ਪੰਚਕੂਲਾ ਹਿੰਸਾ ਮਾਮਲੇ ਵਿਚ ਡੇਰਾ ਮੁਖੀ ਤੋਂ ਮੁੜ ਹੋਵੇਗੀ ਪੁਛਗਿੱਛ

ਪੰਚਕੂਲਾ, 28 ਦਸੰਬਰ (ਪੰਜਾਬ ਮੇਲ)-ਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਸਥਿਤ ਸੀਬੀਆਈ ਦੀ ਅਦਾਲਤ ਵਿਚ 25 ਅਗਸਤ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਹੋਈ ਹਿੰਸਾ ਮਾਮਲੇ ਵਿਚ ਡੇਰਾ ਮੁਖੀ ਤੋਂ ਮੁੜ ਪੁਛਗਿੱਛ ਹੋਵੇਗੀ। ਪਹਿਲਾਂ ਹੋਈ ਪੁਛਗਿੱਛ ਨਾਲ ਪੁਲਿਸ ਨੂੰ ਡੇਰਾ ਮੁਖੀ ਕੋਲੋਂ ਮਿਲੀ ਜਾਣਕਾਰੀਆਂ ਦੇ ਆਧਾਰ ‘ਤੇ ਤਮਾਮ ਪਹਿਲੂਆਂ ‘ਤੇ ਛਾਣਬੀਣ ਵੀ ਜਾਰੀ ਹੈ। ਮੰਨਿਆ ਜਾ ਰਿਹਾ ਹੈ ਕਿ ਦੂਜੀ ਵਾਰ ਹੋਣ ਵਾਲੀ ਪੁਛਗਿੱਛ ਵਿਚ ਇਸ ਮਾਮਲੇ ਨਾਲ ਜੁੜੇ ਕੁਝ ਹੋਰ ਤੱਥਾਂ ਦਾ ਖੁਲਾਸਾ ਹੋਵੇਗਾ। ਇਸ ਤੋਂ ਬਾਅਦ ਹਿੰਸਾ ਮਾਮਲੇ ਵਿਚ ਕੁਝ ਹੋਰ ਗ੍ਰਿਫ਼ਤਾਰੀਆਂ ਵੀ ਹੋਣਗੀਆਂ। ਕੁਝ ਦਿਨ ਪਹਿਲਾਂ ਪੁਲਿਸ ਦੀ ਟੀਮ ਨੇ ਸਿਰਸਾ ਸਥਿਤ ਡੇਰੇ ਦਾ ਨਿਰੀਖਣ ਕੀਤਾ ਸੀ ਤਾਕਿ 17 ਅਗਸਤ ਦੀ ਮੀਟਿੰਗ ਨੂੰ ਲੈ ਕੇ ਕੁਝ ਹੋਰ ਜਾਣਕਾਰੀਆਂ ਹਾਸਲ ਹੋ ਸਕਣ। ਹਿੰਸਾ ਦੀ ਸਾਜ਼ਿਸ਼ ਇਸੇ ਮੀਟਿੰਗ ਵਿਚ ਰਚੀ ਸੀ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਵਿਚ ਸ਼ਾਮਲ ਸਾਰੇ ਦੋਸ਼ੀਆਂ ‘ਤੇ ਗ੍ਰਿਫਤਾਰੀ ਦੀ ਗਾਜ ਡਿੱਗੇਗੀ। ਜੇਕਰ ਇਸ ਮੀਟਿੰਗ ਵਿਚ ਸ਼ਾਮਲ ਕੁਝ ਹੋਰ ਲੋਕ ਸਿੱਧੇ ਤੌਰ ‘ਤੇ ਹਿੰਸਾ ਮਾਮਲੇ ਨਾਲ ਸਬੰਧਤ ਨਾ ਰਹੇ ਹੋਣ ਤਾਂ ਵੀ ਉਨ੍ਹਾਂ ਕੋਲੋਂ ਪੁਛਗਿੱਛ ਕੀਤੀ ਜਾਵੇਗੀ।