ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲਾ ਅੜਿੱਕੇ

ਸਾਨ ਫਰਾਂਸਿਸਕੋ, 18 ਨਵੰਬਰ (ਸੁਖਮਿੰਦਰ ਸਿੰਘ ਚੀਮਾ/ਪੰਜਾਬ ਮੇਲ)- ਬੀਤੇ 3 ਅਕਤੂਬਰ ਵਾਲੇ ਦਿਨ ਸਾਨ ਫਰਾਂਸਿਸਕੋ ਨੇੜੇ ਓਕਲੈਂਡ ਸ਼ਹਿਰ ਵਿਚ 45 ਸਾਲਾ ਪੰਜਾਬੀ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਹਤਿਆਰੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਆਈਸਕ੍ਰੀਮ ਵੇਚਣ ਵਾਲੇ ਜਸਬੀਰ ਸਿੰਘ ਨੂੰ ਪੀਚ ਸਟਰੀਟ ਉੱਪਰ ਉਸ ਵੇਲੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦ ਉਹ ਆਪਣੇ ਟਰੱਕ ਵਿਚ ਆਈਸਕ੍ਰੀਮ ਵੇਚ ਰਿਹਾ ਸੀ। ਪੁਲਿਸ ਨੇ ਚਸ਼ਮਦੀਦ ਗਵਾਹਾਂ ਤੋਂ ਪੁੱਛਗਿੱਛ ਪਿੱਛੋਂ ਜੋਇਵਨ ਲੋਪੇਜ਼ ਨੂੰ ਜਸਵੀਰ ਸਿੰਘ ਦਾ ਕਤਲ ਕਰਨ ਦੇ ਦੋਸ਼ ਹੇਠ ਨਾਮਜ਼ਦ ਕੀਤਾ ਸੀ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 23 ਸਾਲਾ ਲੋਪੇਜ਼ ਬਾਰੇ ਸੂਚਨਾ ਮਿਲਣ ‘ਤੇ ਪੁਲਿਸ ਨੇ ਪੱਛਮੀ ਓਕਲੈਂਡ ਦੇ ਇਕ ਘਰ ਵਿਚੋਂ ਉਸ ਨੂੰ ਗ੍ਰਿਫਤਾਰ ਕਰ ਲਿਆ। ਜਸਵੀਰ ਸਿੰਘ ਕੈਲੀਫੋਰਨੀਆ ਦੇ ਮੈਰਿਸਵਿਲੇ ਦਾ ਰਹਿਣ ਵਾਲਾ ਸੀ ਅਤੇ ਇਕ ਬੇਟੀ ਦਾ ਪਿਤਾ ਸੀ। ਉਹ 17 ਸਾਲ ਪਹਿਲਾਂ ਅਮਰੀਕਾ ਆਇਆ ਸੀ। ਜਸਵੀਰ ਸਿੰਘ ਤਕਰੀਬਨ ਡੇਢ ਦਹਾਕੇ ਤੋਂ ਇਸੇ ਇਲਾਕੇ ਵਿਚ ਆਈਸਕ੍ਰੀਮ ਵੇਚਣ ਦਾ ਕੰਮ ਕਰਦਾ ਸੀ ਅਤੇ ਬੱਚਿਆਂ ਤੇ ਪਰਿਵਾਰਾਂ ਵਿਚ ਬਹੁਤ ਹਰਮਨ ਪਿਆਰਾ ਸੀ। ਓਕਲੈਂਡ ਦੇ ਮੇਅਰ ਲਿਬੀ ਸਕਾਫ ਨੇ ਜਸਵੀਰ ਸਿੰਘ ਦੀ ਮੌਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਸੀ। ਜੋਇਵਨ ਲੋਪੇਜ਼ ਨੂੰ ਕਤਲ ਦੇ ਦੋਸ਼ ਹੇਠ ਚਾਰਜਸ਼ੀਟ ਕੀਤਾ ਗਿਆ ਹੈ ਅਤੇ ਉਸ ਨੂੰ ਅਲਾਮਡਾ ਕਾਊਂਟੀ ਦੀ ਡਿਸਟ੍ਰਿਕਟ ਕੋਰਟ ਵਿਚ ਪੇਸ਼ ਕੀਤਾ ਜਾਣਾ ਹੈ। ਪੁਲਿਸ ਅਨੁਸਾਰ ਉਸਦਾ ਅਪਰਾਧੀ ਪਿਛੋਕੜ ਹੈ ਅਤੇ ਉਸ ਨੇ ਜਸਵੀਰ ਸਿੰਘ ਨੂੰ ਲੁੱਟਣ ਦੀ ਨੀਅਤ ਨਾਲ ਗੋਲੀ ਮਾਰੀ ਸੀ ਪਰ ਬਾਅਦ ਵਿਚ ਉਹ ਬਿਨ੍ਹਾਂ ਕਿਸੇ ਲੁੱਟ ਦੇ ਹੀ ਫਰਾਰ ਹੋ ਗਿਆ ਸੀ। ਜੇਕਰ ਉਹ ਦੋਸ਼ੀ ਪਾਇਆ ਗਿਆ, ਤਾਂ ਉਸ ਨੂੰ ਜਸਵੀਰ ਸਿੰਘ ਦੇ ਕਤਲ ਲਈ ਪੂਰੀ ਜ਼ਿੰਦਗੀ ਜੇਲ੍ਹ ‘ਚ ਗੁਜ਼ਾਰਨੀ ਪੈ ਸਕਦੀ ਹੈ।
There are no comments at the moment, do you want to add one?
Write a comment