ਪੰਚਕੂਲਾ ’ਚ ਸ਼ਰਧਾਲੂ ਹੀ ਨਹੀਂ, ਸਗੋਂ ਦਿਹਾੜੀ ‘ਤੇ ਲਿਆਂਦੇ ਵੀ ਲੋਕ ਸੀ ਸ਼ਾਮਲ

ਸਿਰਸਾ, 26 ਅਗਸਤ (ਪੰਜਾਬ ਮੇਲ)- ਪੰਚਕੂਲਾ ’ਚ ਡੇਰਾ ਮੁਖੀ ਦਾ ਫ਼ੈਸਲਾ ਸੁਣਨ ਵਾਲਿਆਂ ’ਚ ਸਿਰਫ਼ ਸ਼ਰਧਾਲੂ ਹੀ ਨਹੀਂ ਸਗੋਂ ਦਿਹਾੜੀ ’ਤੇ ਲਿਆਂਦੇ ਗਏ ਲੋਕ ਵੀ ਸ਼ਾਮਲ ਸਨ। ਜਾਣਕਾਰੀ ਅਨੁਸਾਰ ਵੱਡੀ ਗਿਣਤੀ ’ਚ ਲੋਕਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੀ ਦਿਹਾੜੀ ’ਤੇ ਲਿਆਂਦਾ ਗਿਆ ਸੀ। ਅਦਾਲਤ ਅਤੇ ਅਧਿਕਾਰੀਆਂ ’ਤੇ ਦਬਾਅ ਬਣਾਉਣ ਦੀ ਚਾਲ ਤਹਿਤ ਡੇਰਾ ਮੈਨੇਜਰਾਂ ਨੇ ਗਰੀਬ ਲੋਕਾਂ ਨੂੰ ਪੰਚਕੂਲਾ ਭੇਜਣ ਲਈ ਮੁਫ਼ਤ ਭੋਜਨ ਦੇ ਨਾਲ ਇਕ-ਇਕ ਹਜ਼ਾਰ ਰੁਪਏ ਦਿਹਾੜੀ ਦੇਣ ਦੀ ਪੇਸ਼ਕਸ਼ ਕੀਤੀ ਸੀ। ਸਿਰਸਾ ’ਚ ਇਕ ਕਾਰੋਬਾਰੀ ਨੇ ਦੱਸਿਆ,‘‘ਸਾਡੀ ਨੌਕਰਾਣੀ ਨੇ ਵੀਰਵਾਰ ਤੋਂ ਕੰਮ ’ਤੇ ਆਉਣਾ ਬੰਦ ਕਰ ਦਿੱਤਾ ਸੀ। ਜਦੋਂ ਮੋਬਾਈਲ ’ਤੇ ਸੰਪਰਕ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਡੇਰਾ ਸ਼ਰਧਾਲੂਆਂ ਨਾਲ ਪੰਚਕੂਲਾ ਜਾ ਰਹੀ ਹੈ। ਸਾਡੇ ਗੁਆਂਢੀ ਨੇ ਵੀ ਦੱਸਿਆ ਕਿ ਉਨ੍ਹਾਂ ਦੀ ਨੌਕਰਾਣੀ ਵੀ ਪੰਚਕੂਲਾ ਗਈ ਹੈ ਅਤੇ ਡੇਰਾ ਉਨ੍ਹਾਂ ਨੂੰ ਦਿਹਾੜੀ ਦੇ ਰਿਹਾ ਹੈ।’’ ਉਸ ਨੇ ਦੱਸਿਆ ਕਿ ਹਿੰਸਾ ਮਗਰੋਂ ਉਨ੍ਹਾਂ ਦੀ ਨੌਕਰਾਣੀ ਨਹੀਂ ਪਰਤੀ ਹੈ। ਇਕ ਸਰਕਾਰੀ ਡਾਕਟਰ, ਜਿਸ ਦਾ ਪਿੰਡ ਹਿਸਾਰ ਜ਼ਿਲ੍ਹੇ ’ਚ ਪੈਂਦਾ ਹੈ, ਨੇ ਦੱਸਿਆ ਕਿ ਉਸ ਦੇ ਪਿੰਡ ’ਚ ਐਲਾਨ ਕੀਤਾ ਗਿਆ ਕਿ ਜੋ ਪੰਚਕੂਲਾ ਜਾਵੇਗਾ, ਉਸ ਨੂੰ ਇਕ ਹਜ਼ਾਰ ਰੁਪਏ ਦਿਹਾੜੀ ਦਿੱਤੀ ਜਾਵੇਗੀ। ਉਸ ਨੇ ਦਾਅਵਾ ਕੀਤਾ ਕਿ ਪਿੰਡ ’ਚੋਂ 100 ਤੋਂ ਜ਼ਿਆਦਾ ਔਰਤਾਂ ਡੇਰਾ ਸ਼ਰਧਾਲੂਆਂ ਨਾਲ ਗਈਆਂ। ਉਂਜ ਡੇਰੇ ਦੇ ਤਰਜਮਾਨ ਨੇ ਲੋਕਾਂ ਨੂੰ ਦਿਹਾੜੀ ’ਤੇ ਲੈ ਕੇ ਜਾਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਪੰਚਕੂਲਾ ਆਪਣੇ ਆਪ ਪਹੁੰਚੇ ਹਨ। ਸੂਤਰਾਂ ਮੁਤਾਬਕ ਡੇਰੇ ਦੀ ਯੋਜਨਾ ਸੀ ਕਿ ਪੰਚਕੂਲਾ ’ਚ ਅਦਾਲਤੀ ਕੰਪਲੈਕਸ ਨੂੰ ਪੂਰਾ ਘੇਰਾ ਪਾ ਲਿਆ ਜਾਵੇ ਪਰ ਥੋੜੀ ਚੌਕਸੀ ਕਰਕੇ ਉਹ ਨਾਕਾਮ ਹੋ ਗਏ। ਸੂਤਰਾਂ ਨੇ ਕਿਹਾ ਕਿ ਲੋਕਾਂ ਖਾਸ ਕਰਕੇ ਔਰਤਾਂ ਨੇ ਅਦਾਲਤ ਦੇ ਬਾਹਰ ਚਾਰੇ ਪਾਸੇ ਚੌਕੜੀ ਮਾਰ ਕੇ ਬੈਠ ਜਾਣਾ ਸੀ ਜਿਸ ਕਾਰਨ ਫ਼ੈਸਲਾ ਸੁਣਾਉਣਾ ਤਾਂ ਦੂਰ ਦੀ ਗੱਲ, ਅਦਾਲਤ ਲਗਣੀ ਵੀ ਮੁਸ਼ਕਲ ਹੋ ਜਾਣੀ ਸੀ। ਸਿਰਸਾ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਡੇਰੇ ਦੇ ਸ਼ਰਧਾਲੂ ਅਜਿਹਾ ਕਾਰਾ ਪਹਿਲਾਂ ਕਈ ਵਾਰ ਕਰ ਚੁੱਕੇ ਸਨ।