ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ‘‘ਕਿਸਾਨ ਸੰਘਰਸ ਦਾ ਸਿਧਾਂਤਕ ਪਿੜ: ਪੰਜਾਬੀ ਇਤਿਹਾਸ ਵਿਚ ਸਿੱਖ ਲਹਿਰ ਅਤੇ ਮਾਰਕਸਵਾਦ’’ ਵਿਸ਼ੇ ’ਤੇ ਕਰਵਾਇਆ ਵੈਬੀਨਾਰ

132
Share

ਕਿਸਾਨੀ ਅੰਦੋਲਨ ਨੇ ਰਾਜਨੀਤੀ ਦੇ ਨਾਲ-ਨਾਲ ਇੱਕ ਨੈਤਿਕ ਮੁਹਾਵਰੇ ਨੂੰ ਮੁੜ ਤੋਂ ਅਰਥ ਦਿੱਤੇ ਹਨ- ਡਾ. ਸੁਮੇਲ ਸਿੰਘ ਸਿੱਧੂ
ਲੰਡਨ, 21 ਜਨਵਰੀ (ਨਰਪਾਲ ਸਿੰਘ ਸ਼ੇਰਗਿੱਲ/ਪੰਜਾਬ ਮੇਲ)- ਪੰਜਾਬ ਦੇ ਵਿਚਾਰਕ ਇਤਿਹਾਸਕਾਰ ਅਤੇ ‘ਅਦਾਰਾ 23 ਮਾਰਚ’ ਦੇ ਡਾਇਰੈਕਟਰ ਡਾ. ਸੁਮੇਲ ਸਿੰਘ ਸਿੱਧੂ ਨੇ ‘‘ਕਿਸਾਨ ਸੰਘਰਸ ਦਾ ਸਿਧਾਂਤਕ ਪਿੜ: ਪੰਜਾਬੀ ਇਤਿਹਾਸ ਵਿਚ ਸਿੱਖ ਲਹਿਰ ਅਤੇ ਮਾਰਕਸਵਾਦ’’ ਵਿਸ਼ੇ ’ਤੇ ਕਰਵਾਏ ਗਏ ਅੰਤਰਰਾਸ਼ਟਰੀ ਵੈਬੀਨਾਰ ’ਚ ਕਿਹਾ ਕਿ ਕਿਸਾਨ ਅੰਦੋਲਨ ਨੇ ਸਾਂਝੀ ਲੜਾਈ ਲਈ ਉੱਦਮ ਕਰਕੇ ਬਿਲਕੁਲ ਨਵੀਂ ਮਿਸਾਲ ਪੈਦਾ ਕੀਤੀ ਹੈ। ਇਹ ਸੂਝ ਕਿੱਥੋਂ ਆਈ? ਇਸ ਨੇ 1981 ਵਾਲੇ ਕਪੂਰੀ ਦੇ ਮੋਰਚੇ ਦੀ ਵੀ ਯਾਦ ਤਾਜ਼ਾ ਕੀਤੀ ਹੈ। ਇਸ ਨੇ ਆਰਥਿਕ ਮੰਗਾਂ, ਰਾਜਨੀਤਿਕ ਸਮਝਦਾਰੀ ਨਾਲੋਂ ਵੀ ਵੱਧ ਇੱਕ ਨੈਤਿਕ ਸਵਾਲ ਖੜ੍ਹਾ ਕੀਤਾ ਹੈ, ਜਿਸ ਕਰਕੇ ਹਰੇਕ ਪੰਜਾਬੀ ਕਹਾਉਣ ਵਾਲੇ ਲਈ ਇਸ ਮੋਰਚੇ ਦਾ ਸਮਰਥਨ ਕਰਨਾ ਜ਼ਰੂਰੀ ਹੋ ਗਿਆ ਹੈ। ਕਿਸਾਨੀ ਅੰਦੋਲਨ ਨੇ ਰਾਜਨੀਤੀ ਦੇ ਨਾਲ-ਨਾਲ ਇੱਕ ਨੈਤਿਕ ਮੁਹਾਵਰੇ ਨੂੰ ਮੁੜ ਤੋਂ ਅਰਥ ਦਿੱਤੇ ਹਨ। ਇਸ ਮੁਹਾਵਰੇ ਵਿਚ ਪੰਜਾਬੀ ਇਤਿਹਾਸ ਦੀਆਂ ਸਮਾਜਿਕ-ਵਿਚਾਰਕ ਤਹਿਆਂ ਦੀ ਪਛਾਣ ਹੋਣੀ ਸ਼ੁਰੂ ਹੁੰਦੀ ਹੈ।
ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ਗੁਰਮੀਤ ਸਿੰਘ ਪਲਾਹੀ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਵੈਬੀਨਾਰ ਵਿਚ ਅੱਗੋਂ ਬੋਲਦਿਆਂ ਇਤਿਹਾਸਕਾਰ ਡਾ. ਸੁਮੇਲ ਸਿੰਘ ਨੇ ਕਿਹਾ ਕਿ ਮਾਰਕਸਵਾਦ ਅਤੇ ਸਿੱਖ ਲਹਿਰ ਦੀ ਸਾਂਝ ਇਹ ਹੈ ਕਿ ਸਿੱਖੀ ਨੇ ਸਾਨੂੰ ਇਤਿਹਾਸਿਕ ਹਵਾਲੇ ਦਿੱਤੇ ਹਨ, ਸਿਧਾਂਤਿਕ ਚੌਖਟਾ ਦਿੱਤਾ ਹੈ ਅਤੇ ਸਿੱਖੀ ਨੇ ਪੰਜਾਬ ਵਿਚ ਕਾਫੀ ਮਜ਼ਬੂਤ, ਵਿਸ਼ਾਲ ਅਤੇ ਸਫ਼ਲ ਸਾਂਝੀਆਂ ਲੋਕ ਲਹਿਰਾਂ ਸਿਰਜੀਆਂ ਹਨ। ਮਾਰਕਸਵਾਦ ਸਾਡੇ ਕੋਲ 20ਵੀਂ ਸਦੀ ਦੇ ਦੂਜੇ ਦਹਾਕੇ ਵਿਚ ਆਇਆ। ਪੰਜਾਬ ਵਿਚ ਸਿੱਖੀ ਮਸਲਿਆਂ ’ਤੇ ਕੇਂਦਰਿਤ ਅਕਾਲੀ ਲਹਿਰ ਦੇ ਦੌਰਾਨ ਮੁੱਖ ਤੌਰ ਉੱਤੇ ਕਿਸਾਨੀ ਹੀ ਸ਼ਾਮਲ ਸੀ। ਇਸ ਨਾਲ ਕਿਸਾਨੀ ਨੂੰ ਰਾਜਨੀਤਿਕ ਚੇਤਨਾ ਮਿਲੀ। ਪੰਜਾਬ ਦੀ ਖੱਬੇ ਪੱਖੀ ਲਹਿਰ ਦਾ ਮੁੱਢਲਾ ਪੜਾਅ ਵੀ ਇਨ੍ਹਾਂ ਲਹਿਰਾਂ ਤੋਂ ਹਾਸਲ ਹੋਇਆ ਅਨੁਭਵ ਸੀ। ਪ੍ਰੰਤੂ ਸੋਵੀਅਤ ਯੂਨੀਅਨ ’ਚ ਸਟਾਲਿਨ ਦੇ ਹਾਵੀ ਹੋ ਜਾਣ ਨਾਲ ਪੰਜਾਬ ਦੇ ਖੱਬੇ ਪੱਖੀ ਨੇਤਾ ਮਕਾਨਕੀ ਢੰਗ ਦੇ ‘ਸ਼ੁੱਧ’ ਮਾਰਕਸਵਾਦੀ ਬਣਦੇ ਗਏ ਅਤੇ ਪੰਜਾਬ ਦੇ ਇਤਿਹਾਸਕ ਅਨੁਭਵ ’ਚੋਂ ਵਿਚਾਰਕ-ਸਿਆਸੀ ਚੇਤਨਾ ਹਾਸਲ ਕਰਨ ਦੀ ਥਾਂ ਬਣੇ-ਬਣਾਏ ਫਾਰਮੂਲਿਆਂ ਤੇ ਟੇਕ ਰੱਖਣ ਲੱਗੇ। ਸਿੱਖ ਮਸਲਿਆਂ ਤੋਂ ਕਿਨਾਰਾ ਕਰਨਾ ‘ਸ਼ੁੱਧ’ ਸਿੱਖਾਂ ਨੂੰ ਵੀ ਰਾਸ ਆ ਗਿਆ। ਇਸ ਤਰਾਂ ਸਟਾਲਿਨਵਾਦ ਦੇ ਪ੍ਰਭਾਵ ਹੇਠ ਖੱਬੇ ਪੱਖੀ ਲਹਿਰ ਸਿੱਖੀ ਦੇ ਇਨਕਲਾਬੀ ਰੂਪਾਂਤਰਣ ਦੀ ਸਿਆਸੀ ਪ੍ਰਕਿਰਿਆ ਤੋਂ ਵਾਂਝੀ ਹੋ ਗਈ। ਗ਼ਦਰ ਲਹਿਰ ਦਾ ਚਿੰਤਨੀ ਇਨਕਲਾਬੀ ਖ਼ਾਸਾ ਹੌਲੀ-ਹੌਲੀ ਭੁਲਾ ਦਿੱਤਾ ਗਿਆ। ਅੱਜ ਵੀ ਅਸੀਂ ਸਿੱਖੀ ਦੇ ਸਾਂਝੀਵਾਲ ਇਨਕਲਾਬੀ ਖਾਸੇ ਨੂੰ ਮਸਨੂਈ ਧਰਮ ਨਿਰਪੱਖਤਾ, ਸਮਾਜਵਾਦ ਅਤੇ ਆਧੁਨਿਕਤਾਵਾਦ ਆਦਿ ਦੇ ਨਾਮ ਹੇਠ ਵਿਸਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਟਾਲਿਨਵਾਦ ਨੇ ਮਾਰਕਸਵਾਦ ਦੀ ਬੜੀ ਹੀ ਗ਼ਲਤ ਵਿਆਖਿਆ ਕੀਤੀ। ਉਨ੍ਹਾਂ ਮੁਤਾਬਕ ਸਿੱਖ ਸੰਘਰਸ਼ ਇਤਿਹਾਸਕ ਅਮਲ ਵਿਚ ਵਰਗ ਸੰਘਰਸ਼ ਦੇ ਬਹੁਤ ਨੇੜੇ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਕਿਸਾਨੀ ਸੰਘਰਸ਼ ਨੇ ਰਵਾਇਤੀ ਬੁੱਧੀਜੀਵੀਆਂ ਨੂੰ ਛੱਡ ਕੇ ਆਪਣੇ ਬੁੱਧੀਜੀਵੀ ਪੈਦਾ ਕਰ ਦੇਣੇ ਹਨ ਅਤੇ ਇਹੀ ਇੱਕ ਸਫ਼ਲ ਅੰਦੋਲਨ ਦਾ ਖ਼ਾਸਾ ਹੁੰਦਾ ਹੈ।
ਵੈਬੀਨਾਰ ’ਚ ਹੋਈ ਚਰਚਾ ਦੀ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਮੀਡੀਆ ਕੋਆਰਡੀਨੇਟਰ ਨਰਪਾਲ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਬਰਤਾਨੀਆ ਤੋਂ ਪ੍ਰੋ. ਰਣਜੀਤ ਧੀਰ ਦਾ ਵਿਚਾਰ ਸੀ ਕਿ ਪੰਜਾਬੀ ਜੀਵਨ ਜਾਚ ਵਿਚ ਚੜ੍ਹਦੀ ਕਲਾ ਵਾਲਾ ਬਿੰਬ ਬਹੁਤ ਹੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਸਿੱਖੀ ਵਿਰਸਾ, ਆਰਥਿਕ ਇਨਕਲਾਬ ਦੇ ਨਾਲ ਕਦੇ ਵੀ ਨੈਤਿਕਤਾ ਦਾ ਪੱਲਾ ਨਹੀਂ ਛੱਡਦਾ। ਸਾਬਕਾ ਵਾਈਸ ਚਾਂਸਲਰ ਡਾ. ਐੱਸ.ਪੀ. ਸਿੰਘ ਨੇ ਕਿਹਾ ਕਿ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸਾਨੀ ਲਹਿਰ ਦੀਆਂ ਕੀਤੀਆਂ ਹੋਈਆਂ ਤਬਦੀਲੀਆਂ ਸਥਾਈ ਪ੍ਰਭਾਵ ਪਾਉਣ। ਬਰਤਾਨੀਆ ਤੋਂ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿਚੋਂ ਇੱਕ ਜਥੇਬੰਦਕ ਲਹਿਰ ਨਿਕਲਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜਾ ਅਨੁਸ਼ਾਸਨ ਦਿੱਲੀ ਵਿਚ ਵਿਖਾਇਆ ਜਾ ਰਿਹਾ ਹੈ, ਉਸ ਨੂੰ ਅੱਗੇ ਵੀ ਕਾਇਮ ਰੱਖਣ ਦੀ ਲੋੜ ਹੈ। ਜਰਮਨੀ ਤੋਂ ਕੇਹਰ ਸ਼ਰੀਫ਼ ਨੇ ਕਿਹਾ ਕਿ ਸਿਆਸੀ ਖਿਡਾਰੀਆਂ ਅਤੇ ਸੰਕੀਰਨਤਾਵਾਦੀ ਲੋਕਾਂ ਨੇ ਕਿਰਤੀਆਂ ਨੂੰ ਪਾੜ ਕੇ ਰੱਖਿਆ ਹੋਇਆ ਹੈ। ਚਰਚਾ ਵਿਚ ਮਲਵਿੰਦਰ ਸਿੰਘ ਮਾਲੀ, ਡਾ. ਲਕਸ਼ਮੀ ਨਰਾਇਣ, ਮਨਦੀਪ ਸਿੰਘ ਨੇ ਵੀ ਸਵਾਲ ਉਠਾਏ, ਜਿਨ੍ਹਾਂ ਸਬੰਧੀ ਡਾ. ਸੁਮੇਲ ਸਿੰਘ ਸਿੱਧੂ ਨੇ ਭਾਵਪੂਰਤ ਜਵਾਬ ਦਿੱਤੇ। ਇਸ ਵੈਬੀਨਾਰ ਵਿਚ ਹੋਰਨਾਂ ਤੋਂ ਬਿਨ੍ਹਾਂ ਪ੍ਰੋ. ਰਣਜੀਤ ਧੀਰ ਯੂ.ਕੇ., ਗੁਰਚਰਨ ਸਿੰਘ ਨੂਰਪੁਰ, ਗੁਰਮੀਤ ਸਿੰਘ ਪਲਾਹੀ, ਕੇਹਰ ਸ਼ਰੀਫ਼ ਜਰਮਨੀ, ਗੁਰਦੀਪ ਬੰਗੜ ਯੂ.ਕੇ., ਡਾ. ਐੱਸ.ਪੀ. ਸਿੰਘ, ਡਾ. ਚਰਨਜੀਤ ਸਿੰਘ ਗੁੰਮਟਾਲਾ, ਪਰਵਿੰਦਰਜੀਤ ਸਿੰਘ, ਡਾ. ਲਕਸ਼ਮੀ ਨਰਾਇਣ, ਵਰਿੰਦਰ ਸ਼ਰਮਾ ਐੱਮ.ਪੀ. ਯੂ.ਕੇ., ਡਾ. ਗੁਰਨਾਮ ਸਿੰਘ ਯੂ.ਕੇ., ਗਿਆਨ ਸਿੰਘ ਡੀ.ਪੀ.ਆਰ.ਓ., ਗੁਰਪ੍ਰੀਤ ਭੱਠਲ, ਮਲਵਿੰਦਰ ਸਿੰਘ ਮਾਲੀ, ਸੰਦੀਪ ਚੌਧਰੀ, ਬੰਸੋ ਦੇਵੀ, ਰਵਿੰਦਰ ਚੋਟ, ਐਡਵੋਕੇਟ ਸੰਤੋਖ ਲਾਲ ਵਿਰਦੀ, ਮਨਦੀਪ ਸਿੰਘ, ਮਲਕੀਤ ਅੱਪਰਾ, ਜੀ.ਐੱਸ.ਗੁਰਦਿੱਤ, ਜੈਕ ਸਰਾ, ਸੁਰਿੰਦਰ, ਨਿਰਮਲ ਸਿੰਘ ਆਦਿ ਹਾਜ਼ਰ ਸਨ।

Share