ਪੰਜਾਬੀ ਵਿਅਕਤੀ ਵੱਲੋਂ ਧੀ ਤੇ ਸੱਸ ਦਾ ਗੋਲੀ ਮਾਰ ਕੇ ਕਤਲ

284
Share

ਨਿਊਯਾਰਕ, 16 ਜਨਵਰੀ (ਪੰਜਾਬ ਮੇਲ)- ਅਮਰੀਕਾ ਵਿਚ ਭਾਰਤੀ ਮੂਲ ਦੇ ਵਿਅਕਤੀ ਨੇ ਆਪਣੀ 14 ਸਾਲਾ ਧੀ ਤੇ ਸੱਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਵੇਰਵਿਆਂ ਮੁਤਾਬਕ ਭੁਪਿੰਦਰ ਸਿੰਘ (57) ਨੇ ਅਲਬਾਨੀ ਤੋਂ 19 ਕਿਲੋਮੀਟਰ ਦੂਰ ਸ਼ੋਡੈਕ ਕਸਬੇ ਵਿਚ ਜਸਲੀਨ ਕੌਰ (14) ਤੇ ਮਨਜੀਤ ਕੌਰ (55) ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਸਲੀਨ ਤੇ ਮਨਜੀਤ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ। ਪੁਲੀਸ ਮੁਤਾਬਕ ਬੁੱਧਵਾਰ ਰਾਤ ਕਰੀਬ 9.30 ਵਜੇ ਘਟਨਾ ਪਰਿਵਾਰ ਦੇ ਘਰ ਵਿਚ ਹੀ ਵਾਪਰੀ ਹੈ। ਘਟਨਾ ’ਚ 40 ਸਾਲਾ ਰਸ਼ਪਾਲ ਕੌਰ ਦੇ ਵੀ ਬਾਂਹ ਵਿਚ ਗੋਲੀ ਲੱਗੀ ਹੈ ਪਰ ਮੌਕੇ ਤੋਂ ਭੱਜਣ ਕਾਰਨ ਉਸ ਦਾ ਬਚਾਅ ਹੋ ਗਿਆ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਤੇ ਉਹ ਖ਼ਤਰੇ ਤੋਂ ਬਾਹਰ ਹੈ। ਭਾਰਤੀ ਪਰਿਵਾਰ ਦੇ ਗੁਆਂਢੀ ਜਿਮ ਨੇ ਦੱਸਿਆ ਕਿ ਉਹ ਰਾਤ ਨੂੰ ਆਰਾਮ ਕਰ ਰਿਹਾ ਸੀ ਤੇ ਉਸ ਦੇ ਘਰ ਦੀ ਘੰਟੀ ਲਗਾਤਾਰ ਵੱਜਣ ਲੱਗੀ। ਘੰਟੀ ਵਜਾਉਣ ਵਾਲਾ ਲਗਾਤਾਰ ‘ਮਦਦ ਕਰੋ’ ਕਹਿ ਰਿਹਾ ਸੀ। ਇਸ ਤੋਂ ਬਾਅਦ ਜਦ ਜਿਮ ਨੇ ਆਪਣੀ ਖਿੜਕੀ ਤੋਂ ਬਾਹਰ ਦੇਖਿਆ ਤਾਂ ਜ਼ਖਮੀ ਔਰਤ ਉਸ ਦੇ ਘਰ ਤੋਂ ਬਾਅਦ ਗਲੀ ਵਿਚ ਕਿਸੇ ਹੋਰ ਘਰ ਅੱਗੇ ਮਦਦ ਮੰਗ ਰਹੀ ਸੀ। ਗੁਆਂਢੀ ਮੁਤਾਬਕ ਜਦ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਖ਼ੂਨ ਦੇ ਨਿਸ਼ਾਨ ਸਨ।


Share