ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਾਤਾ ਜੀ ਨੂੰ ਸ਼ਰਧਾਂਜਲੀਆਂ ਭੇਂਟ

71
Share

ਯੂਬਾ ਸਿਟੀ, 6 ਜਨਵਰੀ (ਪੰਜਾਬ ਮੇਲ)- ਫਾਂਸੀ ਦੀ ਸਜ਼ਾਯਾਫਤਾ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਸਤਿਕਾਰਯੋਗ ਮਾਤਾ ਬੀਬੀ ਉਪਕਾਰ ਕੌਰ ਜੀ ਪਿਛਲੇ ਦਿਨੀਂ ਪਰਲੋਕ ਸਿਧਾਰ ਗਏ ਸਨ। ਉਨ੍ਹਾਂ ਦਾ ਸਸਕਾਰ ਯੂਬਾ ਸਿਟੀ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਕੈਲੀਫੋਰਨੀਆ ਦੇ ਵੱਖ-ਵੱਖ ਸਿੱਖ ਆਗੂਆਂ ਨੇ ਬੀਬੀ ਉਪਕਾਰ ਕੌਰ ਜੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਨ੍ਹਾਂ ਆਗੂਆਂ ਬੀਬੀ ਉਪਕਾਰ ਕੌਰ ਜੀ ਦੇ ਜੀਵਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ¿; ਇਸ ਪਰਿਵਾਰ ਦੀ ਸਿੱਖ ਕੌਮ ਨੂੰ ਬੜੀ ਵੱਡੀ ਦੇਣ ਹੈ। ਜਿੱਥੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ, ਉਥੇ ਉਨ੍ਹਾਂ ਦੇ ਪਿਤਾ ਬਲਵੰਤ ਸਿੰਘ ਭੁੱਲਰ ਅਤੇ ਮਾਸੜ ਨੂੰ ਵੀ ਪੁਲਿਸ ਨੇ ਸ਼ਹੀਦ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਦਵਿੰਦਰਪਾਲ ਸਿੰਘ ਭੁੱਲਰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਖੇ ਬਤੌਰ ਪ੍ਰੋਫੈਸਰ ਨੌਕਰੀ ਕਰਦੇ ਸਨ। ਬੀਬੀ ਉਪਕਾਰ ਕੌਰ ਜੀ ਨੇ ਆਪਣੇ ਜੀਵਨ ਵਿਚ ਬਹੁਤ ਕਸ਼ਟ ਝੱਲੇ। ਹੁਣ ਵੀ ਉਹ ਲੰਮੇ ਸਮੇਂ ਤੋਂ ਬਿਮਾਰ ਸਨ ਤੇ ਆਖਰ ਪਿਛਲੇ ਦਿਨੀਂ ਉਹ ਪਰਲੋਕ ਸਿਧਾਰ ਗਏ।
ਸ਼ਰਧਾਂਜਲੀਆਂ ਦੇਣ ਵਾਲਿਆਂ ਵਿਚ ਹਰਬੰਸ ਸਿੰਘ ਪੰਮਾ, ਜਸਵੰਤ ਸਿੰਘ ਹੋਠੀ, ਜਸਵਿੰਦਰ ਸਿੰਘ ਜੰਡੀ, ਸਰਬਜੋਤ ਸਿੰਘ ਸਵੱਦੀ, ਸੰਦੀਪ ਸਿੰਘ ਜੈਂਟੀ ਵੀ ਸ਼ਾਮਲ ਸਨ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅੱਜਕੱਲ੍ਹ ਪਰੋਲ ’ਤੇ ਹਨ। ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੀ ਮਾਤਾ ਜੀ ਦੇ ਅੰਤਿਮ ਸਸਕਾਰ ਨੂੰ ਦੇਖਿਆ ਅਤੇ ਆਈ ਸੰਗਤ ਨੂੰ ਫਤਿਹ ਬੁਲਾਈ।

Share