ਪੰਜਾਬੀ ਰੇਡੀਓ ਹੋਸਟ ਗੁੱਡੀ ਸਿੱਧੂ ਦੀ ਫਰਿਜ਼ਨੋ ‘ਚ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ, 9 ਅਕਤੂਬਰ (ਨੀਟਾ/ ਕੁਲਵੰਤ/ ਪੰਜਾਬ ਮੇਲ)- ਕੈਲੀਫੋਰਨੀਆ ‘ਚ ਭਰਵੀਂ ਪੰਜਾਬੀ ਵੱਸੋਂ ਵਾਲੇ ਸ਼ਹਿਰ ਫਰਿਜ਼ਨੋ ਦੀਆਂ ਸਮਾਜਿਕ, ਸਾਹਿਤਕ, ਸੱਭਿਆਚਾਰਕ ਗਤੀਵਿਧੀਆਂ ਦੀ ਰੂਹ-ਏ-ਰਵਾਂ ਗੁੱਡੀ ਸਿੱਧੂ ਦੇ ਇਕ ਸੜਕ ਹਾਦਸੇ ‘ਚ ਸਦੀਵੀਂ ਵਿਛੋੜਾ ਦੇ ਜਾਣ ਨਾਲ ਫਰਿਜ਼ਨੋ ਇਲਾਕੇ ਦਾ ਪੂਰਾ ਪੰਜਾਬੀ ਭਾਈਚਾਰਾ ਸੋਗ ਦੇ ਆਲਮ ਵਿਚ ਹੈ। ਗੁੱਡੀ ਸਿੱਧੂ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਨਾਲ ਸੰਬੰਧਤ ਸਨ। ਉਹ ਆਪਣੇ ਪਿੱਛੇ ਪਤੀ, ਦੋ ਧੀਆਂ ਤੇ ਇੱਕ ਪੁੱਤਰ ਛੱਡ ਗਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਗੁੱਡੀ ਸਿੱਧੂ ਨਾਲ ਇਹ ਹਾਦਸਾ ਐਸ਼ਲਿਨ ਐਵੇਨਿਊ ਅਤੇ ਕੁਰਨੈਲੀਆ ਐਵੇਨਿਊ ‘ਤੇ ਕਰੀਬਨ ਬਾਅਦ ਦੁਪਹਿਰ 2:30 ਵਜੇ ਵਾਪਰਿਆ। ਜਿਸ ਸਮੇਂ ਉਹ ਗੁਰਦੁਆਰਾ ਸਿੰਘ ਸਭਾ ਸਾਹਿਬ ਤੋਂ ਦੁਪਹਿਰ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪਣੀ ਕਾਰ ਲੈ ਕੇ ਨਿਕਲੇ ਹੀ ਸਨ। ਉਨ੍ਹਾਂ ਆਪਣੇ ਪ੍ਰੋਗਰਾਮ ਕਰਨ ਲਈ ਨਜ਼ਦੀਕੀ ਰੇਡੀਓ ਸਟੇਸ਼ਨ ਜਾਣਾ ਸੀ। ਪਰ ਥੋੜੀ ਦੂਰ ਜਾ ਕੇ ਉਹ ਕੰਟਰੋਲ ਖੋਹ ਬੈਠੇ, ਗੱਡੀ ਉਲਟ ਕੇ ਡਿੱਗੀ ਅਤੇ ਗੁੱਡੀ ਸਿੱਧੂ ਦੀ ਮੌਕੇ ‘ਤੇ ਮੌਤ ਹੋ ਗਈ। 70 ਸਾਲਾ ਗੁੱਡੀ ਲੰਮੇ ਸਮੇਂ ਤੋਂ ਪੰਜਾਬੀ ਭਾਈਚਾਰੇ ਵਿਚ ਆਪਣੀਆਂ ਸੇਵਾਵਾਂ ਸਦਕੇ ਇੱਕ ਮੋਹਰੀ ਇਸਤਰੀ ਲੀਡਰ ਦੇ ਤੌਰ ‘ਤੇ ਵਿਚਰ ਰਹੇ ਸਨ। ਹਰ ਕੋਈ ਫਰਿਜ਼ਨੋ ਸ਼ਹਿਰ ਵਿਚ ਉਨ੍ਹਾਂ ਦਾ ਇੱਜ਼ਤ ਨਾਲ ਨਾਮ ਲੈਂਦਾ ਸੀ। ਗੁੱਡੀ ਸਿੱਧੂ ਫਰਿਜ਼ਨੋ ਵਿਚ ਲੰਮੇ ਸਮੇਂ ਤੋਂ ਪੰਜਾਬੀ ਸਕੂਲ ਚਲਾਉਣ ਦੇ ਨਾਲ-ਨਾਲ ਪਿਛਲੇ 25 ਸਾਲਾਂ ਤੋਂ ਵਧੀਕ ਹਰ ਸਾਲ ਪ੍ਰੰਪਰਾਗਤ ਢੰਗ ਨਾਲ ਤੀਆਂ ਦਾ ਮੇਲਾ ਲਾਉਂਦੇ ਆ ਰਹੇ ਸਨ। ਉਹ ‘ਸਿੱਖ ਵੂਮਨ ਆਰਗੇਨਾਈਜ਼ੇਸ਼ਨ’ ਦੇ ਮੋਢੀ ਮੈਂਬਰ ਵੀ ਸਨ। ਇਸੇ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਦੇ ਵਿਚ ਚੱਲ ਰਹੇ ਕਾਰਜਾਂ ਵਿਚ ਅੱਗੇ ਹੋ ਸੇਵਾਵਾਂ ਪ੍ਰਦਾਨ ਕਰਦੇ ਸਨ। ਹੋਰ ਵੀ ਔਰਤਾਂ ਦੇ ਹਰ ਮਸਲੇ ‘ਤੇ ਉਹ ਅਕਸਰ ਪਹਿਲਕਦਮੀਂ ਨਾਲ ਖੁੱਲ੍ਹ ਕੇ ਵਿਚਾਰ ਕਰਦੇ ਸਨ। ਗੁੱਡੀ ਸਿੱਧੂ ਦੇ ਇਸ ਤਰ੍ਹਾਂ ਅਚਾਨਕ ਤੁਰ ਜਾਣ ਨਾਲ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦਾ ਘਰ ਹਮੇਸ਼ਾ ਸਾਹਿਤ ਪ੍ਰੇਮੀਆਂ ਅਤੇ ਬਾਹਰੋਂ ਆਏ ਕਲਾਕਾਰਾਂ ਲਈ ਨਿੱਘੀ ਠਹਿਰ ਰਿਹਾ ਹੈ। ਗੁੱਡੀ ਸਿੱਧੂ ਉਨ੍ਹਾਂ ਮਨੁੱਖੀ ਜਿਊੜਿਆਂ ਵਿਚੋਂ ਸੀ, ਜੋ ਜ਼ਿੰਦਗੀ ਜਿਊਣ ਦੇ ਚਾਅ ਨਾਲ ਹਮੇਸ਼ਾਂ ਭਰੇ-ਭਕੁੰਨੇ ਤੇ ਲੋੜਵੰਦਾਂ ਦੇ ਕੰਮ ਆਉਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਉਨ੍ਹਾਂ ਦੀ ਮੌਤ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਵੱਡਮੁੱਲਾ ਘਾਟਾ ਪਿਆ ਹੈ। ਉਨ੍ਹਾਂ ਦੇ ਅੰਤਿਮ ਸਸਕਾਰ ਦੀ ਰਸ਼ਮ 12 ਅਕਤੂਬਰ ਦਿਨ ਸ਼ਨੀਵਾਰ ਨੂੰ ਹੋਵੇਗੀ। ਜਿਸ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿਖੇ ਹੋਵੇਗੀ। ਸਮੁੱਚਾ ਰੇਡੀਓ, ਟੀ.ਵੀ. ਅਤੇ ਅਖ਼ਬਾਰਾਂ ਨਾਲ ਸੰਬੰਧਤ ਮੀਡੀਆ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਸ਼ਰੀਕ ਹੈ। ਪ੍ਰਮਾਤਮਾ ਗੁੱਡੀ ਸਿੱਧੂ ਦੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ, ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।