ਪੰਜਾਬੀ ਦੇ ਵਿਕਾਸ ਅਤੇ ਭਾਰਤ-ਪਾਕਿ ਵਿਚਕਾਰ ਅਮਨ ਲਈ ਵੱਡਾ ਕਦਮ ਲਾਹੌਰ ਦੀ ਕਾਨਫਰੰਸ

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444
ਵਿਸ਼ਵ ਪੰਜਾਬੀ ਕਾਂਗਰਸ ਵੱਲੋਂ ਪਾਕਿਸਤਾਨ ਵਿਚਲੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਖੇ ਕਰਵਾਈ ਗਈ ਤਿੰਨ ਰੋਜ਼ਾ ਵਿਸ਼ਵ ਅਮਨ ਅਤੇ ਪੰਜਾਬੀ ਕਾਨਫਰੰਸ ਭਾਰਤ-ਪਾਕਿ ਵਿਚਕਾਰ ਅਮਨ, ਦੋਸਤੀ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵੱਡਾ ਸੁਨੇਹਾ ਦੇਣ ਵਿਚ ਸਫਲ ਰਹੀ ਹੈ। ਕਾਨਫਰੰਸ ਵਿਚ ਜਿੱਥੇ ਪਾਕਿਸਤਾਨ ਅਤੇ ਭਾਰਤ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਰਗਰਮ ਸਾਹਿਤਕਾਰ ਅਤੇ ਲੇਖਕ ਸ਼ਾਮਲ ਹੋਏ, ਉਥੇ ਹੋਰ ਬਹੁਤ ਸਾਰੇ ਦੇਸ਼ਾਂ ਤੋਂ ਵੀ ਪੰਜਾਬੀ ਭਾਸ਼ਾ ਦੇ ਪਿਆਰਿਆਂ ਨੇ ਸ਼ਿਰਕਤ ਕੀਤੀ। ਪੰਜਾਬੀ ਕਾਨਫਰੰਸ ਵਿਚ ਪੰਜਾਬੀ ਭਾਸ਼ਾ ਨੂੰ ਪਾਕਿਸਤਾਨ ਵਿਚਲੇ ਪੰਜਾਬ ਅੰਦਰ ਬਣਦਾ ਰੁਤਬਾ ਦਿਵਾਉਣ ਅਤੇ ਦੋਵਾਂ ਮੁਲਕਾਂ ਦਰਮਿਆਨ ਅਮਨ ਅਤੇ ਦੋਸਤੀ ਲਈ ਬੜੇ ਜ਼ੋਰ ਨਾਲ ਆਵਾਜ਼ ਉਠਾਈ ਗਈ। ਵਿਸ਼ਵ ਪੰਜਾਬੀ ਕਾਂਗਰਸ ਦੇ ਪ੍ਰਬੰਧਕ ਜਨਾਬ ਫਖਰ ਜਮਾਂ ਨੇ ਬੜੀ ਬੇਬਾਕੀ ਨਾਲ ਕਿਹਾ ਕਿ ਪਾਕਿਸਤਾਨ ਵਿਚ ਬੋਲੀਆਂ ਜਾਂਦੀਆਂ ਸਾਰੀਆਂ ਹੀ ਜ਼ੁਬਾਨਾਂ ਕੌਮੀ ਜ਼ੁਬਾਨਾਂ ਹਨ। ਇਨ੍ਹਾਂ ਨੂੰ ਖੇਤਰੀ ਜ਼ੁਬਾਨਾਂ ਨਹੀਂ ਕਿਹਾ ਜਾਣਾ ਚਾਹੀਦਾ। ਕਾਨਫਰੰਸ ਵਿਚ ਜੁੜੇ ਸਮੂਹ ਪੰਜਾਬੀ ਪ੍ਰੇਮੀਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਲਾਹੌਰ ਵਿਚ ਨਿਰੋਲ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ ਪੰਜਾਬੀ ਯੂਨੀਵਰਸਿਟੀ ਲਾਹੌਰ ਸਥਾਪਿਤ ਕੀਤੀ ਜਾਵੇ। ਇਸ ਯੂਨੀਵਰਸਿਟੀ ਵਿਚ ਸ਼ਾਹਮੁਖੀ ਤੇ ਗੁਰਮੁਖੀ ਲਿੱਪੀਆਂ ਵਿਚ ਹੁਣ ਤੱਕ ਛਪੀਆਂ ਕਿਤਾਬਾਂ ਦੀ ਕੌਮਾਂਤਰੀ ਲਾਇਬ੍ਰੇਰੀ ਬਣਾਈ ਜਾਵੇ। ਡੈਲੀਗੇਟਾਂ ਨੇ ਇਹ ਵੀ ਮਤਾ ਪਾਸ ਕੀਤਾ ਕਿ ਪਾਕਿਸਤਾਨੀ ਪੰਜਾਬ ਵਿਚ ਸ਼ਾਹਮੁਖੀ ਦੇ ਨਾਲ ਗੁਰਮੁਖੀ ਲਿੱਪੀ ਵਿਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਵੀ ਸ਼ੁਰੂ ਕੀਤੀ ਜਾਵੇ। ਇਸ ਵੇਲੇ ਪਾਕਿਸਤਾਨੀ ਪੰਜਾਬ ਵਿਚ ਉੱਚ ਵਿੱਦਿਆ ਵਿਚ ਤਾਂ ਭਾਵੇਂ ਪੰਜਾਬੀ ਦੀ ਪੜ੍ਹਾਈ ਹੁੰਦੀ ਹੈ, ਪਰ ਸਕੂਲੀ ਵਿੱਦਿਆ ਵਿਚ ਗੁਰਮੁਖੀ ਲਿੱਪੀ ਵਿਚ ਪੜ੍ਹਾਈ ਨਹੀਂ ਕਰਵਾਈ ਜਾਂਦੀ। ਪਾਕਿਸਤਾਨੀ ਪੰਜਾਬ ਦੇ ਸਾਬਕਾ ਵਿੱਦਿਆ ਮੰਤਰੀ ਡਾ. ਇਮਰਾਨ ਮਸੂਦ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਹੀ ਹੀ ਆਖਿਆ ਕਿ ਚੌਧਰੀ ਪਰਵੇਜ਼ ਇਲਾਹੀ ਦੀ ਸਰਕਾਰ ਵੇਲੇ ਅਸੀਂ ਸੂਬੇ ਦੇ 63 ਹਜ਼ਾਰ ਸਕੂਲਾਂ ਦਾ ਮੂਲ ਢਾਂਚਾ ਤਾਂ ਸੁਧਾਰ ਸਕੇ, ਪਰ ਪ੍ਰਾਇਮਰੀ ਅਤੇ ਹਾਈ ਸਕੂਲ ਪੱਧਰ ਉੱਤੇ ਪੰਜਾਬੀ ਪੜ੍ਹਾਈ ਸ਼ੁਰੂ ਨਹੀਂ ਕਰਵਾ ਸਕੇ। ਇਸੇ ਕਾਰਨ ਪੰਜਾਬੀ ਭਾਸ਼ਾ ਦਾ ਤਣਾ ਹੀ ਕਮਜ਼ੋਰ ਹੈ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਸਾਬਕਾ ਕੇਂਦਰੀ ਮੰਤਰੀ ਹਸਨ ਸ਼ਾਹ ਨੇ ਲੋਕ ਲਹਿਰਾਂ ਦੇ ਆਗੂਆਂ ਅਤੇ ਹੋਰ ਖੇਤਰਾਂ ਦੇ ਤਰੱਕੀ ਪਸੰਦ ਲੋਕਾਂ ਨੂੰ ਹੰਭਲਾ ਮਾਰਨ ਦਾ ਸੱਦਾ ਦਿੱਤਾ। ਭਾਰਤੀ ਪੰਜਾਬ ਤੋਂ ਆਏ ਸਾਹਿਤਕਾਰਾਂ ਨੇ ਵਿਸ਼ਵ ਪੰਜਾਬੀ ਕਾਂਗਰਸ ਦੀਆਂ ਸਾਹਿਤ ਅਤੇ ਵਿਸ਼ਵ ਅਮਨ ਦੇ ਹਵਾਲੇ ਨਾਲ ਕੀਤੀਆਂ ਜਾ ਰਹੀਆਂ ਕਾਨਫਰੰਸਾਂ ਨੂੰ ਮੀਲ ਪੱਥਰ ਕਿਹਾ। ਤਿੰਨੇ ਦਿਨ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਸ਼ਾਮਲ ਹੁੰਦਿਆਂ ਮੈਂ ਦੇਖਿਆ ਕਿ ਪੂਰੀ ਦੁਨੀਆਂ ਵਿਚ ਵੱਸਦਾ ਪੰਜਾਬੀ ਭਾਈਚਾਰਾ ਦੋਵਾਂ ਪੰਜਾਬਾਂ ਦੀ ਆਪਸੀ ਨੇੜਤਾ ਅਤੇ ਸਾਂਝ ਲਈ ਮਨਾਂ ਵਿਚ ਡੂੰਘੀ ਤੜਫ ਰੱਖਦਾ ਹੈ। ਉਹ ਆਪਣੀ ਮਾਂ ਬੋਲੀ ਪੰਜਾਬੀ ਨੂੰ ਬੇਹੱਦ ਪਿਆਰ ਅਤੇ ਸਤਿਕਾਰ ਦਿੰਦੇ ਹਨ ਅਤੇ ਇਸ ਦੇ ਵਿਕਾਸ ਲਈ ਤੱਤਪਰ ਵੀ ਹਨ। ਵਿਸ਼ਵ ਪੰਜਾਬੀ ਕਾਂਗਰਸ ਦੇ ਤਰੱਦਦ ਨਾਲ ਜੇਕਰ ਪੰਜਾਬੀ ਯੂਨੀਵਰਸਿਟੀ ਲਾਹੌਰ ਵਿਖੇ ਸਥਾਪਿਤ ਹੋ ਜਾਂਦੀ ਹੈ, ਤਾਂ ਇਹ ਪੰਜਾਬੀ ਭਾਸ਼ਾ ਪ੍ਰੇਮੀਆਂ ਦੀ ਹੀ ਵੱਡੀ ਜਿੱਤ ਨਹੀਂ ਹੋਵੇਗੀ, ਸਗੋਂ ਦੋਹਾਂ ਪੰਜਾਬਾਂ ਵਿਚਕਾਰ ਆਪਸੀ ਨੇੜਤਾ ਨੂੰ ਹੋਰ ਮਜ਼ਬੂਤ ਕਰੇਗੀ। ਵਿਸ਼ਵ ਪੰਜਾਬੀ ਕਾਨਫਰੰਸ ਵੱਲੋਂ ‘ਪਾਕਿਸਤਾਨ ਵਿਚ ਬੋਲੀਆਂ ਜਾਂਦੀਆਂ ਸਾਰੀਆਂ ਜ਼ੁਬਾਨਾਂ ਕੌਮੀ ਹਨ ਅਤੇ ਇਨ੍ਹਾਂ ਨੂੰ ਖੇਤਰੀ ਜ਼ੁਬਾਨਾਂ ਨਾ ਕਿਹਾ ਜਾਵੇ, ਦਾ ਪਾਸ ਕੀਤਾ ਗਿਆ ਮਤਾ ਭਾਰਤ ਉਪਰ ਵੀ ਇੰਨ-ਬਿੰਨ ਲਾਗੂ ਹੁੰਦਾ ਹੈ। ਭਾਰਤ ਵਿਚ ਵੀ ਵੱਖ-ਵੱਖ ਸੂਬਿਆਂ ਵਿਚ ਬੋਲੀਆਂ ਜਾਂਦੀਆਂ ਜ਼ੁਬਾਨਾਂ ਭਾਰਤ ਦੀਆਂ ਕੌਮੀ ਜ਼ੁਬਾਨਾਂ ਹੀ ਹਨ। ਕਾਨਫਰੰਸ ਨੇ ਇਕ ਮਤਾ ਪਾਸ ਕਰਕੇ ਇਹ ਵੀ ਮੰਗ ਕੀਤੀ ਕਿ ਲਾਹੌਰ ਅਸੈਂਬਲੀ ਵਿਚ ਵਿਚਾਰ-ਚਰਚਾ ਅਤੇ ਕਾਰਵਾਈ ਪੰਜਾਬੀ ਜ਼ੁਬਾਨ ਵਿਚ ਸ਼ੁਰੂ ਕੀਤੀ ਜਾਵੇ, ਜਿਸ ਤਰ੍ਹਾਂ ਸਿੰਧ ਵਿਚ ਸਿੰਧੀ, ਬਲੋਚਿਸਤਾਨ ਵਿਚ ਬਲੋਚੀ ਅਤੇ ਪਖਤੂਨਵਾ ਵਿਚ ਪਸ਼ਤੋ ਬੋਲੀ ਜਾਂਦੀ ਹੈ। ਕਾਨਫਰੰਸ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਕਰਤਾਰਪੁਰ ਸਾਹਿਬ ਲਈ ਲਾਂਘੇ ਦੀ ਉਸਾਰੀ ਲਈ ਦੋਵਾਂ ਦੇਸ਼ਾਂ ਦੀਆਂ ਹਕੂਮਤਾਂ ਦੀ ਸ਼ਲਾਘਾ ਕੀਤੀ ਅਤੇ ਉਮੀਦ ਜ਼ਾਹਿਰ ਕੀਤੀ ਕਿ ਵਿਸ਼ਵ ਅਮਨ ਦੀ ਸਲਾਮਤੀ ਲਈ ਇਹ ਫੈਸਲਾ ਆਧਾਰ ਭੂਮੀ ਬਣ ਸਕਦਾ ਹੈ। ਕਾਨਫਰੰਸ ਨੇ ਦੱਖਣੀ ਏਸ਼ੀਆਈ ਦੇਸ਼ਾਂ ਵਿਚਕਾਰ ਵਪਾਰ, ਖੇਡਾਂ, ਸਾਹਿਤ, ਸੰਗੀਤ, ਕਲਾ ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਵਧਾਉਣ ਉਪਰ ਵੀ ਜ਼ੋਰ ਦਿੱਤਾ।
ਕਾਨਫਰੰਸ ਵਿਚ ਡੈਲੀਗੇਟਾਂ ਨੇ ਇਹ ਗੱਲ ਵੀ ਸਾਂਝੀ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਬਾਰੇ ਟੀ.ਵੀ. ਪ੍ਰੋਗਰਾਮ ਪਾਕਿਸਤਾਨ ਵਿਚ ਸਭ ਤੋਂ ਵੱਧ ਵੇਖਿਆ ਗਿਆ ਹੈ। ਇਸ ਕਮਾਲ ਨੂੰ ਸੋਸ਼ਲ ਮੀਡੀਏ ਦੀ ਦੇਣ ਦੱਸਿਆ ਗਿਆ। ਇਕ ਡੈਲੀਗੇਟ ਨੇ ਦੱਸਿਆ ਕਿ ਪਾਕਿਸਤਾਨ ਦੀ 22 ਕਰੋੜ ਆਬਾਦੀ ‘ਚੋਂ 16 ਕਰੋੜ ਲੋਕਾਂ ਕੋਲ ਸਮਾਰਟ ਫੋਨ ਹਨ। ਇਨ੍ਹਾਂ ਸਮਾਰਟ ਫੋਨਾਂ ਨੂੰ ਗਿਆਨ ਦੇ ਲੜ ਲਾਉਣ ਦੀ ਜ਼ਰੂਰਤ ਹੈ। ਜੇਕਰ ਅਸੀਂ ਨਵੀਂ ਪੀੜ੍ਹੀ ਨੂੰ ਆਪਣੇ ਨਾਲ ਜੋੜਨਾ ਹੈ, ਤਾਂ ਉਨ੍ਹਾਂ ਦੇ ਮੁਹਾਵਰੇ ਵਿਚ ਗੱਲ ਕਰਨੀ ਪਵੇਗੀ। ਇਹ ਗੱਲ ਦੱਸਣੀ ਵੀ ਇਥੇ ਜਾਇਜ਼ ਹੋਵੇਗੀ ਕਿ ਪਾਕਿਸਤਾਨ ਸਰਕਾਰ ਵੱਲੋਂ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਸਾਰੇ ਜਾਣ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਿਚ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550 ਸਾਲਾ ਗੁਰਪੁਰਬ ਦੇ ਸਮਾਗਮਾਂ ਦੀ ਲੜੀ ਵਜੋਂ ਮਨਾਏ ਜਾ ਰਹੇ ਸਮਾਗਮਾਂ ਦੌਰਾਨ ਯੂਨੀਵਰਸਿਟੀ ਦੇ ਕਾਰਜ ਨੂੰ ਅੱਗੇ ਤੋਰਿਆ ਜਾਵੇਗਾ। ਕਾਨਫਰੰਸ ਨੇ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸੰਬੰਧ ਸੁਖਾਵੇਂ ਬਣਾਉਣ ਲਈ ਵਾਹਗਾ ਸਰਹੱਦ ਉਪਰ ਝੰਡੇ ਦੀ ਰਸਮ ਮੌਕੇ ਜਵਾਨਾਂ ਦੀ ਪਰੇਡ ਵੇਲੇ ਬਾਹੂਬਲ ਦਾ ਜ਼ਾਲਮਾਨਾ ਵਿਖਾਵਾ ਕਰਨ ਦੀ ਥਾਂ ਮੁਹੱਬਤ ਦਾ ਪੈਗਾਮ ਦੇਣ ਵਾਲੀਆਂ ਹਰਕਤਾਂ ਸ਼ੁਰੂ ਕਰਨ ਦਾ ਸੱਦਾ ਦਿੱਤਾ।
ਮਤੇ ਵਿਚ ਕਿਹਾ ਗਿਆ ਹੈ ਕਿ ਅਜਿਹੀਆਂ ਗੱਲਾਂ ਨਾਲ ਬਰਕਤਾਂ ਦਾ ਬੂਹਾ ਖੁੱਲ੍ਹੇਗਾ। ਕਾਨਫਰੰਸ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਪਾਕਿਸਤਾਨ ਦੇ ਪੰਜਾਬ ਰਾਜ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਪ੍ਰਾਇਮਰੀ ਪੱਧਰ ਤੋਂ ਇਕ ਵਿਰਸੇ ਦੇ ਤੌਰ ‘ਤੇ ਸ਼ੁਰੂ ਕੀਤੀ ਜਾਵੇ। ਇਸ ਨਾਲ ਯੂਨੀਵਰਸਿਟੀਆਂ ਵਿਚ ਪੰਜਾਬੀ ਪੜ੍ਹਨ ਲਈ ਮਿਆਰੀ ਪੱਧਰ ਦੇ ਵਿਦਿਆਰਥੀ ਮਿਲ ਸਕਣਗੇ। ਇਸ ਵੇਲੇ ਪਾਕਿਸਤਾਨੀ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਨਹੀਂ ਪੜ੍ਹਾਈ ਜਾ ਰਹੀ। ਭਾਵੇਂ ਪਾਕਿਸਤਾਨੀ ਪੰਜਾਬ ਵਿਚ ਵਸਦੇ ਕਈ ਕਰੋੜ ਪੰਜਾਬੀ ਆਪਣੇ ਮੂੰਹੋਂ ਮਾਖਿਓਂ ਮਿੱਠੀ ਪੰਜਾਬੀ ਬੋਲਦੇ ਤਾਂ ਹਨ, ਪਰ ਪੜ੍ਹ ਸਕਣਾ ਉਨ੍ਹਾਂ ਦੇ ਵੱਸ ਦਾ ਰੋਗ ਨਹੀਂ। ਕਿਉਂਕਿ ਉਥੇ ਮੁੱਢਲੇ ਪੱਧਰ ਤੋਂ ਸਿੱਖਿਆ ਦਾ ਮਾਧਿਅਮ ਉਰਦੂ ਹੈ। ਪਾਕਿਸਤਾਨ ਵਿਚ ਪੰਜਾਬੀ ਪਿਆਰੇ ਬੜੇ ਚਿਰ ਤੋਂ ਇਸ ਗੱਲ ਦੀ ਮੰਗ ਵੀ ਕਰਦੇ ਆ ਰਹੇ ਹਨ ਅਤੇ ਨਾਲ ਹੀ ਇਸ ਗੱਲ ਉਪਰ ਵੀ ਜ਼ੋਰ ਲਾਉਂਦੇ ਹਨ ਕਿ ਪੰਜਾਬੀ ਬੋਲੀ ਲਈ ਸ਼ਾਹਮੁਖੀ ਦੇ ਨਾਲ ਗੁਰਮੁਖੀ ਲਿਪੀ ਦੀ ਵਰਤੋਂ ਵੀ ਹੋਵੇ। ਪਾਕਿਸਤਾਨੀ ਪੰਜਾਬ ਵਿਚ ਪੰਜਾਬੀ ਦੇ ਹੱਕ ਵਿਚ ਇਕ ਨਵੀਂ ਲਹਿਰ ਉੱਠ ਰਹੀ ਹੈ ਅਤੇ ਕਾਨਫਰੰਸ ਵੱਲੋਂ ਸਾਰੇ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰਨ ਦੇ ਮਤੇ ਨੂੰ ਡੈਲੀਗੇਟਾਂ ਨੇ ਬੜੇ ਉਤਸ਼ਾਹ ਅਤੇ ਗੰਭੀਰਤਾ ਨਾਲ ਲਿਆ। ਕਾਨਫਰੰਸ ਵਿਚ ਭਾਰਤ ਅਤੇ ਪਾਕਿਸਤਾਨ ਹਕੂਮਤਾਂ ਵੱਲੋਂ ਸਿਰਫ ਕੁੱਝ ਸ਼ਹਿਰਾਂ ਤੱਕ ਹੀ ਸੀਮਤ ਵੀਜ਼ਾ ਜਾਰੀ ਕਰਨ ਦੀ ਨੀਤੀ ਨੂੰ ਵੀ ਬੜੀ ਗੰਭੀਰਤਾ ਨਾਲ ਵਿਚਾਰਿਆ ਗਿਆ। ਡੈਲੀਗੇਟਾਂ ਨੇ ਸੁਝਾਅ ਦਿੱਤਾ ਕਿ ਦੋਵੇਂ ਦੇਸ਼ ਯਾਤਰੂਆਂ ਨੂੰ ਸਿਰਫ ਕੁੱਝ ਸ਼ਹਿਰਾਂ ਤੱਕ ਸੀਮਤ ਰਹਿਣ ਵਾਲਾ ਵੀਜ਼ਾ ਜਾਰੀ ਕਰਨ ਦੀ ਬਜਾਏ ਕੌਮੀ ਵੀਜ਼ਾ ਨੀਤੀ ਅਪਣਾਉਣ, ਤਾਂਕਿ ਦੋਵਾਂ ਦੇਸ਼ਾਂ ਦਾ ਵੀਜ਼ਾ ਹਾਸਲ ਕਰਨ ਵਾਲਾ ਯਾਤਰੂ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਘੁੰਮ-ਫਿਰ ਸਕੇ।
1947 ਤੋਂ ਪਹਿਲਾਂ ਪੈਦਾ ਹੋਏ ਪੰਜਾਬੀਆਂ ਨੂੰ ਦੋਵਾਂ ਦੇਸ਼ਾਂ ਵਿਚ ਆਪਣੀ ਜੰਮਣ-ਭੋਇੰ ਵਿਖੇ ਜਾਣ ਲਈ ਸਨਮਾਨਯੋਗ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ ਗਈ। ਪਾਸ ਮਤੇ ਵਿਚ ਕਿਹਾ ਗਿਆ ਕਿ ਅਜਿਹੇ ਬਜ਼ੁਰਗ ਵਿਅਕਤੀਆਂ ਨੂੰ ਸਰਹੱਦ ਉਪਰ ਪਹੁੰਚਣ ਸਾਰ ਵੀਜ਼ਾ ਦੇਣ ਦੀ ਸਹੂਲਤ ਦਿੱਤੀ ਜਾਵੇ। ਕਾਨਫਰੰਸ ਨੇ ਦੋਹਾਂ ਦੇਸ਼ਾਂ ਨੂੰ ਇਹ ਵੀ ਸੁਝਾਅ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਚਾਰ ਦਿਵਸ ਸਮਾਗਮਾਂ ਵਿਚ ਦਰਬਾਰ ਲਾਹੌਰ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਅਤੇ ਪੰਜਾ ਸਾਹਿਬ ਵਿਖੇ ਵਿਸ਼ਵ ਪੱਧਰੀ ਕਵੀ ਸੰਮੇਲਨ ਕਰਵਾਏ ਜਾਣ, ਜਿਨ੍ਹਾਂ ਵਿਚ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਤੋਂ 25-25 ਸਿਰਕੱਢ ਕਵੀ ਸੱਦੇ ਜਾਣ ਅਤੇ ਹੋਰਨਾਂ ਮੁਲਕਾਂ ਤੋਂ ਵੀ ਕਵੀਆਂ ਨੂੰ ਸੱਦਿਆ ਜਾਵੇ। ਇਨ੍ਹਾਂ ਕਵੀ ਦਰਬਾਰਾਂ ਦੀਆਂ ਕਵਿਤਾਵਾਂ ਦੋਹਾਂ ਲਿੱਪੀਆਂ ਵਿਚ ਛਾਪ ਕੇ ਸੰਸਾਰ ਭਰ ਵਿਚ ਵੰਡਣ ਦਾ ਪ੍ਰਬੰਧ ਕੀਤਾ ਜਾਵੇ। ਅਸੀਂ ਕਹਿ ਸਕਦੇ ਹਾਂ ਕਿ ਵਿਸ਼ਵ ਅਮਨ ਅਤੇ ਪੰਜਾਬੀ ਕਾਨਫਰੰਸ ਵਿਚ ਜੁੜੇ ਲੋਕਾਂ ਵੱਲੋਂ ਪ੍ਰਗਟਾਈਆਂ ਭਾਵਨਾਵਾਂ ਜਿੱਥੇ ਪੰਜਾਬੀ ਬੋਲੀ ਦੇ ਵਿਕਾਸ ਲਈ ਸਾਰਥਿਕ ਹੋਣਗੀਆਂ। ਉਥੇ ਇਹ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸੰਬੰਧ ਸੁਧਾਰਨ ਅਤੇ ਅਮਨ, ਦੋਸਤੀ ਲਈ ਨੀਂਹ ਪੱਥਰ ਵੀ ਸਾਬਿਤ ਹੋ ਸਕਦੀਆਂ ਹੋ ਸਕਦੀਆਂ ਹਨ।
ਇਸ ਦੇ ਨਾਲ-ਨਾਲ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਨਾਲ ਦੋਵਾਂ ਦੇਸ਼ਾਂ ਵਿਚ ਨੇੜਤਾ ਵਧੇਗੀ। ਇਹ ਤਾਂ ਇਕ ਸ਼ੁਰੂਆਤੀ ਦੌਰ ਹੈ। ਆਉਣ ਵਾਲੇ ਸਮੇਂ ਵਿਚ ਭਾਰਤੀ ਸਿੱਖਾਂ ਨੂੰ ਉਨ੍ਹਾਂ ਦੇ ਧਾਰਮਿਕ ਅਸਥਾਨਾਂ ‘ਤੇ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ।
ਅਮਨ ਅਤੇ ਸ਼ਾਂਤੀ ਦਾ ਸੰਦੇਸ਼ ਸਾਹਿਤਕ ਗਤੀਵਿਧੀਆਂ ਨਾਲ ਹੋ ਸਕਦਾ ਹੈ। ਬਾਬਾ ਬੁੱਲ੍ਹੇ ਸ਼ਾਹ ਅਤੇ ਬਾਬਾ ਵਾਰਿਸ ਸ਼ਾਹ ਦੇ ਰਸਤੇ ਚੱਲਦਿਆਂ ਪੰਜਾਬੀ ਜ਼ੁਬਾਨ ਦਾ ਕੋਈ ਵਾਲ ਵਿੰਗਾ ਵੀ ਨਹੀਂ ਕਰ ਸਕਦਾ। ਸਾਡਾ ਵਿਰਸਾ ਬਹੁਤ ਗੌਰਵਸ਼ਾਲੀ ਹੈ। ਅਜਿਹੀਆਂ ਕਾਨਫਰੰਸਾਂ ਨਾਲ ਮਸਲੇ ਹੱਲ ਹੋਣ ਦੀ ਸੰਭਾਵਨਾ ਹੈ। ਮੁਹੱਬਤ ਦਾ ਸਿਲਸਿਲਾ ਜਾਰੀ ਰੱਖਣਾ ਚਾਹੀਦਾ ਹੈ। ਸੰਤ ਕਬੀਰ ਅਨੁਸਾਰ ‘ਅਵੱਲ ਅੱਲ੍ਹਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ£’ ਦੁਨੀਆਂ ਵਿਚ ਜਿੰਨੇ ਵੀ ਫਕੀਰ ਆਏ, ਉਨ੍ਹਾਂ ਨੇ ਵੀ ਅਮਨ ਦੀ ਹੀ ਗੱਲ ਕੀਤੀ ਹੈ। ਪਰ ਹਕੂਮਤਾਂ ਨੇ ਸਾਨੂੰ ਹਮੇਸ਼ਾ ਇਕ ਦੂਜੇ ਤੋਂ ਦੂਰ ਰੱਖਿਆ ਹੈ। ਭੂਗੋਲਿਕ ਸਰਹੱਦਾਂ ਨੇ ਸਾਨੂੰ ਇਕ ਦੂਜੇ ਤੋਂ ਕੀਤਾ ਹੈ। ਪਰ ਸਾਡਾ ਵਿਰਸਾ ਸਾਂਝਾ ਹੈ। ਸਾਲ 2019 ਸਿੱਖ ਕੌਮ ਲਈ ਬੜਾ ਮਹੱਤਵਪੂੱਰਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਨਵੰਬਰ ਮਹੀਨੇ ਵਿਚ ਆ ਰਿਹਾ ਹੈ। ਉਨ੍ਹਾਂ ਦਾ ਸੰਦੇਸ਼ ਵੀ ਵਿਸ਼ਵ ਅਮਨ ਦਾ ਸੀ। ਉਨ੍ਹਾਂ ਦੇ ਪੂਰਨਿਆਂ ‘ਤੇ ਚੱਲਦਿਆਂ ਹੋਇਆਂ ਸਾਨੂੰ ਇਕ ਦੂਜੇ ਨਾਲ ਨੇੜਤਾ ਵਧਾਉਣੀ ਜ਼ਰੂਰੀ ਹੈ।
ਇਹ ਮਸਲੇ ਇਕੱਲੇ ਗੱਲਾਂ ਨਾਲ ਹੱਲ ਨਹੀਂ ਹੋ ਸਕਦੇ। ਇਸ ਦੇ ਲਈ ਸਾਨੂੰ ਜ਼ਮੀਨੀ ਤੌਰ ‘ਤੇ ਕੰਮ ਕਰਨ ਦੀ ਲੋੜ ਹੈ। ਚੰਗਾ ਹੋਵੇ, ਜੇ ਅਜਿਹੀ ਕਾਨਫਰੰਸ ਨਵੰਬਰ 2019 ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ‘ਤੇ ਵੀ ਕਰਵਾਈ ਜਾਵੇ।