ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ”ਜਨ ਮਾਣਸ ਦੀ ਆਵਾਜ਼-ਕਿਸਾਨ ਅੰਦੋਲਨ” ਵਿਸ਼ੇ ‘ਤੇ ਕਰਵਾਇਆ ਵੈਬੀਨਾਰ

121
Share

-ਕੇਂਦਰ ਵਲੋਂ ਪਾਸ ਕੀਤੇ ਹੋਏ ਤਿੰਨੇ ਖੇਤੀ ਕਾਨੂੰਨ ਦੇਸ਼ ਦੀ ਕਿਸਾਨੀ ‘ਤੇ ਡੂੰਘਾ ਹਮਲਾ ਹੈ : ਡਾ. ਲਕਸ਼ਮੀ ਨਰਾਇਣ ਭੀਖੀ
-ਪੂੰਜੀਵਾਦ ਨੇ ਕਿਸਾਨ ਦੀ ਮਾਨਸਿਕਤਾ ਦਾ ਵਪਾਰੀਕਰਨ ਕਰਕੇ ਕਿਸਾਨ ਕੋਲੋਂ ‘ਅੰਨ ਦਾਤਾ ਵਾਲੀ ਦਿੱਖ ਖੋਹਣ ਦੀ ਕੋਸ਼ਿਸ਼ ਕੀਤੀ ਹੈ : ਮੰਚ
ਫਗਵਾੜਾ, 2 ਦਸੰਬਰ (ਪੰਜਾਬ ਮੇਲ)- ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਨੇ ਵੈਬੀਨਾਰਾਂ ਦੀ ਲੜੀ ਦਾ ਇਸ ਵਾਰ ਦਾ ਵੈਬੀਨਾਰ ਕਿਸਾਨ ਅੰਦੋਲਨ ਨੂੰ ਸਮਰਪਿਤ ਕਰਦਿਆਂ ”ਜਨ ਮਾਣਸ ਦੀ ਆਵਾਜ਼-ਕਿਸਾਨ ਅੰਦੋਲਨ” ਵਿਸ਼ੇ ‘ਤੇ ਵਿਚਾਰ-ਚਰਚਾ ਕਰਵਾਈ। ਇਸ ਵਿਚਾਰ-ਚਰਚਾ ਵਿਚ ਮੁੱਖ ਬੁਲਾਰੇ ਡਾ. ਲਕਸ਼ਮੀ ਨਰਾਇਣ ਭੀਖੀ ਨੇ ਦੱਸਿਆ ਕਿ ਹਰੀ ਕ੍ਰਾਂਤੀ ਨੇ ਕਿਸਾਨੀ ਨੂੰ ਬਹੁਤ ਡੂੰਘੀ ਸੱਟ ਮਾਰੀ ਹੈ। ਇਸ ਦੇ ਨਾਲ ਪੂੰਜੀਵਾਦ ਨੇ ਕਿਸਾਨ ਦੀ ਮਾਨਸਿਕਤਾ ਦਾ ਵਪਾਰੀਕਰਨ ਕਰ ਦਿੱਤਾ ਤੇ ਉਸ ਕੋਲੋਂ ‘ਅੰਨ ਦਾਤਾ’ ਵਾਲੀ ਦਿੱਖ ਖੋਹਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਕਿਸਾਨ ਦੀ ਮਾਂ ਹੈ, ਇਸ ਨਾਲ ਨਹੁੰ-ਮਾਸ ਦਾ ਰਿਸ਼ਤਾ ਹੈ। ਇਨ੍ਹਾਂ ਕਾਨੂੰਨਾਂ ਦੇ ਇਸ ਰਿਸ਼ਤੇ ‘ਤੇ ਸੱਟ ਮਾਰੀ ਹੈ। ਇਸ ਕਾਰਨ ਹੀ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਇਆ ਹੈ। ਕੇਂਦਰ ਵਲੋਂ ਕੀਤੇ ਜਾ ਰਹੇ ਕੇਂਦਰੀਕਰਨ ਬਾਰੇ ਕਿਸਾਨ ਸਮਝ ਗਿਆ ਹੈ ਕਿ ਇਹ ਦੇਸ਼ ਦੀ ਕਿਸਾਨੀ ‘ਤੇ ਡੂੰਘਾ ਹਮਲਾ ਹੈ। ਇਸ ਕਰਕੇ ਇਹ ਵੱਡਾ ਭਾਂਬੜ ਅੰਦੋਲਨ ਦੇ ਰੂਪ ਵਿਚ ਸਾਹਮਣੇ ਆਇਆ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਮਝਦਾ ਸੀ ਕਿ ਜਿਸ ਤਰ੍ਹਾਂ ਉਸ ਨੇ ਧੱਕੇ ਨਾਲ ਨੋਟਬੰਦੀ, ਜੀ.ਐੱਸ.ਟੀ., ਕਸ਼ਮੀਰ ‘ਚ ਧਾਰਾ 370 ਤੋੜਨਾ ਆਦਿ ਨੂੰ ਕਰਨ ਵਿਚ ਸਫ਼ਲ ਹੋ ਗਿਆ, ਉਹ ਉਸੇ ਤਰ੍ਹਾਂ ਕਿਸਾਨਾਂ ਨੂੰ ਵੀ ਧਾਰਾ 144 ਲੱਗਾ ਕੇ, ਡਰਾ ਕੇ ਆਪਣੇ ਮਨਸੂਬਿਆਂ ਵਿਚ ਕਾਮਯਾਬ ਹੋ ਜਾਵੇਗਾ। ਪਰ ਇਸ ਮੁੱਦੇ ‘ਤੇ ਮਜ਼ਦੂਰ, ਕਿਸਾਨ, ਆੜਤੀ, ਦੁਕਾਨਦਾਰ ਤੇ ਆਮ ਲੋਕ ਸਭ ਇਕੱਠੇ ਹੋ ਕੇ ਇਸ ਅੰਦਲਨ ਦਾ ਹਿੱਸਾ ਬਣ ਗਏ ਹਨ। ਉਨ੍ਹਾਂ ਨੇ ਕਿਸਾਨ ਆਗੂਆਂ ਨੂੰ ਜਾਗਰੂਕ ਕਰਦਿਆਂ ਆਖਿਆ ਕਿ ਇਸ ਲੜਾਈ ਦੇ ਅਗਲੇ ਪੜ੍ਹਾ ਨੂੰ ਸਿਆਣਪ ਨਾਲ ਸਾਂਭਣ ਦੀ ਲੋੜ ਹੈ, ਜਿਵੇਂ ਕੁਝ ਲੋਕ ਜਾਂ ਪਾਰਟੀਆਂ ਆਪਣੇ ਆਪ ਨੂੰ ਵੱਡੀਆਂ ਸਮਝਣ ਦੀ ਗਲਤੀ ਕਰਨਗੀਆਂ ਜਾਂ ਬੋਧਿਕ ਤੌਰ ‘ਤੇ ਜ਼ਿਆਦਾ ਸਿਆਣੇ ਸਮਝਣ ਦੀ ਗਲਤੀ ਕਰ ਸਕਦੀਆਂ ਹਨ। ਇਨ੍ਹਾਂ ਗੱਲਾਂ ਨਾਲ ਇਸ ਅੰਦੋਲਨ ਵਿਚ ਖਾੜਕੂ ਤੱਤ ਆ ਸਕਦਾ ਹੈ। ਜਿਹੜਾ ਕਿ ਲਹਿਰ ਲਈ ਘਾਤਕ ਹੋ ਸਕਦਾ ਹੈ। ਕੁਝ ਲੋਕ ਆਪਣੀ ਲੀਡਰੀ ਚਮਕਾਉਣ ਦੀ ਵੀ ਕੋਸ਼ਿਸ਼ ਕਰ ਸਕਦੇ ਹਨ। ਇਨ੍ਹਾਂ ਸਾਰੇ ਖਦਸ਼ਿਆਂ ਤੋਂ ਕਿਸਾਨ ਆਗੂਆਂ ਨੂੰ ਧਿਆਨ ਵਿਚ ਰੱਖ ਕੇ ਇਕਮੁੱਠ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਬਿਜਲੀ ਬਿੱਲ ‘ਤੇ ਵੀ ਚਰਚਾ ਕਰਦਿਆਂ ਆਖਿਆ ਕਿ ਇਸ ਨਾਲ ਆਮ ਜਨਤਾ ਅਤੇ ਛੋਟੇ ਕਾਰਖਾਨੇਦਾਰਾਂ ਲਈ ਵੀ ਬਿਜਲੀ ਬਹੁਤ ਮਹਿੰਗੀ ਹੋ ਜਾਵੇਗੀ। ਇਸਦਾ ਸਾਰੇ ਸਮਾਜ ‘ਤੇ ਹੀ ਅਸਰ ਪਵੇਗਾ।
ਉਨ੍ਹਾਂ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਮੁੜ ‘ਅੰਨ ਦਾਤੇ’ ਦਾ ਰੁਤਬਾ ਬਹਾਲ ਕਰਵਾਉਣ ਲਈ ‘ਕੁਦਰਤੀ ਖੇਤੀ’ ਵੱਲ ਮੁੜਨਾ ਪਵੇਗਾ। ਇਸ ਵਿਚ ਤਕਨੀਕ ਸਹਾਈ ਹੋ ਸਕਦੀ ਹੈ। ਇਸਦੇ ਨਾਲ ਖੇਤੀ ਸਹਿਯੋਗੀ ਉਦਯੋਗਾਂ ਦੀ ਵੀ ਲੋੜ ਪਵੇਗੀ। ਕਿਸਾਨੀ ਨੂੰ ਮਜ਼ਦੂਰ, ਆੜਤੀਏ, ਔਰਤਾਂ ਅਤੇ ਦਲਿਤਾਂ ਨੂੰ ਵੀ ਨਾਲ ਲੈ ਕੇ ਚੱਲਣਾ ਪਵੇਗਾ। ਇਸ ਗੱਲ ਦੀ ਤਸੱਲੀ ਹੈ ਕਿ ਕਿਸਾਨ ਯੂਨੀਅਨਾਂ ਨੇ ਸਾਂਝਾ ਮੁਹਾਜ਼ ਬਣਾਇਆ ਹੈ। ਅੱਗੋਂ ਲਈ ਇਹ ਨਿਰਣਾ ਕਰਨਾ ਪਵੇਗਾ ਕਿ ਕੌਣ ਦੁਸ਼ਮਣ ਹੈ ਤੇ ਕੌਣ ਮਿੱਤਰ ਹੈ? ਇਹ ਸਾਂਝੀ ਕਿਰਤ ‘ਤੇ ਹਮਲਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਲੀਡਰਾਂ ਨੂੰ ਇਹ ਸੋਚਣਾ ਪਵੇਗਾ ਕਿ ਲੋਟੂ ਤਾਕਤਾਂ/ਪੂੰਜੀਵਾਦੀ ਸ਼ਕਤੀਆਂ ਇਕੱਠੀਆਂ ਹੋ ਰਹੀਆਂ ਹਨ, ਇਸ ਲਈ ਸਾਨੂੰ ਵੀ ਲੁੱਟ ਹੋ ਰਹੀਆਂ ਜਮਾਤਾਂ ਨੂੰ ਇਕੱਠੇ ਹੋਣਾ ਪਵੇਗਾ। ਸਾਰੀਆਂ ਲੋਕ ਹਿੱਤ ਪਾਰਟੀਆਂ ਨੂੰ ਘੱਟੋ-ਘੱਟ ਸਾਂਝੇ ਪ੍ਰੋਗਰਾਮਾਂ ‘ਤੇ ਇਕੱਠੇ ਹੋਣਾ ਚਾਹੀਦਾ ਹੈ। ਇਸ ਅੰਦੋਲਨ ਵਿਚ ਜਿਹੜੇ ਪੰਜਾਬ ਨੂੰ ਨਸ਼ੇੜੀ ਦਾ ਖਿਤਾਬ ਦਿੰਦੇ ਸਨ, ਉਨ੍ਹਾਂ ਨੂੰ ਨੌਜਵਾਨਾਂ ਨੇ ਦਿੱਲੀ ਪਹੁੰਚ ਕੇ ਵਧੀਆ ਜੁਆਬ ਦਿੱਤਾ ਹੈ। ਉਹ ਇਸ ਸੰਘਰਸ਼ ਵਿਚ ਅੱਗੇ ਆਏ ਹਨ ਅਤੇ ਹੁਣ ਤੱਕ ਇਹ ਸੰਘਰਸ਼ ਜੋਸ਼ ਤੇ ਹੋਸ਼ ਨਾਲ ਲੜਿਆ ਗਿਆ ਹੈ। ਆਸ ਹੈ ਕਿ ਅੱਗੋਂ ਦੇ ਪੜਾਅ ਵੀ ਇਸੇ ਤਰ੍ਹਾਂ ਸੰਜਮ ਨਾਲ ਲੜੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਕੇਂਦਰ ਕੋਲ ਕਿਸਾਨੀ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ ਤੇ ਨਾ ਹੀ ਕਿਸਾਨੀ ਕੋਲ ਕੋਈ ਅਗਾਂਹ ਵਾਧੂ ਮਾਡਲ ਹੈ। ਰਾਜਨੀਤਿਕ ਪਾਰਟੀਆਂ ਸਿਰਫ਼ ਕਿਸਾਨ ਪੱਖੀ ਹੋਣ ਦਾ ਢੌਂਗ ਕਰ ਰਹੀਆਂ ਹਨ ਤੇ ਇਸ ਨਾਜ਼ੁਕ ਸਮੇਂ ਵਿਚ ਵੀ ਰਾਜਨੀਤੀ ਕਰ ਰਹੀਆਂ ਹਨ। ਕਿਸਾਨ ਆਗੂਆਂ ਨੂੰ ਹੁਣ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਗੁਰਮੀਤ ਸਿੰਘ ਪਲਾਹੀ ਪ੍ਰਧਾਨ ਦੀ ਅਗਵਾਈ ‘ਚ ਕਰਵਾਏ ਵੈਬੀਨਾਰ ‘ਚ ਅੱਗੋਂ ਚਰਚਾ ਕਰਦਿਆਂ ਸ਼੍ਰੀ ਕੰਵਲਜੀਤ ਅਤੇ ਡਾ. ਗਿਆਨ ਸਿੰਘ ਨੇ ਦੱਸਿਆ ਕਿ ਕਿਸਾਨ ਕਿਸੇ ਭੈਅ ਵਿਚ ਨਹੀਂ ਹਨ, ਸਗੋਂ ਬਹੁਤ ਹੀ ਸਹਿਜ ਹੋ ਕੇ ਇਹ ਲੜਾਈ ਲੜ ਰਹੇ ਹਨ। ਕਿਸਾਨਾਂ ਨੇ ਹੁਣ ਆਪਣੀਆਂ ਅੱਠ ਮੰਗਾਂ ‘ਤੇ ਕੇਂਦਰਿਤ ਹੋਣ ਦਾ ਫ਼ੈਸਲਾ ਕੀਤਾ ਹੈ। ਡਾ. ਹਰਜਿੰਦਰ ਵਾਲੀਆ ਨੇ ਮੋਹਣ ਸਿੰਘ ਦੀ ਕਵਿਤਾ ਦੀ ਉਦਾਹਰਣ ਦਿੱਤੀ ਕਿ ਹੁਣ ਜੋਕਾਂ ਤੇ ਲੋਕਾਂ ਵਿਚ ਲੜਾਈ ਹੈ। ਇਹ ਜੰਗ ਹਿੰਦ ਤੇ ਪੰਜਾਬ ਵਿਚ ਹੈ ਇਥੋਂ ਤੱਕ ਕਿ ਹਿੰਦ ਦੀ ਹਿੰਦ ਨਾਲ ਜੰਗ ਹੈ ਕਿਉਂਕਿ ਹੋਰ ਸੂਬੇ ਵੀ ਇਸ ਵਿਚ ਸਹਿਯੋਗ ਕਰ ਰਹੇ ਹਨ। ਇਹ ਜੰਗ ਬਹੁਤ ਹੀ ਵਧੀਆ ਵਿਉਂਤਬੰਦੀ ਨਾਲ ਚੱਲ ਰਹੀ ਹੈ। ਗੁਰਚਰਨ ਨੂਰਪੁਰ, ਡਾ. ਆਸਾ ਸਿੰਘ ਘੁੰਮਣ, ਚਰਨਜੀਤ ਸਿੰਘ ਗੁੰਮਟਾਲਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਆਖਿਆ ਕਿ ਪੂੰਜੀਵਾਦ ਜਾਂ ਕਾਰਪੋਰੇਟ ਸੈਕਟਰ ਨੇ ਰਾਜ ਨੇਤਾਵਾਂ ਨੂੰ ਆਪਣੇ ਕਰਿੰਦੇ ਬਣਾ ਲਿਆ ਹੈ। ਉਹ ਉਨ੍ਹਾਂ ‘ਤੇ ਆਪਣੀ ਮਰਜ਼ੀ ਨਾਲ ਲੇਖ ਲੈਂਦੇ ਹਨ। ਪੰਜਾਬੀ ਖਾਸੇ ਨੂੰ ਇਸ ਲੜਾਈ ਵਿਚ ਵੀ ਦੁਸ਼ਮਣਾਂ ਨੂੰ ਖਾਣਾ ਖੁਆ ਕੇ ਕਾਇਮ ਰੱਖਿਆ ਜਾ ਰਿਹਾ ਹੈ।
ਉਨ੍ਹਾਂ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਕਿ ਉਹ ਰਾਜ ਕਰਦੇ ਲੋਕਾਂ ਦੇ ਖਾਸੇ ਬਾਰੇ ਆਮ ਲੋਕਾਂ ਨੂੰ ਸਮਝਾਉਣ। ਪ੍ਰੋ. ਰਣਜੀਤ ਧੀਰ ਨੇ ਇਸ ਗੱਲ ‘ਤੇ ਤਸੱਲੀ ਪ੍ਰਗਟ ਕੀਤੀ ਕਿ ਇਹ ਸੰਘਰਸ਼ ਲੀਡਰਾਂ ਦੀ ਸਿਆਣਪ ਕਰਕੇ ਹਿੰਸਾਆਤਮਕ ਹੋਣ ਤੋਂ ਬਚ ਗਿਆ। ਉਨ੍ਹਾਂ ਇਹ ਖਦਸ਼ਾ ਪ੍ਰਗਟ ਕੀਤਾ ਕਿ ਕਿਸਾਨੀ ਹੁਣ ਪੁਰਾਣੇ ਜ਼ਮਾਨੇ ਵੱਲ ਨਹੀਂ ਮੁੜ ਸਕਦੀ, ਕਿਉਂਕਿ ਸਮਾਂ ਹਰ ਤਰ੍ਹਾਂ ਬਦਲ ਗਿਆ ਹੈ। ਰਵਿੰਦਰ ਸਹਿਰਾਅ ਨੇ ਇਸ ਸੰਘਰਸ਼ ਨੂੰ ਵਿਗਿਆਨ ਨਜ਼ਰੀਏ ਤੋਂ ਵਾਚਣ ਦੀ ਲੋੜ ਮਹਿਸੂਸ ਕੀਤੀ। ਨੌਜਵਾਨਾਂ ਦੀ ਵਧੀਆ ਸੋਚ ਸਾਹਮਣੇ ਆਈ ਹੈ। ਇਹ ਸੰਘਰਸ਼ ਬਹੁਤ ਲੰਬਾ ਹੈ। ਮਜ਼ਦੂਰਾਂ ਤੇ ਦਲਿਤਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਇਸ ਸੰਘਰਸ਼ ਦਾ ਸਾਹਿਤਕ ਰੰਗ ਵੀ ਇੱਕ ਵਧੀਆ ਪੱਖ ਹੈ।
ਕੇਹਰ ਸ਼ਰੀਫ ਅਤੇ ਡਾ. ਲਕਸ਼ਮੀ ਨਰਾਇਣ ਭੀਖੀ ਨੇ ਇਸ ਅੰਦੋਲਨ ਨਾਲ ਸਬੰਧਤ ਕਵਿਤਾਵਾਂ ਸੁਣਾਈਆਂ। ਹੋਰਾਂ ਤੋਂ ਇਲਾਵਾ ਸੰਸਥਾ ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ਵਿਚ ਚਰਨਜੀਤ ਸਿੰਘ ਗੁੰਮਟਾਲਾ, ਜਗਦੀਪ ਕਾਹਲੋਂ, ਰਵਿੰਦਰ ਸਹਿਰਾਅ, ਆਸਾ ਸਿੰਘ ਘੁੰਮਣ, ਰਵਿੰਦਰ ਚੋਟ, ਪਰਵਿੰਦਰਜੀਤ ਸਿੰਘ, ਡਾ. ਗਿਆਨ ਸਿੰਘ, ਕੇਹਰ ਸ਼ਰੀਫ, ਪ੍ਰੋ. ਰਣਜੀਤ ਧੀਰ, ਡਾ. ਹਰਜਿੰਦਰ ਵਾਲੀਆ ਅਤੇ ਕਮਲਜੀਤ ਆਦਿ ਨੇ ਇਸ ਚਰਚਾ ਵਿਚ ਭਰਪੂਰ ਹਿੱਸਾ ਪਾਇਆ। ਅੰਤ ਵਿਚ ਗਿਆਨ ਸਿੰਘ ਡੀ.ਪੀ.ਆਰ.ਓ. ਨੇ ਸਾਰੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ।


Share