ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ”ਨਵੀਆਂ ਸਿਆਸੀ ਸਮੀਕਰਨਾਂ ਸਿਰਜਦਾ-ਕਿਸਾਨੀ ਸੰਘਰਸ਼” ਵਿਸ਼ੇ ‘ਤੇ ਕਰਵਾਇਆ ਵੈਬੀਨਾਰ

209
Share

-ਕਿਸਾਨੀ ਸੰਘਰਸ਼ ਨੇ ਪੰਜਾਬ ਦੀ ‘ਉੜਤਾ ਪੰਜਾਬ’ ਵਾਲੀ ਦਿਖ ਨੂੰ ਮਿਟਾ ਕੇ ਇਸ ਦੀ ਸੰਘਰਸ਼ੀ ਦਿੱਖ ਨੂੰ ਸੰਸਾਰ ਅੱਗੇ ਪੇਸ਼ ਕੀਤਾ ਹੈ : ਡਾ: ਬਲਕਾਰ ਸਿੰਘ
-ਪੰਜਾਬ ਦੀ ਜੇਤੂ ਸੁਰ ਵਾਲੇ ਕਿਸਾਨ ਸੰਘਰਸ਼ ਨੇ ਪੰਜਾਬ ਦੀ ਪੱਗ ਮੋੜ ਲਿਆਂਦੀ ਹੈ : ਪੱਤਰਕਾਰ ਮੰਚ
ਫਗਵਾੜਾ, 9 ਦਸੰਬਰ (ਪੰਜਾਬ ਮੇਲ)-ਕਿਸਾਨੀ ਸੰਘਰਸ਼ ਨੇ ਪੰਜਾਬ ਦੀ ‘ਉੜਤਾ ਪੰਜਾਬ’ ਵਾਲੀ ਦਿਖ ਨੂੰ ਮਿਟਾ ਕੇ ਇਸ ਦੀ ਸੰਘਰਸ਼ੀ ਦਿੱਖ ਨੂੰ ਸੰਸਾਰ ਅੱਗੇ ਪੇਸ਼ ਕੀਤਾ ਹੈ। ਇਹ ਸੰਘਰਸ਼ ਥੋਪੀ ਹੋਈ ਚੁੱਪ ਦਾ ਸਮਾਧਾਨ ਬਣਕੇ ਸਾਹਮਣੇ ਆਇਆ ਹੈ। ਪੰਜਾਬ ਵੰਡ ਦਰ ਵੰਡ ਦਾ ਸ਼ਿਕਾਰ ਹੁੰਦਾ ਰਿਹਾ ਹੈ। ਪੰਜਾਬ ਦਾ ਜੇਤੂ ਪੱਖ ਖ਼ੁੱਸ ਰਿਹਾ ਸੀ। ਪਰ ਇਸ ਕਿਸਾਨੀ ਸੰਘਰਸ਼ ਨੇ ਮੁੜਕੇ ਚੜ੍ਹਦੀ ਕਲਾ ਵਾਲੇ ਖਾਸੇ ਨੂੰ ਪ੍ਰਚੰਡ ਕੀਤਾ ਹੈ, ਕਿਉਂਕਿ ਪੰਜਾਬ ਨੇ ਇਥੇ ਉੱਠਣ ਵਾਲੀਆ ਸਾਰੀਆਂ ਲਹਿਰਾਂ ਨੂੰ ਸਕਰਾਤਮਕ ਤਰੀਕੇ ਨਾਲ ਲੈ ਕੇ ਉਨ੍ਹਾਂ ਦਾ ਜੁਵਾਬ ਦਿੱਤਾ ਹੈ। ਪੰਜਾਬ ਦਾ ਹਮੇਸ਼ਾ ਜੇਤੂ ਸੱਭਿਆਚਾਰ ਰਿਹਾ ਹੈ। ਇਹੀ ਉਘੜ ਕੇ ਹੁਣ ਸਾਹਮਣੇ ਆਇਆ ਹੈ। ਇਸ ਸੱਭਿਆਚਾਰ ਦੀ ਸ਼ੁਰੂਆਤ ਸਾਡੇ ਬਾਬੇ ਨਾਨਕ ਨੇ ਕੀਤੀ ਸੀ। ਖੇਤੀ ਸਬੰਧੀ ਕਾਨੂੰਨਾਂ ਨੇ ਪੰਜਾਬ ਦੇ ਪਰਜਾਤੰਤਰਿਕ ਢਾਂਚੇ ਨੂੰ ਵੰਗਾਰਿਆ ਹੈ। ਇਹ ਵਿਚਾਰ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ਅੱਜ ਦੇ ਭੱਖਦੇ ਮੁੱਦੇ ‘ਤੇ ਮੰਚ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ‘ਚ ”ਨਵੀਆਂ ਸਿਆਸੀ ਸਮੀਕਰਨਾਂ ਸਿਰਜਦਾ-ਕਿਸਾਨੀ ਸੰਘਰਸ਼” ਵਿਸ਼ੇ ‘ਤੇ ਦੇਸ਼-ਵਿਦੇਸ਼ ਵਿਚ ਬੈਠੇ ਮੰਚ ਦੇ ਮੈਂਬਰਾਂ ਅਤੇ ਸਹਿਯੋਗੀਆਂ ਰਾਹੀਂ ਕਰਵਾਏ ਵੈਬੀਨਾਰ ਵਿਚ ਮੁੱਖ ਬੁਲਾਰੇ ਡਾ. ਬਲਕਾਰ ਸਿੰਘ ਨੇ ਕਹੇ। ਉਨ੍ਹਾਂ ਅੱਗੇ ਬੋਲਦਿਆਂ ਦੱਸਿਆਂ ਕਿ ਇਸ ਪੰਜਾਬ ਦਾ ਸੱਭਿਆਚਾਰ ਮੁੱਢ ਤੋਂ ਗਲੋਬਲ ਰਿਹਾ ਹੈ। ਹੁਣ ਵੀ ਇਹ ਕਿਸਾਨੀ ਸੰਘਰਸ਼ ਜਾਤਾਂ, ਮਜ਼ਹਬਾਂ, ਅਮੀਰ-ਗਰੀਬ ਤੋਂ ਉਪਰ ਉੱਠ ਕੇ ਲੜਿਆ ਜਾ ਰਿਹਾ ਹੈ। ਇਸ ਲਹਿਰ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਆਪਣਾ ਵਿਅਕਤੀਗਤ ਖਾਸਾ ਛੱਡ ਇਕੱਠੇ ਹੋਣ ਲਈ ਮਜਬੂਰ ਕਰ ਦਿੱਤਾ ਹੈ। ਇਹ ਇਸ ਦੀ ਵੱਡੀ ਪ੍ਰਾਪਤੀ ਹੈ। ਉਹ ਲੋਕ ਇਸ ਨੂੰ ‘ਮੇਲੇ’ ਦੇ ਤੌਰ ‘ਤੇ ਨਹੀਂ ਲੈ ਰਹੇ, ਸਗੋਂ ‘ਮੇਲ’ (ਮੇਲ-ਮਿਲਾਪ) ਦੇ ਤੌਰ ‘ਤੇ ਲੈ ਰਹੇ ਹਨ। ਪੰਜਾਬ ਦੀ ਜੇਤੂ ਸੁਰ ਵਾਲੇ ਇਸ ਸੰਘਰਸ਼ ਨੇ ਕਿਸਾਨ ਦੀ ਪੱਗ ਮੋੜ ਲਿਆਂਦੀ ਹੈ। ਪੰਜਾਬ ਇਸ ਵਿਚ ਸਾਰੇ ਦੇਸ਼ ਦੇ ਕਿਸਾਨਾਂ ਦੀ ਅਗਵਾਈ ਕਰ ਰਿਹਾ ਹੈ। ਇਹ ਲੜਾਈ ਸਿਰਫ਼ ਦਿਮਾਗ ਨਾਲ ਹੀ ਨਹੀਂ, ਸਗੋਂ ਰੂਹ ਨਾਲ ਲੜੀ ਜਾ ਰਹੀ ਹੈ। ਇਸ ਦੀਆਂ ਪ੍ਰਾਪਤੀਆਂ ਬਾਅਦ ਵਿਚ ਸਾਹਮਣੇ ਆਉਣਗੀਆਂ, ਜਿਨ੍ਹਾਂ ਦਾ ਪ੍ਰਭਾਵ ਮੁਹੱਬਤੀ ਸਿਆਸੀ ਸਮੀਕਰਨਾਂ ਸਿਰਜਣ ਵੱਲ ਤੁਰੇ ਕਿਸਾਨੀ ਸੱਭਿਆਚਾਰ ਮੱਧ ਵਰਗੀ ਸੋਚ ਹੈ, ਜਿਹੜੀ ਕਿ ਹਮੇਸ਼ਾ ਵਿਚਕਾਰਲਾ ਰਸਤਾ ਅਖਤਿਆਰ ਕਰਦੀ ਆਈ ਹੈ। ਇਸ ਸੋਚ ਵਿਚ ਅਮੀਰੀ-ਗਰੀਬੀ ਦਾ ਸੱਭਿਆਚਾਰਕ ਫ਼ਾਸਲਾ ਘੱਟਦਾ ਜਾਂਦਾ ਹੈ। ਇਹ ਉਲਾਰ ਸੋਚ ਨਹੀਂ ਹੈ। ਹੁਣ ਦਾ ਸੰਘਰਸ਼ ਵੀ ਬੈਲਿੰਸਡ ਵਰਤਾਰਾ ਹੈ, ਜੋ ਕਿ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ। ਇਸ ਦੀ ਕਾਮਯਾਬੀ ਵੀ ਇੱਕ ਸੱਭਿਆਚਾਰਕ ਲੋੜ ਹੈ, ਕਿਉਂਕਿ ਇਸ ਦਾ ਅਜੰਡਾ ਦਿਮਾਗ ਨੇ ਨਹੀਂ, ਸਗੋਂ ਰੂਹ ਨੇ ਘੜਿਆ ਹੈ। ਸਾਂਝੇ ਅਜੰਡੇ ‘ਤੇ ਲੜਿਆ ਜਾ ਰਿਹਾ ਸੰਘਰਸ਼ ਚੜ੍ਹਦੀ ਕਲਾ ਵਾਲਾ ਹੈ ਅਤੇ ਸਿਆਸੀ ਪਾਰਟੀਆਂ ਸਾਰਾ ਸੰਘਰਸ਼ ਸ਼ਾਂਤਮਈ ਅਤੇ ਸਰਬਸਾਂਝਾ ਹੈ, ਇਸ ਨੇ ਗੁਰਦੁਆਰਾ ਲਹਿਰ ਦੀ ਤਰ੍ਹਾਂ ਸਭ ਵਰਗਾਂ ਨੂੰ ਇਕੱਠਾ ਕਰ ਦਿੱਤਾ ਹੈ। ਇਹ ਸਿਆਸੀ ਪਾਰਟੀਆਂ ਲਈ ਇੱਕ ਸਬਕ ਹੈ। ਇੱਕ ਮੁਹੱਬਤੀ ਰਾਜਨੀਤੀ ਪੈਦਾ ਹੋਣ ਲਈ ਪਲੇਟਫਾਰਮ ਬਣ ਸਕਦਾ ਹੈ। ਉਨ੍ਹਾਂ ਇਹ ਵੀ ਆਸ ਪ੍ਰਗਟ ਕੀਤੀ ਕਿ ਇਸੇ ਦੇ ਸਿੱਟੇ ਪੰਜਾਬ ਦਾ ਨਾਮ ਉੱਚਾ ਕਰਨਗੇ। ਇਸ ਵਿਚਾਰ ਚਰਚਾ ਵਿਚ ਸ਼ਾਮਲ ਡਾ. ਐੱਸ.ਪੀ. ਸਿੰਘ ਅਤੇ ਡਾ. ਹਰਜਿੰਦਰ ਵਾਲੀਆ ਨੇ ਕਿਹਾ ਕਿ ਇਹ ਲਹਿਰ ਨਵੀਂ ਲੀਡਰਸ਼ਿਪ ਪੈਦਾ ਕਰਨ ਦੇ ਸਮਰੱਥ ਹੈ। ਇਹ ਰਾਜਸੀ ਪਾਰਟੀਆਂ ਦੇ ਆਪਸੀ ਗੈਪ ਨੂੰ ਪ੍ਰਭਾਵਤ ਕਰੇਗੀ। ਇਸਨੂੰ ਘੱਟ ਕਰੇਗੀ। ਇਸ ਲਹਿਰ ਦਾ ਵਧੀਆ ਪੱਖ ਇਹ ਹੈ ਕਿ ਇਥੇ ਕਿਸੇ ਵੀ ਸਿਆਸੀ ਪਾਰਟੀ ਨੂੰ ਅੱਗੇ ਨਹੀਂ ਆਉਣ ਦਿੱਤਾ ਗਿਆ। ਸਿਆਸੀ ਪਾਰਟੀਆਂ ਇਨ੍ਹਾਂ ਦੇ ਅਜੰਡੇ ਤੇ ਵਰਤਾਰੇ ਨੂੰ ਪ੍ਰਭਾਵਤ ਨਹੀਂ ਕਰ ਸਕੀਆਂ। ਪੰਜਾਬ ਨੂੰ ‘ਉੜਤਾ ਪੰਜਾਬ’ ਕਹਿਣ ਵਾਲਿਆਂ ਲਈ ਕਰਾਰਾ ਜਵਾਬ ਬਣ ਕੇ ਪੇਸ਼ ਹੋਇਆ ਹੈ। ਇਸ ਲਹਿਰ ਨੇ ਗਾਂਧੀ ਦੀ ਨਾ ਮਿਲਵਰਤਨ ਦੀ ਲਹਿਰ ਦੀ ਯਾਦ ਤਾਜ਼ਾ ਕਰ ਦਿੱਤੀ ਹੈ। ਇਸ ਦੀ ਵਾਗਡੋਰ ਸੁਲਝੀ ਹੋਈ ਲੀਡਰਸ਼ਿਪ ਦੇ ਹੱਥਾਂ ਵਿਚ ਹੈ। ਇਸੇ ਤਰ੍ਹਾਂ ਡਾ. ਆਸਾ ਸਿੰਘ ਘੁੰਮਣ ਅਤੇ ਮਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਅੰਨਦਾਤਾ ਦੀ ਪਹਿਲਾ ਵਾਲੀ ਦਿੱਖ ਫਿਰ ਸਾਹਮਣੇ ਆਈ ਹੈ। ਇਸ ਲਹਿਰ ਨੇ ਫੈਡਰਲ ਢਾਂਚੇ ਦਾ ਮੁੱਦਾ ਫਿਰ ਉਭਾਰਿਆ ਹੈ। ਵਰਿੰਦਰ ਸ਼ਰਮਾ ਐੱਮ.ਪੀ. ਅਤੇ ਪ੍ਰੋ. ਰਣਜੀਤ ਧੀਰ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਸ ਲਈ ਇਨ੍ਹਾਂ ਕਾਨੂੰਨਾਂ ਤੋਂ ਡਰ ਵਾਜਿਬ ਹੈ। ਕਿਸਾਨ ਨੇਤਾਵਾਂ ਨੇ ਪੂਰੀ ਪ੍ਰਪੱਕਤਾ ਦਿਖਾਈ ਹੈ। ਡਾ. ਗਿਆਨ ਸਿੰਘ, ਡਾ. ਲਕਸ਼ਮੀ ਨਰਾਇਣ ਭੀਖੀ ਅਤੇ ਡਾ. ਨਰਿੰਦਰਜੀਤ ਸੋਢੀ ਨੇ ਆਖਿਆ ਕਿ ਇਹ ਸੰਘਰਸ਼ ਆਰਥਿਕ ਸੁਧਾਰ ਲਈ ਹੈ। ਆਰਥਿਕ ਵਿਕਾਸ ਮਾਡਲ ਨੂੰ ਸੋਧਣ ਦੀ ਲੋੜ ਹੈ। ਲਹਿਰ ਨੇ ਜਨਤਕ ਲਹਿਰ ਦਾ ਰੂਪ ਧਾਰਨ ਕੀਤਾ ਹੈ। ਐਡਵੋਕੇਟ ਐੱਸ.ਐੱਲ. ਵਿਰਦੀ ਨੇ ਵਿਚਾਰ ਦਿੱਤਾ ਕਿ ਇਹ ਲਹਿਰ ਪੰਜਾਬ ਤੋਂ ਸ਼ੁਰੂ ਹੋ ਕੇ ਸਾਰੇ ਦੇਸ਼ ਦਾ ਸੰਘਰਸ਼ ਬਣ ਗਿਆ ਹੈ। ਕੇਹਰ ਸ਼ਰੀਫ, ਰਵਿੰਦਰ ਸਹਿਰਾਅ ਅਤੇ ਜਗਦੀਪ ਕਾਹਲੋਂ ਅਨੁਸਾਰ ਇਹ ਗਲਤ ਸਿਆਸਤ ਖ਼ਿਲਾਫ ਨਾਬਰੀ ਦਾ ਘੋਲ ਹੈ। ਹੁਣ ਪੰਜਾਬ ਉੜਤਾ ਨਹੀਂ, ਸਗੋਂ ਪੰਜਾਬ ਜੁੜਤਾ ਹੈ। ਸਾਰੇ ਦੇਸ਼ ਨੂੰ ਜੋੜ ਰਿਹਾ ਹੈ। ਨੌਜਵਾਨਾਂ ਨੇ ਇਸ ਵਿਚ ਬਹੁਤ ਹੀ ਹਾਂ-ਪੱਖੀ ਰੋਲ ਅਦਾ ਕੀਤਾ ਹੈ। ਬੇਅੰਤ ਕੌਰ ਗਿੱਲ ਨੇ ਕਿਹਾ ਕਿ ਇਸ ਸੰਘਰਸ਼ ਤੋਂ ਏਕਤਾ ਦੀ ਪ੍ਰਾਪਤੀ ਵੀ ਹੋਈ ਹੈ। ਡਾ. ਬਲਕਾਰ ਸਿੰਘ ਨੇ ਉੱਠੇ ਸਵਾਲਾਂ ਦੇ ਜਵਾਬ ਵਿਸਥਾਰਪੂਰਵਕ ਦਿੱਤੇ ਅਤੇ ਗਿਆਨ ਸਿੰਘ ਡੀ.ਪੀ.ਆਰ.ਓ. ਨੇ ਸਭ ਦਾ ਧੰਨਵਾਦ ਕੀਤਾ। ਹੋਰਾਂ ਤੋਂ ਇਲਾਵਾਂ ਇਸ ਵੈਬੀਨਾਰ ਵਿਚ ਰਵਿੰਦਰ ਚੋਟ, ਵਰਿੰਦਰ ਸ਼ਰਮਾ ਐੱਮ.ਪੀ. ਯੂ.ਕੇ., ਰਣਜੀਤ ਧੀਰ ਯੂ.ਕੇ., ਹਰਜਿੰਦਰ ਵਾਲੀਆ, ਗੁਰਦੀਪ ਬੰਗੜ, ਡਾ. ਆਸਾ ਸਿੰਘ ਘੁੰਮਣ, ਡਾ. ਐੱਸ.ਐੱਲ. ਵਿਰਦੀ, ਬੰਸੋ ਦੇਵੀ, ਬਿਅੰਤ ਕੌਰ ਗਿੱਲ ਆਦਿ ਨੇ ਭਾਗ ਲਿਆ। ਪਰਵਿੰਦਰ ਜੀਤ ਸਿੰਘ ਨੇ ਇਸ ਵੈਬੀਨਾਰ ਵਿਚ ਤਕਨੀਕੀ ਹੋਸਟ ਦੀ ਜ਼ਿੰਮੇਵਾਰੀ ਨਿਭਾਈ।


Share