇ ਕਬਜ਼ੇ ਵਿਚ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਥੇ ਨਿਹਾਲ ਸਿੰਘ ਵਾਲਾ ਬੱਸ ਅੱਡੇ ‘ਤੇ ਵੱਡੀਆਂ ਲਾਈਟਾਂ ਤੋਂ ਇਲਾਵਾ ਇਸ ਕਸਬੇ ਨੇੜਲੇ ਪਿੰਡ ਮਾਣੂੰਕੇ ਦੇ ਬੱਸ ਅੱਡੇ ਤੇ ਥਾਣਾ ਸਦਰ ਅਧੀਨ ਪਿੰਡ ਡਗਰੂ ਕੋਲੋਂ ਲੰਘਦੇ ਫ਼ਲਾਈਓਵਰ ‘ਤੇ ਖੰਡੇ ਵਾਲੇ ਕੇਸਰੀ ਝੰਡੇ ਝੁਲਾਉਣ ਦਾ ਪਤਾ ਲੱਗਣ ਉੱਤੇ ਪੁਲਿਸ ਨੇ ਝੰਡੇ ਉਤਾਰ ਕੇ ਕਬਜ਼ੇ ‘ਚ ਲੈ ਲਏ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਕੇਸਰੀ ਝੰਡਿਆਂ ‘ਤੇ ਸਿਰਫ਼ ਖੰਡਾਂ ਹੀ ਛਪਿਆ ਹੋਇਆ ਸੀ। ਇਥੇ ਸਕੱਤਰੇਤ ‘ਚ ਖਾਲਿਸਤਾਨੀ ਝੰਡਾ ਝੁਲਾਉਣ ਮਗਰੋਂ ਡੀ. ਸੀ. ਗੇਟ ਗਾਰਦ ਇੰਚਾਰਜ ਧਲਵਿੰਦਰ ਸਿੰਘ, ਨਿਰਮਲ ਸਿੰਘ, ਮੱਖਣ ਸਿੰਘ (ਤਿੰਨੋਂ ਏ. ਐੱਸ. ਆਈ.) ਦੀ ਬਦਲੀ ਕਰਕੇ ਪ੍ਰਿਤਪਾਲ ਸਿੰਘ ਏ.ਐੱਸ.ਆਈ. ਦੀ ਅਗਵਾਈ ਵਿਚ ਚਾਰ ਸਿਪਾਹੀਆਂ ‘ਤੇ ਆਧਾਰਿਤ ਕੁਇੱਕ ਰਿਐਕਸ਼ਨ ਟੀਮ ਨੂੰ ਸੁਰੱਖਿਆ ਕਮਾਂਡ ਸੌਂਪੀ ਗਈ ਹੈ। ਇਸੇ ਦੌਰਾਨ ਇਤਿਹਾਸਕ ਪਿੰਡ ਢੁੱਡੀਕੇ ‘ਚ ਇਕ ਧਾਰਮਿਕ ਸਥਾਨ ਅੰਦਰ ਵੀ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ। ਇਸੇ ਹੀ ਧਾਰਮਿਕ ਸਥਾਨ ਅੰਦਰ ਇਕ ਟਰੱਸਟ ਵੱਲੋਂ 15 ਅਗਸਤ ਨੂੰ ਕੌਮੀ ਤਿਰੰਗਾ ਝੰਡਾ ਝੁਲਾਉਣ ਤੋਂ ਵੀ ਤਣਾਅ ਬਣਿਆ ਹੋਇਆ ਹੈ। ਥਾਣਾ ਮੁਖੀ ਜਸਵਿੰਦਰ ਸਿੰਘ ਨੇ ਕਿਹਾ ਕਿ ਪਿੰਡ ‘ਚ ਧੜੇਬੰਦੀ ਕਾਰਨ ਇਹ ਘਟਨਾ ਵਾਪਰੀ ਹੈ।
ਗਿੱਦੜਬਾਹਾ : ਗਿੱਦੜਬਾਹਾ ਦੇ ਪਿੰਡ ਹੁਸਨਰ ਦੀ ਵਿਵਾਦਿਤ ਜ਼ਮੀਨ ‘ਤੇ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ ਵਿਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਹੁਸਨਰ ‘ਚ ਜਨਰਲ ਤੇ ਐੱਸ. ਸੀ. ਭਾਈਚਾਰੇ ਵਿਚ ਹੱਡਾਰੋੜੀ ਨੂੰ ਲੈ ਕੇ ਝਗੜਾ ਚੱਲਦਾ ਰਿਹਾ ਹੈ ਤੇ ਇਸ ਸਬੰਧੀ ਥਾਣਾ ਗਿੱਦੜਬਾਹਾ ‘ਚ ਕੇਸ ਵੀ ਦਰਜ ਹੈ। ਆਜ਼ਾਦੀ ਦਿਵਸ ਮੌਕੇ ਬਦਅਮਨੀ ਫੈਲਾਉਣ ਦੇ ਮਕਸਦ ਨਾਲ ਇਕ ਪੀਲਾ ਝੰਡਾ, ਜਿਸ ‘ਤੇ ਸਕੈੱਚ ਪੈੱਨ ਨਾਲ ਖਾਲਿਸਤਾਨ ਲਿਖਿਆ ਹੈ, ਉਕਤ ਜਗ੍ਹਾ ‘ਤੇ ਲਗਾ ਦਿੱਤਾ ਗਿਆ। ਪੁਲਿਸ ਨੇ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਡੀ.ਐੱਸ.ਪੀ. ਗਿੱਦੜਬਾਹਾ ਗੁਰਤੇਜ ਸਿੰਘ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖ਼ਰਾਬ ਕਰਨ ਤੇ ਪਿੰਡ ਦੀ ਭਾਈਚਾਰਕ ਸਾਂਝ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੁਲਿਸ ਇਹ ਸਾਜ਼ਿਸ਼ ਕਾਮਯਾਬ ਨਹੀਂ ਹੋਣ ਦੇਵੇਗੀ।
ਨਿਹਾਲ ਸਿੰਘ ਵਾਲਾ : ਪਿੰਡ ਮਾਣੂੰਕੇ ਦੇ ਪੰਚਾਇਤ ਘਰ ਦੀ ਇਮਾਰਤ ‘ਤੇ ਕੇਸਰੀ ਝੰਡਾ ਲਹਿਰਾਏ ਜਾਣ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਪਲਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਤੇ ਪੰਚਾਇਤ ਦੀ ਮੌਜੂਦਗੀ ਵਿਚ ਝੰਡਾ ਲੁਹਾ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਝੰਡਾ ਰਾਤ ਸਮੇਂ ਲਹਿਰਾਇਆ ਗਿਆ। ਥਾਣਾ ਮੁਖੀ ਨੇ ਕਿਹਾ ਕਿ ਇਹ ਖਾਲਿਸਤਾਨੀ ਝੰਡਾ ਨਹੀਂ ਕੇਸਰੀ ਝੰਡਾ ਸੀ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਰਈਆ : ਬਾਬਾ ਬਕਾਲਾ ਦੇ ਤਹਿਸੀਲ ਕੰਪਲੈਕਸ ਵਿਚ ਕੁਝ ਗੈਰ-ਸਮਾਜੀ ਤੱਤਾਂ ਨੇ ਇਕ ਵਸੀਕਾ ਨਵੀਸ ਦੀ ਦੁਕਾਨ ‘ਤੇ ਕੇਸਰੀ ਝੰਡਾ ਲਹਿਰਾ ਦਿੱਤਾ। ਵਸੀਕਾ ਨਵੀਸ ਬਰਕਤ ਵੋਹਰਾ ਨੇ ਦੱਸਿਆ ਕਿ ਉਸ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਝੰਡਾ ਜਲਦਬਾਜ਼ੀ ‘ਚ ਉਤਾਰ ਦਿੱਤਾ ਤੇ ਅੱਧਾ ਝੰਡਾ ਉਸੇ ਤਰ੍ਹਾਂ ਹੀ ਦੁਕਾਨ ‘ਤੇ ਲਟਕਦਾ ਰਿਹਾ। ਡੀ.ਐੱਸ.ਪੀ. ਬਾਬਾ ਬਕਾਲਾ ਹਰਕਿਸ਼ਨ ਸਿੰਘ ਨੇ ਇਸ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ।
ਅਜੀਤਵਾਲ : ਸ਼ਰਾਰਤੀ ਅਨਸਰਾਂ ਨੇ ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ਨੇੜੇ ਖਾਲਿਸਤਾਨੀ ਝੰਡਾ ਲਹਿਰਾ ਦਿੱਤਾ। ਸੂਚਨਾ ਮਿਲਣ ‘ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਡੇਰੇ ਤੇ ਨੇੜੇ-ਤੇੜੇ ਲੱਗੇ ਕੈਮਰਿਆਂ ਦੀ ਜਾਂਚ ਕੀਤੀ, ਜਿਸ ਵਿਚ ਚਾਰ ਸ਼ੱਕੀ ਵਿਅਕਤੀ ਨਜ਼ਰ ਆਏ। ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਰਮਨਦੀਪ ਸਿੰਘ ਭੁੱਲਰ ਨੇ ਪੁਲਿਸ ਮੁਲਾਜ਼ਮਾਂ ਨੂੰ ਝਾੜ ਵੀ ਪਾਈ। ਪੁਲਿਸ ਵੱਲੋਂ ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ‘ਤੇ ਲੱਗੇ ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ।

ਬਠਿੰਡਾ ਦੀਆਂ ਸੜਕਾਂ ‘ਤੇ ਗੂੰਜੇ ਖਾਲਿਸਤਾਨ ਪੱਖੀ ਨਾਅਰੇ
ਆਜ਼ਾਦੀ ਦਿਹਾੜੇ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਦਲ ਖਾਲਸਾ ਦੇ ਕਾਰਕੁਨਾਂ ਨੇ ਕੇਸਰੀ ਝੰਡੇ ਤੇ ਕਾਲੀਆਂ ਝੰਡੀਆਂ ਚੁੱਕ ਕੇ ਬਾਜ਼ਾਰਾਂ ‘ਚ ਖਾਲਿਸਤਾਨ ਪੱਖੀ ਨਾਅਰੇ ਲਾਉਂਦਿਆਂ ਰੋਸ ਮਾਰਚ ਕੀਤਾ। ਇਥੋਂ ਦੇ ਗੁਰਦੁਆਰਾ ਸਿੰਘ ਸਭਾ ਤੋਂ ਚੱਲੇ ਕਾਫ਼ਲੇ ਨੇ ਫ਼ਾਇਰ ਬ੍ਰਿਗੇਡ ਚੌਕ ‘ਚ ਪੁੱਜਣਾ ਸੀ ਪਰ ਰਸਤੇ ‘ਚ ਪੁਲਿਸ ਨੇ ਰੋਕਾਂ ਲਾਈਆਂ ਹੋਈਆਂ ਸਨ। ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਅਤੇ ਦਲ ਖਾਲਸਾ ਦੇ ਆਗੂ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ 14 ਤੇ 15 ਅਗਸਤ ਪਾਕਿਸਤਾਨ ਤੇ ਭਾਰਤ ਦੇ ਹਾਕਮਾਂ ਲਈ ਆਜ਼ਾਦੀ ਦਿਹਾੜਾ ਹੋ ਸਕਦਾ ਹੈ ਪਰ ਦੇਸ਼ ਵੰਡ ਸਮੇਂ ਸ਼ਹੀਦ ਹੋਏ 10 ਲੱਖਾਂ ਲੋਕਾਂ ਕਾਰਨ ਇਹ ਉਨ੍ਹਾਂ ਲਈ ਸੰਤਾਪ ਵਾਲਾ ਦਿਹਾੜਾ ਹੈ। ਉਨ੍ਹਾਂ ਭਾਰਤ ਸਰਕਾਰ ‘ਤੇ ਸਿੱਖ ਭਾਈਚਾਰੇ ਨਾਲ ਧੱਕੇਸ਼ਾਹੀ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਹੱਕ ਦੀ ਪ੍ਰਾਪਤੀ ਤੱਕ ਉਹ ਸੰਘਰਸ਼ ਕਰਦੇ ਰਹਿਣਗੇ।


Share